ਬੁਢਲਾਡਾ ਸ਼ਹਿਰ ਦੇ ਨੌਜਵਾਨ ਨੇ ਥਾਈਲੈਂਡ ''ਚ ਹੋਏ ਪਾਵਰ ਲਿਫਟਿੰਗ ਮੁਕਾਬਲਿਆ ''ਚ ਜਿੱਤਿਆ ਸੋਨ ਤਗਮਾ
Saturday, May 05, 2018 - 03:53 PM (IST)

ਬੁਢਲਾਡਾ (ਮਨਜੀਤ) — ਵਿਦੇਸ਼ੀ ਧਰਤੀ ਥਾਈਲੈਂਡ ਵਿਖੇ ਪਿਛਲੇ ਦਿਨੀਂ ਹੋਏ ਕਈ ਦੇਸ਼ਾਂ ਦੇ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਮੁਕਾਬਲਿਆ 'ਚ ਸਥਾਨਕ ਸ਼ਹਿਰ ਦੇ ਨੌਜਵਾਨ ਸੁਨੀਲ ਕੁਮਾਰ ਸੰਨੀ ਨੇ ਗੋਲਡ ਮੈਡਲ ਜਿੱਤਿਆ ਹੈ । ਸਰਕਾਰੀ ਸੈਕੰਡਰੀ ਸਕੂਲ (ਲੜਕੇ) ਬੁਢਲਾਡਾ ਤੋਂ 12ਵੀਂ ਪਾਸ ਇਸ ਖਿਡਾਰੀ ਦੀ ਜਿੱਤ ਲਈ ਉਸ ਦੇ ਪਿਤਾ ਜਗਦੀਸ਼ ਪ੍ਰਸਾਦਿ ਦਰਜਾ ਚਾਰ ਕਰਮਚਾਰੀ ਸਬ-ਸਿਵਲ ਹਸਪਤਾਲ ਬੁਢਲਾਡਾ ਅਤੇ ਪਰਿਵਾਰ ਨੂੰ ਅੱਜ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਰਿਹਾ । ਇਸ ਖਿਡਾਰੀ ਦੇ ਭਰਾ ਮਨੋਜ ਕੁਮਾਰ ਸੀਨੀਅਰ ਟ੍ਰੀਟਮੈਂਟ ਸੁਪਰਵਾਇਜ਼ਰ ਸਿਵਲ ਹਸਪਤਾਲ ਬੁਢਲਾਡਾ ਨੇ ਦੱਸਿਆ ਕਿ ਉਸ ਦੇ ਭਰਾ ਨੇ ਆਪਣੇ ਪੁਰਖਿਆ ਦੀ ਧਰਤੀ ਹਰਿਆਣਾ ਦੀ ਖੇਡ ਸੰਸਥਾ (ਪੀਕਾ) ਪੰਚਾਇਤੀ ਯੁਵਾ ਖੇਲ ਕ੍ਰੀੜਾ ਐਸੋਸੀਏਸ਼ਨ ਨਾਰਲੌਰ ਵੱਲੋਂ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਥਾਈਲੈਂਡ ਦੇ ਬੈਂਕਾਕ ਦੇ ਪਤਾਇਆ ਸ਼ਹਿਰ 'ਚ 2 ਮਈ ਨੂੰ ਕਰਵਾਏ ਗਏ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਮੁਕਾਬਲਿਆਂ 'ਚ 70 ਕਿਲੋਗ੍ਰਾਮ ਵਰਗ ਦੇ 7-7 ਦੇ ਜਰਕ (ਅਨਕਿਪਟ) 'ਚ ਸੋਨ ਤਗਮਾ ਹਾਂਸਲ ਕੀਤਾ ਹੈ । ਉਨ੍ਹਾਂ ਦੱਸਿਆ ਕਿ ਬੁਢਲਾਡਾ ਤੋਂ 12ਵੀਂ ਪਾਸ ਕਰਨ ਉਪਰੰਤ ਕੁਝ ਸਾਲਾ ਤੋਂ ਹਰਿਆਣਾ ਰਾਜ ਦੇ ਜ਼ਿਲੇ ਮਹੇਂਦਰਗੜ੍ਹ ਦੇ ਨੋਨੀ–ਸਲੋਨੀ ਪਿੰਡ ਵਿਖੇ ਰਹਿ ਰਹੇ ਸੁਨੀਲ ਕੁਮਾਰ ਸੰਨੀ ਨੂੰ ਇਸ ਜ਼ਿਲੇ ਦੀ ਸੰਸਥਾ ਪੀਕਾ ਨੇ ਉਸ ਨੂੰ ਵਿਦੇਸ਼ੀ ਧਰਤੀ ਤੇ ਖੇਡਣ ਦਾ ਮੌਕਾ ਦਿੱਤਾ ਅਤੇ ਉਸ ਨੇ ਇਸ ਸੰਸਥਾ ਦੀ ਉਮੀਦ ਤੇ ਖਰਾ ਉਤਰਦਿਆਂ ਇਹ ਗੋਲਡ ਮੈਡਲ ਜਿੱਤਿਆ ਹੈ ।