ਪੰਜਾਬ 'ਚ ਹੋਇਆ ਭਿਆਨਕ ਹਾਦਸਾ, ਭੱਠੀ 'ਤੇ ਕੰਮ ਕਰਦੇ ਮਜ਼ਦੂਰਾਂ 'ਤੇ ਡਿੱਗਿਆ ਪਿਘਲਿਆ ਹੋਇਆ ਲੋਹਾ
Tuesday, Apr 09, 2024 - 07:53 PM (IST)

ਮੰਡੀ ਗੋਬਿੰਦਗੜ੍ਹ (ਭਾਰਦਵਾਜ)- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਇੱਕ ਫਰਨੇਸ ਇਕਾਈ ਵਿੱਚ ਵੱਡਾ ਹਾਦਸਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਫਰਨੇਸ ਭੱਠੀ ਵਿੱਚ ਲੋਹੇ ਨੂੰ ਪਿਘਲਾਉਣ ਦਾ ਕੰਮ ਕੀਤਾ ਜਾ ਰਿਹਾ ਸੀ, ਇਸ ਦੌਰਾਨ ਅਚਾਨਕ ਭੱਠੀ ਵਿੱਚ ਧਮਾਕਾ ਹੋ ਗਿਆ।
ਇਸ ਧਮਾਕੇ ਕਾਰਨ ਪਿਘਲਿਆ ਹੋਇਆ ਲੋਹਾ ਉੱਛਲ ਕੇ ਭੱਠੀ 'ਤੇ ਕੰਮ ਕਰ ਰਹੇ ਮਜ਼ਦੂਰਾਂ 'ਤੇ ਜਾ ਡਿੱਗਿਆ, ਜਿਸ ਕਾਰਨ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਨੇ ਹੁਣ ਰੂਸ 'ਚ ਖੇਡੀ ਖੂਨੀ ਖੇਡ, ਭੂਪੀ ਰਾਣਾ ਗੈਂਗ ਦੇ ਮੈਂਬਰ ਦਾ ਸਿਰ ਵੱਢ ਕੇ ਕਰਵਾਇਆ ਕਤਲ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜ ਗਏ। ਉਧਰ ਭੱਠੀ ਵਿੱਚ ਹੋਏ ਹਾਦਸੇ ਤੋਂ ਬਾਅਦ ਮੁਹੱਲਾ ਨਿਵਾਸੀ ਇੱਕਠੇ ਹੋ ਗਏ ਅਤੇ ਗੁੱਸੇ 'ਚ ਆਏ ਮੁਹੱਲਾ ਵਾਸੀਆਂ ਨੇ ਫਰਨੇਸ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਬੜੀ ਮੁਸ਼ਕਲ ਨਾਲ ਸਭ ਨੂੰ ਸ਼ਾਂਤ ਕਰਵਾਇਆ।
ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਇਸ ਹਾਦਸੇ ਦੌਰਾਨ ਲਗਾਤਾਰ ਤਿੰਨ ਧਮਾਕੇ ਹੋਏ, ਜਿਸ ਤੋਂ ਬਾਅਦ ਪੂਰਾ ਇਲਾਕਾ ਦਹਿਲ ਗਿਆ ਅਤੇ ਉਨ੍ਹਾਂ ਦੇ ਮਕਾਨਾਂ ਦੀਆਂ ਕੰਧਾ ਤਕ ਕੰਬ ਗਈਆਂ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜਾਂ ਤਾਂ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ ਜਾਂ ਫੇਰ ਇਸ 'ਤੇ ਸਖ਼ਤੀ ਨਾਲ ਨਿਯਮਾਂ ਨੂੰ ਲਾਗੂ ਕਰਵਾਇਆ ਜਾਵੇ।
ਇਹ ਵੀ ਪੜ੍ਹੋ- ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਆਸਮਾਨ ਨੂੰ ਛੂਹੀਆਂ ਲਪਟਾਂ, ਕਈ ਕਿਲੋਮੀਟਰ ਤੱਕ ਫੈਲਿਆ ਧੂੰਆ
ਉਧਰ ਮੌਕੇ 'ਤੇ ਪਹੁੰਚੇ ਐੱਸ.ਪੀ. ਫਤਹਿਗੜ੍ਹ ਸਾਹਿਬ ਰਕੇਸ਼ ਯਾਦਵ ਨੇ ਕਿਹਾ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਹਾਦਸੇ ਵਿਚ 6 ਮਜ਼ਦੂਰ ਝੁਲਸ ਗਏ ਹਨ ਫਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e