ਹੁਣ ਮਹਿਬੂਬਾ ਦੇ ਕਾਫਿਲੇ ’ਤੇ ਹੋਇਆ ਪਥਰਾਅ

04/17/2019 7:26:29 AM

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ’ਚ 15 ਅਪ੍ਰੈਲ ਨੂੰ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਦੇ ਕਾਫਿਲੇ ’ਤੇ ਪੱਥਰਬਾਜ਼ਾਂ ਨੇ ਉਦੋਂ ਹਮਲਾ ਕਰ ਦਿੱਤਾ, ਜਦੋਂ ਉਹ ਇਕ ਦਰਗਾਹ ’ਚ ਮੱਥਾ ਟੇਕ ਕੇ ਪਰਤ ਰਹੀ ਸੀ। ਇਸ ’ਚ ਮਹਿਬੂਬਾ ਤਾਂ ਵਾਲ-ਵਾਲ ਬਚ ਗਈ ਪਰ ਉਨ੍ਹਾਂ ਦਾ ਇਕ ਬਾਡੀਗਾਰਡ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਮਹਿਬੂਬਾ ਦੇ ਬਾਡੀਗਾਰਡਾਂ ਨੇ ਕਿਸੇ ਤਰ੍ਹਾਂ ਕਾਫਿਲੇ ਨੂੰ ਸੁਰੱਖਿਅਤ ਬਾਹਰ ਕੱਢਿਆ। ਦੋਸ਼ ਲਾਇਆ ਜਾਂਦਾ ਹੈ ਕਿ ਇਕ ਸਥਾਨਕ ਨੇਤਾ ਨੇ ਹੀ ਨੌਜਵਾਨਾਂ ਨੂੰ ਪਥਰਾਅ ਲਈ ਭੜਕਾਇਆ ਸੀ। ਜੰਮੂ-ਕਸ਼ਮੀਰ ਦੇ ਹਾਲਾਤ ਦੇ ਜਾਣਕਾਰਾਂ ਅਨੁਸਾਰ ਪੱਥਰਬਾਜ਼ੀ ਉਥੇ ਸਰਗਰਮ ਪਾਕਿ ਸਮਰਥਕ ਵੱਖਵਾਦੀਆਂ ਦੀ ਦੇਣ ਹੈ, ਜੋ ਵਾਦੀ ’ਚ ਅਸ਼ਾਂਤੀ ਫੈਲਾਉਣ ਲਈ ਲੋੜਵੰਦ ਨੌਜਵਾਨਾਂ ਨੂੰ 100-150 ਰੁਪਏ ਦਿਹਾੜੀ ਦੇ ਕੇ ਉਨ੍ਹਾਂ ਕੋਲੋਂ ਪਥਰਾਅ ਕਰਵਾਉਂਦੇ ਹਨ। ਜਾਣਕਾਰਾਂ ਅਨੁਸਾਰ ਜਿਸ ਪੱਥਰਬਾਜ਼ੀ ਦਾ ਸਾਹਮਣਾ ਮਹਿਬੂਬਾ ਨੂੰ ਕਰਨਾ ਪਿਆ, ਅਸਲ ’ਚ ਇਸ ਦੀ ਜਨਮਦਾਤੀ ਉਹ ਖ਼ੁਦ ਹੀ ਹੈ। ਜੂਨ 2010 ’ਚ ਜਦੋਂ ਤੁਫੈਲ ਮੱਟੂ ਦੀ ਮੌਤ ਤੋਂ ਬਾਅਦ ਕਸ਼ਮੀਰ ਵਾਦੀ ’ਚ ਹਾਲਾਤ ਵਿਗੜੇ ਤਾਂ ਹਿੰਸਾ ਦੀ ਇਸ ਅੱਗ ’ਚ ਘਿਓ ਪਾਉਣ ਦਾ ਕੰਮ ਮੁੱਖ ਤੌਰ ’ਤੇ ਮਹਿਬੂਬਾ ਮੁਫਤੀ ਨੇ ਹੀ ਕੀਤਾ ਸੀ। ਉਸ ਦੌਰਾਨ ਲੱਗਭਗ 6 ਮਹੀਨਿਆਂ ਤਕ ਕਸ਼ਮੀਰ ਵਾਦੀ ’ਚ ਖੂਬ ਪੱਥਰਬਾਜ਼ੀ ਹੋਈ ਅਤੇ ਹਾਲਾਤ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ’ਚ ਸੁਰੱਖਿਆ ਬਲਾਂ ਨਾਲ ਟਕਰਾਅ ’ਚ ਲੱਗਭਗ 120 ਨੌਜਵਾਨ ਪੱਥਰਬਾਜ਼ ਮਾਰੇ ਗਏ। ਇਸ ਤੋਂ ਬਾਅਦ ਜਦੋਂ ਮਹਿਬੂਬਾ ਮੁੱਖ ਮੰਤਰੀ ਸੀ, ਉਦੋਂ ਖਤਰਨਾਕ ਅੱਤਵਾਦੀ ਬੁਰਹਾਨ ਵਾਨੀ ਸੁਰੱਖਿਆ ਬਲਾਂ ਹੱਥੋਂ ਮਾਰਿਆ ਗਿਆ। ਉਸ ਦੌਰਾਨ ਕਸ਼ਮੀਰ ਵਾਦੀ ’ਚ ਇਕ ਵਾਰ ਫਿਰ ਪੱਥਰਬਾਜ਼ੀ ਦਾ ਦੌਰ ਸ਼ੁਰੂ ਹੋਇਆ। ਹਾਲਾਂਕਿ ਖ਼ੁਦ ਮੁੱਖ ਮੰਤਰੀ ਹੋਣ ਕਾਰਨ ਇਸ ਵਾਰ ਮਹਿਬੂਬਾ ਦੀ ਭੂਮਿਕਾ ਇਸ ਬਾਰੇ ਕੁਝ ਢਿੱਲੀ ਪਈ ਸੀ ਪਰ ਜਿਵੇਂ ਹੀ ਉਨ੍ਹਾਂ ਦੀ ਸਰਕਾਰ ਦਾ ਪਤਨ ਹੋਇਆ ਤਾਂ ਮਹਿਬੂਬਾ ਮੁਫਤੀ ਇਕ ਵਾਰ ਫਿਰ ਪੱਥਰਬਾਜ਼ਾਂ ਨੂੰ ਭੜਕਾਉਂਦੀ ਹੋਈ ਨਜ਼ਰ ਆਈ। ਅਤੇ ਆਖਿਰ ’ਚ ਹੁਣ ਉਨ੍ਹਾਂ ਹੀ ਪੱਥਰਬਾਜ਼ਾਂ ਦੇ ਹਮਲੇ ’ਚ ਉਹ ਵਾਲ-ਵਾਲ ਬਚੀ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।

–ਵਿਜੇ ਕੁਮਾਰ
 


Bharat Thapa

Content Editor

Related News