ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਹੁਣ ਤੱਕ 12 ਕਰੋੜ ਦਾ ਸਾਮਾਨ ਤੇ ਨਗਦੀ ਜ਼ਬਤ
Friday, May 03, 2024 - 05:20 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਆਗਾਮੀ 1 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਪਾਲਣਾ ਵਿਚ ਜ਼ਿਲ੍ਹਾ ਸੰਗਰੂਰ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਅੱਜ ਮੀਡੀਆ ਦੇ ਨੁਮਾਇੰਦਿਆਂ ਨਾਲ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਅਮਨ-ਸ਼ਾਂਤੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਮੁੱਖ ਚੋਣ ਅਫ਼ਸਰ ਪੰਜਾਬ ਦੀ ਅਗਵਾਈ ਵਿਚ ਲੋੜੀਂਦੇ ਪੁਖਤਾ ਪ੍ਰਬੰਧ ਕਰਨੇ ਯਕੀਨੀ ਬਣਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕੇ ਸੰਗਰੂਰ ਦੇ ਲਗਭਗ 15 ਲੱਖ 55 ਹਜ਼ਾਰ 327 ਵੋਟਰਾਂ ਲਈ ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚ 1765 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ 'ਤੇ ਲੋੜੀਂਦੇ ਪ੍ਰਬੰਧ ਮੁਹੱਈਆ ਕਰਵਾਉਣ ਲਈ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਲਈ ਲੋੜੀਂਦੇ ਪੋਲਿੰਗ ਸਟਾਫ਼ ਦੀ ਤਿਆਰੀ ਵੀ ਪੂਰੀ ਕਰਵਾਈ ਜਾ ਰਹੀ ਹੈ ਤੇ ਪਹਿਲੀ ਰਿਹਰਸਲ 5 ਮਈ ਨੂੰ ਕਰਵਾਈ ਜਾਵੇਗੀ। ਵੀ.ਵੀ.ਪੈਟ ਸਮੇਤ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਹਰ ਵਿਧਾਨ ਸਭਾ ਹਲਕੇ ਵਿੱਚ ਲੋੜ ਤੋਂ 20 ਫ਼ੀਸਦ ਵੱਧ ਬੈਲੇਟ ਯੂਨਿਟ ਅਤੇ ਕੰਟਰੋਲ ਯੂਨਿਤ ਅਤੇ 30 ਫੀਸਦ ਵੱਧ ਵੀ.ਵੀ.ਪੈਟ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੰਗਰੂਰ ਹਲਕੇ ਦੀ ਲੋਕ ਸਭਾ ਚੋਣ ਲਈ ਗਜ਼ਟ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਹੋਵੇਗਾ ਅਤੇ 14 ਮਈ ਤੱਕ ਉਮੀਦਵਾਰ ਨਾਮਜ਼ਦਗੀ ਪਰਚੇ ਭਰ ਸਕਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਹਾਲ ਦੇ 100 ਮੀਟਰ ਦੇ ਘੇਰੇ ਵਿਚ ਸਿਰਫ਼ ਤਿੰਨ ਵਾਹਨਾਂ ਅਤੇ ਉਮੀਦਵਾਰ ਸਮੇਤ ਪੰਜ ਵਿਅਕਤੀਆਂ ਦੇ ਅੰਦਰ ਆਉਣ ਦੀ ਹੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਐਲਾਨੀ ਗਈ ਕਿਸੇ ਵੀ ਛੁੱਟੀ ਅਤੇ ਐਤਵਾਰ ਵਾਲੇ ਦਿਨ ਨਾਮਜ਼ਦਗੀ ਪਰਚੇ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜਨਰਲ ਕੈਟੇਗਰੀ ਨਾਲ ਸਬੰਧਤ ਉਮੀਦਵਾਰ ਨੂੰ 25,000 ਰੁਪਏ ਜਦਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਨਾਲ ਸਬੰਧਤ ਉਮੀਦਵਾਰ ਨੂੰ 12,500 ਰੁਪਏ ਬਤੌਰ ਸਕਿਓਰਿਟੀ ਜਮ੍ਹਾਂ ਕਰਵਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹੋਰਨਾਂ ਹਦਾਇਤਾਂ ਦੀ ਪਾਲਣਾ ਵੀ ਲਾਜ਼ਮੀ ਤੌਰ 'ਤੇ ਕਰਨੀ ਜ਼ਰੂਰੀ ਹੋਵੇਗੀ।
ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਸ ਅਤੇ ਹੋਰਨਾਂ ਮਹਿਕਮਿਆਂ ਨਾਲ ਮਿਲ ਕੇ ਪੂਰੀ ਸਖ਼ਤੀ ਨਾਲ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿਚ ਹੁਣ ਤੱਕ ਪੁਲਸ ਵੱਲੋਂ ਨਾਕਿਆਂ ਅਤੇ ਐੱਫ਼.ਐੱਸ.ਟੀ ਟੀਮਾਂ ਵੱਲੋਂ ਲਗਭਗ 12 ਕਰੋੜ ਰੁਪਏ ਤੋਂ ਵਧੇਰੇ ਦੀ ਕੀਮਤ ਦਾ ਸਾਮਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਜ਼ਬਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 93 ਫ਼ੀਸਦ ਤੋਂ ਵਧੇਰੇ ਅਸਲਾ ਲਾਇਸੰਸ ਧਾਰਕਾਂ ਵੱਲੋਂ ਵੀ ਆਪਣਾ ਅਸਲਾ ਸਬੰਧਤ ਥਾਣਿਆਂ ਜਾਂ ਅਸਲਾ ਵਿਕਰੇਤਾਵਾਂ ਕੋਲ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਮੁੱਖ ਚੋਣ ਅਫ਼ਸਰ ਪੰਜਾਬ ਤੋਂ ਪ੍ਰਾਪਤ ਹਦਾਇਤਾਂ ਤਹਿਤ ਚੋਣਾਂ ਦੀ ਕਵਰੇਜ ਕਰ ਰਹੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੋਸਟਲ ਬੈਲੇਟ ਜ਼ਰੀਏ ਵੋਟ ਪਾਉਣ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੱਤਰਕਾਰਾਂ ਨੂੰ ਪਹਿਲਾਂ ਫ਼ਾਰਮ ਨੰਬਰ 12 ਡੀ ਜਾਰੀ ਕੀਤਾ ਜਾਵੇਗਾ ਜਿਸਦੇ ਆਧਾਰ 'ਤੇ ਸਬੰਧਤ ਪੱਤਰਕਾਰ ਨੂੰ ਪੋਸਟਲ ਬੈਲੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਵਾਰ ਪੋਸਟਲ ਬੈਲੇਟ ਜਾਰੀ ਹੋਣ ਤੇ ਕੋਈ ਵੀ ਵੋਟਰ ਬੂਥ ਉੱਪਰ ਜਾ ਕੇ ਆਪਣੀ ਵੋਟ ਨਹੀਂ ਪਾ ਸਕੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਆਕਾਸ਼ ਬਾਂਸਲ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਵੀ ਹਾਜ਼ਰ ਸਨ।