ਖੇਤਾਂ ''ਚ ਲੱਗੀ ਭਿਆਨਕ ਅੱਗ ਨਾਲ ਕਿਸਾਨਾਂ ਦੀ ਖੜੀ ਕਣਕ ਤੇ ਨਾੜ ਸੜਕੇ ਸੁਆਹ
Thursday, Apr 25, 2024 - 05:56 PM (IST)
ਝਬਾਲ (ਨਰਿੰਦਰ) : ਝਬਾਲ ਨੇੜੇ ਅਚਾਨਕ ਖੇਤਾਂ 'ਚ ਲੱਗੀ ਅੱਗ ਨਾਲ ਵੱਖ-ਵੱਖ ਕਿਸਾਨਾਂ ਦੇ ਵੱਡੀ ਗਿਣਤੀ ਵਿਚ ਖੇਤਾਂ 'ਚ ਖੜੀ ਕਣਕ ਅਤੇ ਤੂੜੀ ਬਣਾਉਣ ਲਈ ਰੱਖਿਆ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਆਸ-ਪਾਸ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਟਰੈਕਟਰ ਅਤੇ ਹੋਰ ਸੰਦਾਂ ਨਾਲ ਮੌਕੇ 'ਤੇ ਪਹੁੰਚ ਕੇ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾ ਕੇ ਹਜ਼ਾਰਾਂ ਏਕੜ ਖੜੀ ਕਣਕ ਅਤੇ ਨਾੜ ਸੜਣ ਤੋਂ ਬਚਾ ਲਿਆ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਢਾਈ ਤਿੰਨ ਵਜੇ ਦੇ ਕਰੀਬ ਅਚਾਨਕ ਹੀ ਲੱਗੀ ਅੱਗ ਨਾਲ ਇਕਦਮ ਖੇਤਾਂ 'ਚ ਖੜੀ ਫਸਲ ਵਿਚ ਅੱਗ ਦੇ ਭਾਂਬੜ ਮੱਚ ਗਏ। ਤੇਜ਼ ਹਵਾ ਕਰਕੇ ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਜਿਸ ਦਾ ਪਤਾ ਲੱਗਣ 'ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਅਤੇ ਬਾਅਦ ਵਿਚ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਪਰੰਤੂ ਫਿਰ ਵੀ ਹਵਾ ਤੇਜ਼ ਹੋਣ ਕਾਰਨ ਅਮਰੀਕ ਸਿੰਘ ਅਤੇ ਨਰਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਚਾਰ ਏਕੜ ਖੜੀ ਕਣਕ, ਸਾਬਕਾ ਸਰਪੰਚ ਪ੍ਰੀਤ ਇੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਤਿੰਨ ਏਕੜ ਕਣਕ, ਪ੍ਰੇਮ ਸਿੰਘ ਪੁੱਤਰ ਸਾਵਨ ਸਿੰਘ ਦੀ ਇਕ ਏਕੜ ਕਣਕ, ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਦਾ 20 ਏਕੜ ਨਾੜ ਅਤੇ ਅਮਰੀਕ ਸਿੰਘ ਦਾ ਸੱਤ ਏਕੜ ਨਾੜ, ਸਾਉਣੀ ਸਿੰਘ ਦਾ ਪੰਜ ਏਕੜ ਨਾੜ ਸੜ ਕੇ ਸਵਾਹ ਹੋ ਗਿਆ।
ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ 'ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਦਦੀਪ ਸਿੰਘ ਸੋਹਲ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਸਾਰਾ ਮਾਮਲਾ ਪ੍ਰਸ਼ਾਸਨ ਉਚ ਅਧਿਕਾਰੀਆਂ ਨੇ ਧਿਆਨ ਵਿਚ ਲਿਆਂਦਾ ਜਿਸ 'ਤੇ ਮੌਕੇ ਦੇ ਨਾਇਬ ਤਹਿਸੀਲਦਾਰ ਝਬਾਲ ਇਕਬਾਲ ਸਿੰਘ ਅਤੇ ਪਟਵਾਰੀ ਗਗਨਦੀਪ ਕੌਰ ਨੇ ਪਹੁੰਚ ਕੇ ਸੜੀ ਕਣਕ ਦੇ ਨਾੜ ਦਾ ਜਾਇਜ਼ਾ ਲਿਆ। ਇਸ ਸਬੰਧੀ ਨਵ-ਤਹਿਸੀਲਦਾਰ ਇਕਬਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਾਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਆਗੂ ਵਿਕਰਮ ਸਿੰਘ ਝਬਾਲ ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਮਾਤਾ ਭਾਗ ਕੌਰ ਜੀ ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਗੁਰਸੇਵਕ ਸਿੰਘ ਅਤੇ ਕਿਸਾਨ ਬਲਜਿੰਦਰ ਸਿੰਘ ਬਘੇਲ ਸਿੰਘਵਾਲਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਜਿਨਾਂ ਨੇ ਮੰਗ ਕੀਤੀ ਹੈ ਕਿ ਝਬਾਲ ਇਲਾਕੇ ਨੂੰ ਵੱਖਰੇ ਤੌਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਦਿੱਤੀ ਜਾਵੇ ਤਾਂ ਜੋ ਅਜਿਹੀ ਕੋਈ ਘਟਨਾ ਵਾਪਰਨ ਤੇ ਤੁਰੰਤ ਅੱਗ ਤੇ ਕਾਬੂ ਪਾਇਆ ਜਾ ਸਕੇ ਅਤੇ ਪੀੜਤ ਕਿਸਾਨਾਂ ਨੂੰ ਸਰਕਾਰ ਤੁਰੰਤ ਮੁਆਵਜ਼ਾ ਦੇਵੇ ।