ਇਕ ਅੰਗ ਦਾਨੀ ਦੇ ਸਕਦਾ ਹੈ ਕਈਆਂ ਨੂੰ ਨਵੀਂ ਜ਼ਿੰਦਗੀ, ਲੋੜ ਹੈ ਜਾਗਰੂਕਤਾ ਪੈਦਾ ਕਰਨ ਦੀ
Thursday, Jan 02, 2025 - 03:05 AM (IST)
ਕਈ ਵਾਰ ਕਿਸੇ ਹਾਦਸੇ ’ਚ ਵਿਅਕਤੀ ਦੇ ‘ਬ੍ਰੇਨ ਡੈੱਡ’ ਹੋ ਜਾਣ ’ਤੇ ਉਸ ਦਾ ਬਚਣਾ ਮੁਸ਼ਕਿਲ ਹੁੰਦਾ ਹੈ। ਤਦ ਅਜਿਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਨ ਕੀਤੇ ਉਸ ਦੇ ਅੰਗ ਮੌਤ ਕਿਨਾਰੇ ਪਏ ਹੋਰ ਰੋਗੀਆਂ ਦੀ ਜ਼ਿੰਦਗੀ ਬਚਾ ਸਕਦੇ ਹਨ।
‘ਬ੍ਰੇਨ ਡੈੱਡ’ ਹੋਣ ’ਤੇ ਦਿਮਾਗ ਦੀਆਂ ਸਾਰੀਆਂ ਸਰਗਰਮੀਆਂ ਸਥਾਈ ਤੌਰ ’ਤੇ ਬੰਦ ਹੋ ਜਾਂਦੀਆਂ ਹਨ। ਸਾਹ ਲੈਣ ਅਤੇ ਦਿਲ ਦੇ ਧੜਕਨ ਵਰਗੀਆਂ ਸਰੀਰ ਦੀਆਂ ਬੁਨਿਆਦੀ ਕਿਰਿਆਵਾਂ ਨੂੰ ਕੰਟਰੋਲ ਕਰਨ ਵਾਲਾ ‘ਬ੍ਰੇਨ ਸਟੈੱਮ’ ਵੀ ਕੰਮ ਕਰਨਾ ਬੰਦ ਕਰ ਦਿੰਦਾ ਅਤੇ ਸਰੀਰ ਕੋਈ ਪ੍ਰਤੀਕਿਰਿਆ ਨਹੀਂ ਕਰਦਾ। ਅਜਿਹੇ ’ਚ ਅੰਗ ਦਾਨ ਕੀਤਾ ਜਾ ਸਕਦਾ ਹੈ।
ਭਾਰਤ ’ਚ ਲਗਭਗ 2,00,000 ਰੋਗੀਆਂ ’ਚ ਕਿਡਨੀ ਟਰਾਂਸਪਲਾਂਟ ਦੀ ਲੋੜ ਦੇ ਮੁਕਾਬਲੇ ਸਿਰਫ 6 ,000 ਕਿਡਨੀ ਹੀ ਟਰਾਂਸਪਲਾਟ ਹੁੰਦੀ ਹੈ। ਦਿਲ ਅਤੇ ਹੋਰ ਅੰਗਾਂ ਦੇ ਟਰਾਂਸਪਲਾਂਟ ਦੀ ਦਰ ਤਾਂ ਹੋਰ ਵੀ ਘੱਟ ਹੈ। ‘ਦਿਲ ਦੇ ਵਾਲਵ’ ਦੇ ਦਾਨ ਨਾਲ ਨੁਕਸਾਨ ਪੁੱਜੇ ਦਿਲ ਦੇ ਵਾਲਵ ਵਾਲਿਆਂ ਦੀ ਜ਼ਿੰਦਗੀ ਵੀ ਬਚਾਈ ਜਾ ਸਕਦੀ ਹੈ।
ਇਸੇ ਕਾਰਨ ਸਮਾਜ ਦੇ ਜਾਗਰੂਕ ਲੋਕ ‘ਬ੍ਰੇਨ ਡੈੱਡ’ ਭਾਵ ਹਾਦਸੇ ਦੇ ਸ਼ਿਕਾਰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੇ ਅੰਗ ਦਾਨ ਕਰ ਕੇ ਮੌਤ ਦੀ ਛਾਂ ’ਚ ਪਏ ਦੂਜੇ ਲੋਕਾਂ ਨੂੰ ਜੀਵਨ ਦਾਨ ਦੇ ਰਹੇ ਹਨ, ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 26 ਸਤੰਬਰ, 2024 ਨੂੰ ਮਹਿਸਾਣਾ (ਗੁਜਰਾਤ) ਵਿਚ ਡਾਕਟਰਾਂ ਵੱਲੋਂ ‘ਬ੍ਰੇਨ ਡੈੱਡ’ ਐਲਾਨੀ ‘ਰੰਜਨ ਬੇਨ’ ਨਾਂ ਦੀ ਔਰਤ ਦੇ ਪਤੀ ਨੇ ਉਸ ਦਾ ਦਿਲ, ਲਿਵਰ ਅਤੇ ਦੋ ਕਿਡਨੀਆਂ ਵੱਖ-ਵੱਖ ਹਸਪਤਾਲਾਂ ਨੂੰ ਦਾਨ ਕਰ ਦਿੱਤੀਆਂ ਜਿਸ ਨਾਲ ਚਾਰ ਲੋੜਵੰਦਾਂ ਨੂੰ ਜੀਵਨਦਾਨ ਮਿਲਿਆ।
* 29 ਸਤੰਬਰ ਨੂੰ ਸੂਰਤ ਦੇ ਇਕ ਪਰਿਵਾਰ ਨੇ ਆਪਣੀ 6 ਸਾਲਾ ਬੱਚੀ ਦੇ ‘ਬ੍ਰੇਨ ਡੈੱਡ’ ਹੋਣ ਪਿੱਛੋਂ ਉਸ ਦਾ ਲਿਵਰ, ਦੋਵੇਂ ਕਿਡਨੀਆਂ ਅਤੇ ਦੋਵੇਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਜਿਸ ਨਾਲ 4 ਲੋੜਵੰਦ ਰੋਗੀਆਂ ਨੂੰ ਲਾਭ ਪੁੱਜਾ।
* 29 ਅਕਤੂਬਰ ਨੂੰ ਪੀ. ਜੀ. ਆਈ. ਚੰਡੀਗੜ੍ਹ ’ਚ ਇਲਾਜ ਅਧੀਨ ਕੀਨੀਆ ਦੇ 2 ਸਾਲਾ ‘ਬ੍ਰੇਨ ਡੈੱਡ’ ਬਾਲਕ ‘ਲੁੰਡਾ ਕਯੁੰਬਾ’ ਦੇ ਪਿੱਤੇ (ਪੈਨਕ੍ਰੀਆਸ), ਕਿਡਨੀ ਅਤੇ ਉਸ ਦੀਆਂ ਅੱਖਾਂ ਦੀ ਕਾਰਨੀਆ ਦੇ ਦਾਨ ਨਾਲ 4 ਲੋੜਵੰਦਾਂ ਨੂੰ ਨਵਾਂ ਜੀਵਨ ਮਿਲਿਆ।
* 13 ਦਸੰਬਰ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ’ਚ ਇਕ ‘ਬ੍ਰੇਨ ਡੈੱਡ’ ਰੋਗਣ ਦੇ ਪਰਿਵਾਰ ਵੱਲੋਂ ਦਾਨ ਕੀਤੀ ਗਈ ਕਿਡਨੀ ਨੂੰ ਇਕ ਲੋੜਵੰਦ ਰੋਗੀ ਦੇ ਸਰੀਰ ’ਚ ‘ਆਈਕਾਈ ਹਸਪਤਾਲ’ ਦੇ ਡਾਕਟਰ ਬੀ. ਐੱਸ. ਔਲਖ ਨੇ ਟਰਾਂਸਪਲਾਂਟ ਕੀਤਾ।
*18 ਦਸੰਬਰ ਨੂੰ ਪੁਣੇ ’ਚ ਇਕ ਸੜਕ ਹਾਦਸੇ ਕਾਰਨ ‘ਬ੍ਰੇਨ ਡੈੱਡ’ ਹੋਈ ਜੈਸਲਮੇਲ ਦੇ ‘ਖੇਤੋਲਾਈ’ ਪਿੰਡ ਦੀ ਟ੍ਰੇਨੀ ਪਾਇਲਟ ‘ਚੇਸ਼ਟਾ ਬਿਸ਼ਨੋਈ’ ਦੇ ਪਰਿਵਾਰ ਨੇ ਉਸ ਦੇ ਸਾਰੇ ਅੰਗ ਦਾਨ ਕਰ ਦਿੱਤੇ ਜਿਨ੍ਹਾਂ ਨਾਲ 8 ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਮਿਲੀ।
* 31 ਦਸੰਬਰ ਨੂੰ ਇੰਦੌਰ ’ਚ ਇਕ ‘ਬ੍ਰੇਨ ਡੈੱਡ’ ਵਿਅਕਤੀ ‘ਸੁਰਿੰਦਰ ਪੋਰਵਾਲ’ ਦੇ ਪਰਿਵਾਰ ਵੱਲੋਂ ਦਾਨ ਕੀਤੇ ਗਏ ਲਿਵਰ ਅਤੇ ਦੋਵੇਂ ਹੱਥ ਇਕ ਵਿਸ਼ੇਸ਼ ਜਹਾਜ਼ ਰਾਹੀ ਮੁੰਬਈ ਭੇਜੇ ਗਏ ਜਿਸ ਦੇ ਦੋਵਾਂ ਹੱਥਾਂ ਨੇ ਬਿਜਲੀ ਦਾ ਝਟਕਾ ਲੱਗਣ ਕਾਰਨ ਕੁਝ ਸਾਲ ਪਹਿਲਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਹੀ ਨਹੀਂ, ਪੋਰਵਾਲ ਦੀਆਂ ਦੋਵੇਂ ਕਿਡਨੀਆਂ ਇੰਦੌਰ ਦੇ ਹਸਪਤਾਲ ’ਚ ਦੋ ਲੋੜਵੰਦਾਂ ਨੂੰ ਲਾਈਆਂ ਗਈਆਂ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਚਮੜੀ ਅਤੇ ਅੱਖਾਂ ਵੀ ਦਾਨ ਕਰ ਦਿੱਤੀਆਂ ਹਨ। ਸੁਰਿੰਦਰ ਪੋਰਵਾਲ ਦੇ ਸਾਰੇ ਅੰਗ ਕੱਢਣ ਪਿੱਛੋਂ ਲਾਲ ਕਾਰਪੈੱਟ ਵਿਛਾ ਕੇ ਐਂਬੂਲੈਂਸ ’ਚ ਰੱਖ ਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵਿਦਾਈ ਦਿੱਤੀ।
* 31 ਦਸੰਬਰ, 2024 ਨੂੰ ਹੀ ਜੈਪੁਰ ਐੱਸ. ਐੱਮ. ਐੱਸ. ਹਸਪਤਾਲ ’ਚ ‘ਨੀਮਕਾਥਾਨਾ’ ਨਿਵਾਸੀ ਇਕ ‘ਬ੍ਰੇਨ ਡੈੱਡ’ ਰੋਗੀ ਦੇ ਦਿਲ ਅਤੇ ਕਿਡਨੀ ਨੂੰ ਐੱਸ. ਐੱਮ. ਐੱਸ. ਹਸਪਤਾਲ ’ਚ ਹੀ ਦੋ ਲੋੜਵੰਦ ਰੋਗੀਆਂ ਦੇ ਸਰੀਰ ’ਚ ਟਰਾਂਸਪਲਾਂਟ ਕਰ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ ਜਦਕਿ ਉਸ ਦਾ ਲਿਵਰ ‘ਗ੍ਰੀਨ ਕਾਰੀਡੋਰ’ ਰਾਹੀਂ ਜੋਧਪੁਰ ‘ਏਮਜ਼’ ਵਿਚ ਭੇਜਿਆ ਗਿਆ।
* ਅਤੇ ਹੁਣ 1 ਜਨਵਰੀ, 2025 ਨੂੰ ਜੂਨਾਗੜ੍ਹ (ਗੁਜਰਾਤ) ’ਚ ਡਾਕਟਰਾਂ ਵੱਲੋਂ ‘ਬ੍ਰੇਨ ਡੈੱਡ’ ਐਲਾਨੀ ‘ਸ਼ੀਲਾਬੇਨ ਝੰਝਾਰੀਆ’ ਦੇ ਪਰਿਵਾਰ ਵੱਲੋਂ ਉਸ ਦੇ ਫੇਫੜੇ, ਦਿਲ, ਕਿਡਨੀ, ਅੱਖਾਂ ਅਤੇ ਲਿਵਰ ਵਰਗੇ ਅੰਗ ਦਾਨ ਕਰਨ ਦਾ ਐਲਾਨ ਕਰਨ ਪਿਛੋਂ ਉਸ ਨੂੰ ‘ਗ੍ਰੀਨ ਕਾਰੀਡੋਰ’ ਬਣਾ ਕੇ ਜੂਨਾਗੜ੍ਹ ਤੋਂ ਅਹਿਮਦਾਬਾਦ ਦੇ ਵੱਖ-ਵੱਖ ਹਸਪਤਾਲਾਂ ਨੂੰ ਭੇਜਿਆ ਗਿਆ।
ਅੰਗ ਦਾਨ ਇਕ ਨੇਕ ਕਾਰਜ ਹੈ ਪਰ ਜਾਗਰੂਕਤਾ ਦੀ ਘਾਟ ਕਾਰਨ ਲੋਕਾਂ ਦੇ ਮਨ ’ਚ ਅੰਗ ਦਾਨ ਬਾਰੇ ਕਈ ਵਿਅਰਥ ਭਰਮ ਅਤੇ ਭੈਅ ਹਨ। ਜ਼ਿਕਰਯੋਗ ਹੈ ਕਿ ‘ਬ੍ਰੇਨ ਡੈੱਡ’ ਰੋਗੀ ਦਾ ਅੰਤਿਮ ਸੰਸਕਾਰ ਕਰ ਕੇ ਬਚੇ ਹੋਏ ਅਵਸ਼ੇਸ਼ਾਂ ਨੂੰ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਅੱਖਾਂ, ਦਿਲ, ਲਿਵਰ, ਕਿਡਨੀ ਆਦਿ ਉਹ ਅੰਗ ਵੀ ਨਸ਼ਟ ਹੋ ਜਾਂਦੇ ਜਿਨ੍ਹਾਂ ਨਾਲ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਮਿਲ ਸਕਦਾ ਹੈ।
ਇਸ ਲਈ ਜੇ ‘ਬ੍ਰੇਨ ਡੈੱਡ’ ਰੋਗੀ ਦੇ ਪਰਿਵਾਰ ਵਾਲੇ ਉਸ ਦੇ ਅੰਗ ਹੋਰ ਲੋੜਵੰਦਾਂ ਨੂੰ ਦਾਨ ਕਰ ਦੇਣ ਤਾਂ ਜਿੱਥੇ ਅੰਗ ਗ੍ਰਹਿਣ ਕਰਨ ਵਾਲਾ ਵਿਅਕਤੀ ਉਨ੍ਹਾਂ ਨੂੰ ਸ਼ੁਕਰਗੁਜਾਰੀ ਦੀ ਭਾਵਨਾ ਨਾਲ ਦੇਖੇਗਾ, ਉੱਥੇ ਹੀ ਅੰਗ ਦਾਨ ਕਰਨ ਵਾਲਿਆਂ ਨੂੰ ਵੀ ਅੰਗ ਗ੍ਰਹਿਣ ਕਰਨ ਵਾਲਿਆਂ ’ਚ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦਾ ਅਕਸ ਦੇਖਣ ਨਾਲ ਆਤਮ-ਸੰਤੁਸ਼ਟੀ ਮਿਲੇਗੀ। ਇਸ ਲਈ ਲੋਕਾਂ ਨੂੰ ‘ਬ੍ਰੇਨ ਡੈੱਡ’ ਵਿਅਕਤੀ ਜਾਂ ਮੌਤ ਹੋਣ ’ਤੇ ਵਰਤੇ ਜਾਣ ਯੋਗ ਅੰਗਾਂ ਦਾ ਦਾਨ ਕਰ ਦੇਣਾ ਚਾਹੀਦਾ ਹੈ।
–ਵਿਜੇ ਕੁਮਾਰ