ਭਾਜਪਾ ਨੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਦੇਸ਼ਭਰ ''ਚ ਵੋਟ ਪਾਉਣ ਲਈ ਹਥਿਆਰ ਵਜੋਂ ਕੀਤਾ ਇਸਤੇਮਾਲ : ਮਹਿਬੂਬਾ
Tuesday, Apr 09, 2024 - 04:15 PM (IST)
ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਸ਼ਮੀਰੀ ਪੰਡਿਤਾਂ ਦੇ ਦੁੱਖ-ਦਰਦ ਨੂੰ ਦੇਸ਼ ਭਰ ਵਿਚ ਵੋਟਾਂ ਹਾਸਲ ਕਰਨ ਲਈ 'ਹਥਿਆਰ' ਵਜੋਂ ਵਰਤਿਆ ਹੈ। ਪੀਡੀਪੀ ਦੀ ਚੇਅਰਪਰਸਨ ਇੱਥੇ ਅਬੀ ਗੁੱਜਰ ਇਲਾਕੇ ਵਿਚ ਕਸ਼ਮੀਰੀ ਪੰਡਿਤ ਰੋਸ਼ਨ ਲਾਲ ਦੇ ਘਰ ਜਾ ਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਰੋਸ਼ਨ ਲਾਲ ਇਕ ਫੋਟੋ ਜਰਨਲਿਸਟ ਸਨ ਜਿਨ੍ਹਾਂ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ। ਮਹਿਬੂਬਾ ਮੁਫਤੀ ਨੇ ਦੋਸ਼ ਲਾਇਆ,''ਭਾਜਪਾ ਨੇ ਕਸ਼ਮੀਰੀ ਪੰਡਤਾਂ ਨੂੰ ਨਾ ਸਿਰਫ਼ ਵੋਟ ਬੈਂਕ ਦੇ ਤੌਰ 'ਤੇ ਵਰਤਿਆ, ਸਗੋਂ ਹਥਿਆਰ ਵਜੋਂ ਵੀ ਵਰਤਿਆ। ਉਸ ਨੇ ਕਸ਼ਮੀਰੀ ਪੰਡਤਾਂ ਦੇ ਦੁੱਖਾਂ ਨੂੰ ਇਕ ਹਥਿਆਰ ਵਜੋਂ ਵਰਤਿਆ ਅਤੇ ਫਿਰ ਉਸ ਹਥਿਆਰ ਨੂੰ ਦੂਜਿਆਂ ਦੀਆਂ ਵੋਟਾਂ ਹਾਸਲ ਕਰਨ ਲਈ ਵਰਤਿਆ। ਉਨ੍ਹਾਂ ਕਿਹਾ,“ਪੰਡਿਤ ਭਾਈਚਾਰੇ ਕੋਲ ਆਪਣੀਆਂ ਇੰਨੀਆਂ ਵੋਟਾਂ ਨਹੀਂ ਹਨ ਪਰ ਭਾਜਪਾ ਨੇ ਉਨ੍ਹਾਂ ਲਈ ਕੁਝ ਕੀਤੇ ਬਿਨਾਂ ਹੀ ਉਨ੍ਹਾਂ ਦੇ ਦਰਦ ਅਤੇ ਦੁੱਖ ਦਾ ਇਸਤੇਮਾਲ ਕੀਤਾ ਅਤੇ ਉਹ ਉਨ੍ਹਾਂ ਦੇ ਨਾਂ 'ਤੇ ਵੋਟ ਹਾਸਲ ਕਰਨ ਨਿਕਲ ਪਈ।''
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੰਮੂ ਕਸ਼ਮੀਰ 'ਚ ਸਿੱਧੇ ਤੌਰ 'ਤੇ ਪ੍ਰਸ਼ਾਸਨ ਚਲਾਉਣ ਲੱਗੀ ਹੈ, ਉਦੋਂ ਤੋਂ ਉਹ ਕਸ਼ਮੀਰ ਪੰਡਿਤ ਵੀ ਚਲੇ ਗਏ, ਜੋ ਇੱਥੇ ਰਹਿੰਦੇ ਸਨ, ਕਿਉਂਕਿ ਸਥਿਤੀ ਹੀ ਅਜਿਹੀ ਹੋ ਗਈ।'' ਪੀਡੀਪੀ ਮੁਖੀ ਨੇ ਕਿਹਾ ਕਿ ਰੋਸ਼ਨ ਲਾਲ ਉਨ੍ਹਾਂ ਦੇ ਪਿਤਾ ਮੁਫ਼ਤੀ ਮੁਹੰਮਦ ਸਈਅਦ ਦੇ ਕਰੀਬੀ ਦੋਸਤ ਸਨ ਅਤੇ ਕੁਝ ਫ਼ਿਲਮਾਂ 'ਚ ਦਿਖਾਈ ਗਈ ਸਥਿਤੀ ਦੇ ਬਾਵਜੂਦ ਘਾਟੀ 'ਚ ਰਹਿੰਦੇ ਸਨ। ਮਹਿਬੂਬਾ ਮੁਫ਼ਤੀ ਨੇ ਫਿਲਮ 'ਕਸ਼ਮੀਰ ਫਾਈਲਜ਼' ਵੱਲ ਸੰਕੇਤ ਦਿੱਤਾ। ਉਨ੍ਹਾਂ ਕਿਹਾ,''ਦੇਸ਼ਭਰ 'ਚ ਕਸ਼ਮੀਰੀਆਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਨ੍ਹਾਂ ਬਾਰੇ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ। ਮੈਂ ਸੋਚਦੀ ਹਾਂ ਕਿ ਭਾਈਚਾਰੇ ਵਿਚਾਲੇ ਰੋਸ਼ਨ ਲਾਲ ਦਾ ਇੱਥੇ ਰਹਿਣਾ ਫਿਲਮ ਨੂੰ ਜਵਾਬ ਹੈ। ਰੋਸ਼ਨ ਲਾਲ ਦੇ ਦਿਹਾਂਤ 'ਤੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਹ ਭਾਈਚਾਰਾ ਸਭ ਤੋਂ ਵੱਡਾ ਉਦਾਹਰਣ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e