ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ ਹੈ: ਮਹਿਬੂਬਾ ਮੁਫ਼ਤੀ

04/22/2024 4:45:07 PM

ਸ਼੍ਰੀਨਗਰ- ਪੀਪੁਲਜ਼ ਡੈਮੋਕ੍ਰਿਟਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਧਾਰਾ-370 ਨੂੰ ਰੱਦ ਕਰਨ ਖਿਲਾਫ਼ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਲੋਕ ਸਭਾ ਦੀ ਲੜਾਈ ਉਨ੍ਹਾਂ ਦੀ ਪੀ. ਡੀ. ਪੀ. ਅਤੇ ਨੈਸ਼ਨਲ ਕਾਨਫਰੰਸ (ਨੇਕਾਂ) ਵਿਚਾਲੇ ਨਹੀਂ ਹੈ ਸਗੋਂ ਇਹ ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਨਵੀਂ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ ਹੈ। ਮੁਫ਼ਤੀ ਨੇ ਦੱਖਣੀ ਕਸ਼ਮੀਰ ਵਿਚ ਇਕ ਚੋਣ ਮੁਹਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਮਝਦੇ ਹਨ ਕਿ ਉਨ੍ਹਾਂ ਨੂੰ ਇਕ ਅਜਿਹੀ ਆਵਾਜ਼ ਦੀ ਲੋੜ ਹੈ, ਜੋ ਦਿੱਲੀ 'ਚ ਸੱਤਾ ਦੇ ਸਾਹਮਣੇ ਖੜ੍ਹੀ ਹੋਵੇ ਅਤੇ ਕਸ਼ਮੀਰ ਦੇ ਮੁੱਦਿਆਂ 'ਤੇ ਗੱਲ ਕਰੇ। ਨਾਲ ਹੀ ਸਾਲ 2019 ਮਗਰੋਂ ਹੋਏ ਅੱਤਿਆਚਾਰ ਬਾਰੇ ਗੱਲ ਕਰੇ।

ਮੁਫ਼ਤੀ ਨੇ ਕਿਹਾ ਕਿ ਮੈਂ ਸੱਤਾ 'ਚ ਬੈਠੇ ਲੋਕਾਂ ਦੇ ਸਾਹਮਣੇ ਖੜ੍ਹੀ ਰਹਾਂਗੀ ਅਤੇ ਉਨ੍ਹਾਂ ਨੂੰ ਦੱਸਾਂਗੀ ਕਿ ਧਾਰਾ-370 ਨੂੰ ਰੱਦ ਕਰਨ ਦਾ ਫ਼ੈਸਲਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਅਤੇ ਤੁਹਾਨੂੰ ਇਸ ਨੂੰ ਪਲਟਣਾ ਹੋਵੇਗਾ। ਜਦੋਂ ਉਨ੍ਹਾਂ ਤੋਂ ਅਨੰਤਨਾਗ ਵਿਚ ਮੁਕਾਬਲੇ ਬਾਰੇ ਪੁੱਛਿਆ ਗਿਆ, ਜਿੱਥੇ ਉਨ੍ਹਾਂ ਦਾ ਮੁਕਾਬਲਾ ਨੇਕਾਂ ਨੇਤਾ ਮਿਆਂ ਅਲਤਾਫ਼ ਨਾਲ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੁਕਾਬਲਾ ਨੇਕਾਂ ਉਪ ਪ੍ਰਧਾਨ ਉਮਰ ਅਬਦੁੱਲਾ ਅਤੇ ਉਨ੍ਹਾਂ ਵਿਚਾਲੇ ਨਹੀਂ ਹੈ। ਇਹ ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਨਵੀਂ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ ਹੈ ਅਤੇ ਲੋਕ ਸਹੀ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਸਾਲ 2019 ਮਗਰੋਂ ਹੋਏ ਅੱਤਿਆਚਾਰਾਂ ਬਾਰੇ ਗੱਲ ਕਰਨ ਵਾਲਿਆਂ ਨੂੰ ਹੀ ਜਨਤਾ ਵੋਟ ਦੇਵੇਗੀ। ਧਾਰਾ-370 ਨੂੰ ਗੈਰ-ਕਾਨੂੰਨੀ ਅਤੇ ਅਸੰਵਿਧਾਨਕ ਤਰੀਕੇ ਨਾਲ ਹਟਾ ਦਿੱਤਾ ਗਿਆ, ਜੋ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨਾ-ਮਨਜ਼ੂਰ ਹੈ।


Tanu

Content Editor

Related News