ਵਿਦੇਸ਼ ’ਚ ਪੜ੍ਹਨ ਤੇ ਰੋਜ਼ਗਾਰ ਦੀ ਭਾਲ ’ਚ ਜਾਣ ਵਾਲੇ ਨੌਜਵਾਨ ਹੋ ਰਹੇ ਧੋਖਾਦੇਹੀ ਦੇ ਸ਼ਿਕਾਰ

Friday, Mar 31, 2023 - 02:16 AM (IST)

ਵਿਦੇਸ਼ ’ਚ ਪੜ੍ਹਨ ਤੇ ਰੋਜ਼ਗਾਰ ਦੀ ਭਾਲ ’ਚ ਜਾਣ ਵਾਲੇ ਨੌਜਵਾਨ ਹੋ ਰਹੇ ਧੋਖਾਦੇਹੀ ਦੇ ਸ਼ਿਕਾਰ

ਆਪਣੇ ਦੇਸ਼ ਵਿਚ ਕੰਮ ਕਰਨ ਅਤੇ ਭਵਿੱਖ ਬਣਾਉਣ ਦੀ ਬਜਾਏ ਸਾਡੇ ਨੌਜਵਾਨ ਵਿਦੇਸ਼ਾਂ ਵਿਚ ਕਿਸੇ ਵੀ ਤਰ੍ਹਾਂ ਪਹੁੰਚ ਕੇ ਰੋਜ਼ਗਾਰ ਹਾਸਲ ਕਰਨ ਅਤੇ ਜ਼ਿਆਦਾ ਪੈਸੇ ਕਮਾਉਣ ਦੇ ਜ਼ਨੂਨ ਵਿਚ ਧੋਖੇ ਦੇ ਸ਼ਿਕਾਰ ਹੋ ਰਹੇ ਹਨ।
ਇਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 12 ਮਾਰਚ ਨੂੰ ਸਵਾਈ ਮਾਧੋਪੁਰ (ਰਾਜਸਥਾਨ) ਦੀ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 4 ਲੱਖ 88 ਹਜ਼ਾਰ ਰੁਪਿਆਂ ਦੀ ਧੋਖਾਦੇਹੀ ਕਰਨ ਅਤੇ ਉਸ ਦਾ ਪਾਸਪੋਰਟ ਵੀ ਰੱਖ ਲੈਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।

* 13 ਮਾਰਚ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਵਿਚ ਫਰਜ਼ੀ ਦਫਤਰ ਖੋਲ੍ਹ ਕੇ ਲਗਭਗ 250 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਹੜੱਪ ਕੇ ਫਰਾਰ ਹੋਣ ਵਾਲੇ ਦੋਸ਼ੀ ਦੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਜਨਤਾ ਦਰਬਾਰ ਵਿਚ ਪੀੜਤਾਂ ਵਲੋਂ ਸ਼ਿਕਾਇਤ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ।

* 20 ਮਾਰਚ ਨੂੰ ਪਟਿਆਲਾ (ਪੰਜਾਬ) ਵਿਚ ਥਾਣਾ ‘ਘਸਿਆਨਾ’ ਦੀ ਪੁਲਸ ਨੇ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1 ਲੱਖ 52 ਹਜ਼ਾਰ ਰੁਪਿਆਂ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ।

* 20 ਮਾਰਚ ਨੂੰ ਹੀ ਕੌਸ਼ਾਂਬੀ (ਉੱਤਰ ਪ੍ਰਦੇਸ਼) ਦੇ ‘ਬਿਸ਼ਨੇਰ’ ਪਿੰਡ ਦੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਦੇ ਨਾਲ ਡੇਢ ਲੱਖ ਰੁਪਏ ਦੀ ਠੱਗੀ ਕਰਨ ਅਤੇ ਆਪਣੀ ਰਕਮ ਵਾਪਸ ਮੰਗਣ ’ਤੇ ਹੱਤਿਆ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ।

* 24 ਮਾਰਚ ਨੂੰ ਸਿਰਸਾ (ਹਰਿਆਣਾ) ਦੇ ਪਿੰਡ ‘ਹਾਰਨੀ ਖੁਰਦ’ ਵਾਸੀ ਇਕ ਵਿਅਕਤੀ ਨੇ ਮੋਹਾਲੀ ਸਥਿਤ ਇਕ ਇਮੀਗ੍ਰੇਸ਼ਨ ਕੰਸਲਟੈਂਟ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦੇ ਨਾਂ ’ਤੇ 14 ,32 , 500 ਰੁਪਏ ਠੱਗਣ ਅਤੇ ਇਕ ਪਰਿਵਾਰਕ ਮੈਂਬਰ ਦਾ ਪਾਸਪੋਰਟ ਨਾ ਵਾਪਸ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ।

* 26 ਮਾਰਚ ਨੂੰ ਰਾਜਪੁਰਾ (ਪੰਜਾਬ) ਦੇ ਪਿੰਡ ‘ਪਹਿਰਖੁਰਦ’ ਵਾਸੀ ਵਿਅਕਤੀ ਨੇ ਨਕਲੀ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕਰਵਾਇਆ। ਉਸ ਨੇ ਦੋਸ਼ ਲਾਇਆ ਹੈ ਕਿ ਉਕਤ ਏਜੰਟ ਨੇ ਅਮਰੀਕਾ ਭੇਜਣ ਦੇ ਨਾਂ ’ਤੇ ਉਸ ਕੋਲੋਂ 31 ਲੱਖ ਰੁਪਏ ਲਏ ਅਤੇ ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜ ਦਿੱਤਾ, ਜਿਥੇ ਉਸ ਨੂੰ ਸੁਨਸਾਨ ਜਗ੍ਹਾ ’ਤੇ ਬੰਦੀ ਬਣਾ ਕੇ ਰੱਖਿਆ ਅਤੇ ਕੁੱਟਮਾਰ ਕੀਤੀ ਗਈ।

* 27 ਮਾਰਚ ਨੂੰ ਮੋਹਾਲੀ (ਪੰਜਾਬ) ਪੁਲਸ ਵਿਚ ਇਕ ਔਰਤ ਨੇ ਇਕ ਟ੍ਰੈਵਲ ਏਜੰਟ ਵਿਰੁੱਧ ਦਰਜ ਕਰਵਾਈ ਸ਼ਿਕਾਇਤ ਵਿਚ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 14.53 ਲੱਖ ਰੁਪਏ ਠੱਗਣ ਦਾ ਦੋਸ਼ ਲਾਇਆ।

* 28 ਮਾਰਚ ਨੂੰ ਮੋਹਾਲੀ (ਪੰਜਾਬ) ਦੀ ‘ਬਲੌਂਗੀ’ ਥਾਣਾ ਪੁਲਸ ਨੇ ਲੋਕਾਂ ਨੂੰ ਮੈਕਸੀਕੋ ਭੇਜਣ ਦੇ ਬਹਾਨੇ ਦਿੱਲੀ ਤੋਂ ਨੇਪਾਲ ਜਾਂ ਇੰਡੋਨੇਸ਼ੀਆ ਲਿਜਾ ਕੇ ਗੰਨ ਪੁਆਇੰਟ ’ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਕੋਲੋਂ ਲੱਖਾਂ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫਿਰੌਤੀ ਮੰਗਣ ਦੇ ਦੋਸ਼ ਹੇਠ 2 ਔਰਤਾਂ ਸਮੇਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 8 ਲੱਖ ਰੁਪਏ ਨਕਦ, 26 ਲੱਖ ਰੁਪਏ ਮੁੱਲ ਦੀਆਂ 2 ਕਾਰਾਂ, ਮੋਟਰਸਾਈਕਲ ਅਤੇ 5 ਲੱਖ ਰੁਪਏ ਦਾ ਇਲੈਕਟ੍ਰਾਨਿਕਸ ਦਾ ਸਾਮਾਨ ਬਰਾਮਦ ਕੀਤਾ।

* 28 ਮਾਰਚ ਨੂੰ ਹੀ ਪੜ੍ਹਾਈ ਲਈ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗਣ ਅਤੇ ਉਥੋਂ ਦੇ ਕਈ ਪ੍ਰਾਈਵੇਟ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਦੇਣ ਦੇ ਦੋਸ਼ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ 3 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੈਨੇਡਾ ਸਰਕਾਰ ਵਲੋਂ ਫਰਜ਼ੀ ਦਸਤਾਵੇਜ਼ਾਂ ’ਤੇ ਉਥੇ ਪੁੱਜੇ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਤੋਂ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਹੜਕੰਪ ਮਚਿਆ ਹੋਇਆ ਹੈ।

* 29 ਮਾਰਚ ਨੂੰ ਜਗਾਧਰੀ ਵਰਕਸ਼ਾਪ (ਹਰਿਆਣਾ) ਦੀ ਪੁਲਸ ਨੇ ਇਕ ਵਿਅਕਤੀ ਦੀ ਬੇਟੀ ਨੂੰ ਇੰਗਲੈਂਡ ਭੇਜਣ ਦੇ ਨਾਂ ’ਤੇ ਉਸ ਕੋਲੋਂ 20 ਲੱਖ ਰੁਪਏ ਠੱਗਣ ਦੇ ਸਿਲਸਿਲੇ ਵਿਚ 3 ਲੋਕਾਂ ਵਿਰੁੱਧ ਕੇਸ ਦਰਜ ਕੀਤਾ।

* ਅਤੇ ਹੁਣ 30 ਮਾਰਚ ਨੂੰ ਦੇਵਰੀਆ (ਉੱਤਰ ਪ੍ਰਦੇਸ਼) ਵਿਚ ਇਕ ਫਰਜ਼ੀ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਵਿਰੁੱਧ ਅਨੇਕਾਂ ਨੌਜਵਾਨਾਂ ਕੋਲੋਂ ਲਗਭਗ 30 ਲੱਖ ਰੁਪਏ ਠੱਗ ਲੈਣ ਦੇ ਦੋਸ਼ ਹੇਠ ਪੀੜਤ ਨੌਜਵਾਨਾਂ ਨੇ ਪੁਲਸ ਵਿਚ ਰਿਪੋਰਟ ਦਰਜ ਕਰਵਾਈ। ਨੌਜਵਾਨਾਂ ਦਾ ਦੋਸ਼ ਹੈ ਕਿ ਜਦੋਂ ਉਹ ਉਸ ਕੋਲੋਂ ਆਪਣੀ ਰਕਮ ਵਾਪਰ ਮੰਗਣ ਗਏ ਤਾਂ ਉਸ ਨੇ ਉਨ੍ਹਾਂ ਨੂੰ ਭਜਾ ਦਿੱਤਾ।

ਇਹ ਤਾਂ ਉਹ ਕੁਝ ਉਦਾਹਰਣਾਂ ਹਨ ਜੋ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਏ ਹੋਣਗੇ, ਜਿਨ੍ਹਾਂ ਦੀਆਂ ਰਿਪੋਰਟਾਂ ਦਰਜ ਨਹੀਂ ਹੋਈਆਂ ਹੋਣਗੀਆਂ।

ਉਂਝ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਇੱਛਾ ਰੱਖਣ ਦੀ ਬਜਾਏ ਬਿਹਤਰ ਇਹ ਹੈ ਕਿ ਮਾਤਾ-ਪਿਤਾ ਨੇ ਜਿੰਨੀ ਰਕਮ ਉਨ੍ਹਾਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਨੀ ਹੈ, ਉਸ ਰਕਮ ਨਾਲ ਉਹ ਉਨ੍ਹਾਂ ਨੂੰ ਉੱਚ ਸਿੱਖਿਆ ਦਿਵਾ ਕੇ ਭਾਰਤ ਵਿਚ ਹੀ ਇਸ ਯੋਗ ਬਣਾ ਦੇਣ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ ਜਾਂ ਫਿਰ ਉਸ ਰਕਮ ਨਾਲ ਉਹ ਆਪਣੇ ਬੱਚਿਆਂ ਨੂੰ ਭਾਰਤ ਵਿਚ ਹੀ ਚੰਗਾ ਕਾਰੋਬਾਰ ਸ਼ੁਰੂ ਕਰਵਾ ਸਕਦੇ ਹਨ। 

–ਵਿਜੇ ਕੁਮਾਰ


author

Anmol Tagra

Content Editor

Related News