''ਨਾੜ ਸਾੜਨ'' ਨਾਲ ਹੋ ਰਹੀਆਂ ਦੁਰਘਟਨਾਵਾਂ ਅਤੇ ਹਵਾ ''ਚ ''ਫੈਲਦਾ ਜ਼ਹਿਰ''

04/29/2016 7:21:27 AM

ਝੋਨੇ ਅਤੇ ਕਣਕ ਦੀ ਕਟਾਈ ਮਗਰੋਂ ਖੇਤਾਂ ''ਚ ਖੜ੍ਹੀ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ''ਤੇ ਪਾਬੰਦੀ ਲਗਾਉਣ ਦੇ ਬਾਵਜੂਦ ਕਿਸਾਨਾਂ ''ਚ ਆਪਣੇ ਖੇਤਾਂ ਨੂੰ ਜਲਦੀ ਖਾਲੀ ਕਰਕੇ ਦੂਸਰੀ ਫਸਲ ਲਈ ਤਿਆਰ ਕਰਨ ਦੇ ਮਕਸਦ ਨਾਲ ਇਸ ਨੂੰ ਅੱਗ ਲਗਾਉਣ ਦੀ ਭੈੜੀ ਆਦਤ ਪਿਛਲੇ ਕਾਫੀ ਸਮੇਂ ਤੋਂ ਉੱਤਰੀ ਭਾਰਤ ਦੇ ਸੂਬਿਆਂ ''ਚ ਪ੍ਰਚੱਲਿਤ ਹੈ।
ਇਸ ਅੱਗ ਦੀ ਗਰਮੀ ਨਾਲ ਖੇਤਾਂ ''ਚ ਮੌਜੂਦ ਜ਼ਮੀਨ ਹੇਠਲੇ ਖੇਤੀ ਮਿੱਤਰ ਕੀੜੇ ਅਤੇ ਸੂਖਮ ਜੀਵ ਮਰ ਜਾਂਦੇ ਹਨ, ਇਸ ਨਾਲ ਖੇਤੀ ਵਾਲੀ ਜ਼ਮੀਨ ਦਾ ਸੱਤਿਆਨਾਸ਼ ਹੁੰਦਾ ਹੈ, ਉਪਜਾਊ ਸਮਰਥਾ ਘੱਟਦੀ ਹੈ ਅਤੇ ਦੁਸ਼ਮਣ ਕੀੜਿਆਂ ਦਾ ਪ੍ਰਕੋਪ ਵਧਣ ਨਾਲ ਫਸਲਾਂ ਨੂੰ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ।
ਅਮਰੀਕੀ ਖੇਤੀ ਵਿਗਿਆਨੀਆਂ ਅਨੁਸਾਰ ਭਾਰਤ ''ਚ ਹਵਾ ਦੇ ਪ੍ਰਦੂਸ਼ਣ ਕਾਰਨ ਅਨਾਜ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਭਾਰਤ ਹਵਾ ਦੇ ਪ੍ਰਦੂਸ਼ਣ ਦਾ ਸ਼ਿਕਾਰ ਨਾ ਹੋਵੇ ਤਾਂ ਇਸ ਦਾ ਅਨਾਜ ਉਤਪਾਦਨ  ਵਰਤਮਾਨ ਤੋਂ 50 ਫੀਸਦੀ ਵੱਧ ਹੋ ਸਕਦਾ ਹੈ।
ਪਰਾਲੀ ਤੇ ਨਾੜ ਨੂੰ ਅੱਗ ਲਗਾਉਣ ਨਾਲ ਵਾਯੂਮੰਡਲ ''ਚ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਡਾਈਆਕਸਾਈਡ ਅਤੇ ਮੀਥੇਨ ਆਦਿ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ। ਇਕ ਟਨ ਪਰਾਲੀ ਤੇ ਨਾੜ ਸਾੜਨ ''ਤੇ ਹਵਾ ''ਚ ਤਿੰਨ ਕਿਲੋ ਕਾਰਬਨ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1500 ਕਿਲੋ ਕਾਰਬਨ ਡਾਈਆਕਸਾਈਡ, 200 ਕਿਲੋ ਸੁਆਹ ਅਤੇ 2 ਕਿਲੋ ਸਲਫਰ ਡਾਈਆਕਸਾਈਡ ਫੈਲਦੇ ਹਨ।
ਸਿਹਤ ਦੇ ਲਿਹਾਜ਼ ਨਾਲ ਵੀ ਇਹ ਧੂੰਆਂ ਬਹੁਤ ਜ਼ਿਆਦਾ ਹਾਨੀਕਾਰਕ ਹੈ। ਇਸ ਨਾਲ ਲੋਕਾਂ ਦੀਆਂ ਚਮੜੀ ਅਤੇ ਸਾਹ ਸੰਬੰਧੀ ਤਕਲੀਫਾਂ ਵਧ ਜਾਂਦੀਆਂ ਹਨ। ਪੰਜਾਬ ਅਤੇ ਹਰਿਆਣਾ ''ਚ ਇਨ੍ਹਾਂ ਨੂੰ ਸਾੜਨ ਦੇ ਭੈੜੇ ਨਤੀਜਿਆਂ ਦਾ ਦਿੱਲੀ ਤਕ ਅਸਰ ਦਿਖਾਈ ਦੇ ਰਿਹਾ ਹੈ।
ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਨੁਸਾਰ ''''ਪਰਾਲੀ ਤੇ ਨਾੜ ਸਾੜਨ ਨਾਲ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਸਰਕਾਰਾਂ ਨੇ ਇਨ੍ਹਾਂ ਦੇ ਸਾੜਨ ''ਤੇ ਰੋਕ ਲਗਾ ਦਿੱਤੀ ਹੈ।''''
ਪਰ ਇਸ ''ਤੇ ਅਮਲ ਨਹੀਂ ਹੋ ਰਿਹਾ। ਅਖਬਾਰਾਂ ''ਚ ਇਨ੍ਹਾਂ ਨੂੰ ਅੱਗ ਲਗਾਉਣ ਵਿਰੁੱਧ ਸਖਤ ਕਾਰਵਾਈ ਕਰਨ ਸੰਬੰਧੀ ਸੂਚਨਾਵਾਂ ਪ੍ਰਕਾਸ਼ਿਤ ਕਰਵਾਉਣ ਦੇ ਬਾਵਜੂਦ ਇਹ ਪਾਬੰਦੀ ਕਾਗਜ਼ਾਂ ਤਕ ਹੀ ਸੀਮਿਤ ਹੈ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਸੰਬੰਧਿਤ ਅਧਿਕਾਰੀ ਘੱਟ ਹੀ ਫੀਲਡ ''ਚ ਜਾ ਕੇ ਨਾੜ ਸਾੜਨ ਦੇ ਮਾਮਲਿਆਂ ਦੀ ਪੜਤਾਲ ਕਰਦੇ ਹਨ ਅਤੇ ਕਿਸਾਨ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਪਰਾਲੀ ਤੇ ਨਾੜ ਦੇ ਨਿਪਟਾਰੇ ਨੂੰ ਲੈ ਕੇ ਪੰਜਾਬ ''ਚ ਵੀ ਲੱਗਭਗ ਇਹੀ ਹਾਲਤ ਹੈ। ਉਸ ਦੇ ਧੂੰਏਂ ਕਾਰਨ ਵਾਤਾਵਰਣ ''ਚ ਦੂਰ-ਦੂਰ ਤਕ ਅੰਧਕਾਰ ਛਾ ਜਾਣ ਕਾਰਨ ਵੱਡੀ ਗਿਣਤੀ ''ਚ ਸੜਕ ਦੁਰਘਟਨਾਵਾਂ ਅਤੇ ਮੌਤਾਂ ਤਕ ਹੁੰਦੀਆਂ ਹਨ।
ਅਜੇ 27 ਅਪ੍ਰੈਲ ਨੂੰ ਹੀ ਨਾਭਾ-ਮਾਲੇਰਕੋਟਲਾ ਰੋਡ ''ਤੇ ਇਕ ਪਿੰਡ ''ਚ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਹੌਲੀ-ਹੌਲੀ ਪਿੰਡ ਦੇ ਨੇੜੇ ਤਕ ਜਾ ਪਹੁੰਚੀ ਜਿਸ ਦੇ ਸਿੱਟੇ ਵਜੋਂ ਕਈ ਪਸ਼ੂ ਵੀ ਅੱਗ ਦੀ ਲਪੇਟ ''ਚ ਆ ਕੇ ਝੁਲਸ ਗਏ।
ਹੁਣ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੋਸ਼ੀ ਕਿਸਾਨਾਂ ਨੂੰ ਇਨ੍ਹਾਂ ਨੂੰ ਸਾੜਨ ਤੋਂ ਰੋਕਣ ਲਈ ਅਤੇ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਕਰਨ ਲਈ ਇਕ ਕਮੇਟੀ ਗਠਿਤ ਕਰਨ ''ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਅਧੀਨ ਨਾੜ ਤੇ ਪਰਾਲੀ ਨੂੰ ਸਾੜਨ ''ਤੇ 2500 ਤੋਂ 15000 ਰੁਪਏ ਤਕ ਜੁਰਮਾਨਾ ਕੀਤਾ ਜਾ ਸਕੇਗਾ।
ਅਧਿਕਾਰੀਆਂ ਵੱਲੋਂ ਖੇਤਾਂ ''ਚ ਨਾੜ ਨਾ ਸਾੜਨ ਦੀ ਅਪੀਲ ਦੇ ਬਾਵਜੂਦ ਕਿਸਾਨਾਂ ਵੱਲੋਂ ਅਜਿਹਾ ਕਰਨ ''ਤੇ ਪੰਜਾਬ ''ਚ ਕੁਝ ਮਾਮਲੇ ਦਰਜ ਕੀਤੇ ਗਏ ਹਨ ਪਰ ਇਸ ਸੰਬੰਧ ''ਚ ਨਿਗਰਾਨੀ ਨੂੰ ਤੇਜ਼ ਕਰਨ ਦੀ ਲੋੜ ਹੈ।
ਇਸ ਤੋਂ ਵੀ ਵਧ ਕੇ ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਤੇ ਨਾੜ ਸਾੜਨ ਤੋਂ ਰੋਕਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੂੰ ਇਨ੍ਹਾਂ ਨੂੰ ਟਿਕਾਣੇ ਲਗਾਉਣ ਦੇ ਬਦਲ ਦੱਸੇ ਜਾਣੇ ਚਾਹੀਦੇ ਹਨ। ਇਸ ਲਈ ਉਨ੍ਹਾਂ ਨੂੰ ਰੋਟਾਵੇਟਰ, ਹੈਪੀਸੀਡਰ ਅਤੇ ''ਸਟ੍ਰਾਅ ਰੀਪਰਜ਼''  ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜੋ ਉਨ੍ਹਾਂ ਨੂੰ ਸਸਤੇ ਰੇਟਾਂ ''ਤੇ ਮੁਹੱਈਆ ਕਰਵਾਏ ਜਾਂਦੇ ਹਨ ਪਰ ਉਹ ਇਨ੍ਹਾਂ ਦਾ ਲਾਭ ਨਹੀਂ ਉਠਾ ਰਹੇ।
ਕਿਸਾਨਾਂ ਨੂੰ ਇਨ੍ਹਾਂ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਦਿੱਤੀ ਜਾਵੇ ਕਿ ਪਰਾਲੀ ਤੇ ਨਾੜ ਨੂੰ ਸਾੜ ਕੇ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰਨ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਵਧਾਉਣ ਦੀ ਬਜਾਏ ਇਸ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣਾ ਜ਼ਿਆਦਾ ਬਿਹਤਰ ਹੈ।      
—ਵਿਜੇ ਕੁਮਾਰ


Vijay Kumar Chopra

Chief Editor

Related News