‘ਕੋਰੋਨਾ’ ਦੇ ਕਾਰਣ ਕਿਸਾਨ ਸੰਕਟ ’ਚ ਕਣਕ ਦੀ ਵਾਢੀ ਅਤੇ ਖਰੀਦ ਪ੍ਰਭਾਵਿਤ ਹੋਣ ਦਾ ਖਦਸ਼ਾ

04/05/2020 2:07:37 AM

‘ਕੋਰੋਨਾ’ ਇਨਫੈਕਸ਼ਨ ਕਾਰਣ ਦੇਸ਼ ’ਚ ਲਾਗੂ ਲਾਕਡਾਊਨ ਨਾਲ ਹੋਰਨਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ, ਜਿਸ ’ਚ ਪਸ਼ੂਆਂ ਲਈ ਚਾਰੇ, ਹਾਰਵੈਸਟਿੰਗ ਕੰਬਾਈਨਾਂ ਅਤੇ ਮਜ਼ਦੂਰਾਂ ਦੀ ਘਾਟ ਕਾਰਣ ਫਸਲਾਂ ਦੀ ਕਟਾਈ ’ਚ ਪ੍ਰੇਸ਼ਾਨੀ, ਅਗਲੀ ਫਸਲ ਲਈ ਖੇਤਾਂ ਦੀ ਤਿਆਰੀ ਅਤੇ ਖਾਦਾਂ-ਬੀਜਾਂ ਦੀ ਅਣਉਪਲੱਬਧਤਾ ਆਦਿ ਸ਼ਾਮਲ ਹਨ। ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਆਦਿ ਸੂਬਿਆਂ ’ਚ, ਜਿਥੇ ਵਾਢੀ ਖਤਮ ਹੋਣ ਵਾਲੀ ਹੈ, ਵਾਢੀ ਲਈ ਗਈਆਂ ਲੱਗਭਗ 8-10 ਹਜ਼ਾਰ ਹਾਰਵੈਸਟਿੰਗ ਕੰਬਾਈਨਾਂ ਲਾਕਡਾਊਨ ਕਾਰਣ ਉਥੇ ਫਸ ਗਈਆਂ ਹਨ ਅਤੇ ਜੋ ਹਾਰਵੈਸਟਿੰਗ ਕੰਬਾਈਨਾਂ ਪੰਜਾਬ ਅਤੇ ਹਰਿਆਣਾ ’ਚ ਮੌਜੂਦ ਵੀ ਹਨ, ਉਨ੍ਹਾਂ ਦੇ ਮਾਲਕਾਂ ਨੂੰ ਡੀਜ਼ਲ ਅਤੇ ਆਪਣੀਆਂ ਕੰਬਾਈਨਾਂ ਦੀ ਮੁਰੰਮਤ ਲਈ ਫੁਟਕਲ ਪੁਰਜ਼ੇ ਆਦਿ ਪ੍ਰਾਪਤ ਕਰਨ ’ਚ ਮੁਸ਼ਕਿਲ ਆਉਣ ਕਾਰਣ ਉਨ੍ਹਾਂ ਸਾਹਮਣੇ ਆਪਣੀ ਪੱਕ ਰਹੀ ਕਣਕ ਦੀ ਫਸਲ ਦੀ ਵਾਢੀ ਦੀ ਸਮੱਸਿਆ ਪੈਦਾ ਹੋ ਗਈ ਹੈ। ਅਜਿਹੀ ਹਾਲਤ ’ਚ ਹੱਥ ਨਾਲ ਵਾਢੀ ਕਰਨਾ ਹੀ ਇਕੋ-ਇਕ ਬਦਲ ਰਹਿ ਗਿਆ ਸੀ ਪਰ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਸੂਬਿਆਂ ਨੂੰ ਪਰਤ ਜਾਣ ਨਾਲ ਮਜ਼ਦੂਰਾਂ ਦੀ ਵੀ ਘਾਟ ਹੋ ਗਈ ਹੈ। ਇਸ ਕਾਰਣ ਹਰਿਆਣਾ ’ਚ ਕਿਸਾਨ ਪ੍ਰਵਾਸੀ ਮਜ਼ਦੂਰਾਂ ਦੇ ਸ਼ੈਲਟਰਾਂ ’ਚ ਜਾ ਕੇ ਉਨ੍ਹਾਂ ਨੂੰ ਵਾਪਸ ਪਰਤ ਆਉਣ ਲਈ ਰਾਜ਼ੀ ਕਰਨ ਲਈ ਯਤਨਸ਼ੀਲ ਹਨ।

ਇਸ ਦੇ ਲਈ ਉਹ ਪੁਲਸ ਨੂੰ ਇਹ ਲਿਖ ਕੇ ਦੇਣ ਨੂੰ ਵੀ ਤਿਆਰ ਹਨ ਕਿ ਉਹ ਲਾਕਡਾਊਨ ਦੇ ਸਮੇਂ ਦੌਰਾਨ ਮਜ਼ਦੂਰਾਂ ਨੂੰ ਭੋਜਨ ਅਤੇ ਰਹਿਣ ਲਈ ਸਥਾਨ ਵੀ ਮੁਹੱਈਆ ਕਰਨਗੇ। ਮਜ਼ਦੂਰਾਂ ਦੀ ਘਾਟ ਕਾਰਣ ਵਾਢੀ ਤੋਂ ਬਾਅਦ ਮੰਡੀਆਂ ’ਚ ਫਸਲ ਪਹੁੰਚਾਉਣ ਅਤੇ ਉਸ ਦੀ ਸਰਕਾਰ ਵਲੋਂ ਖਰੀਦ ਦੀ ਵੀ ਸਮੱਸਿਆ ਪੈਦਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਨੂੰ ਆਸ ਹੈ ਕਿ ਸਥਾਨਕ ਲੇਬਰ ਦੀ ਮਦਦ ਨਾਲ ਇਸ ਸੰਕਟ ’ਤੇ ਕਾਬੂ ਪਾ ਲਿਆ ਜਾਵੇਗਾ ਅਤੇ ਇਸ ਨੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਦਾ ਭਰੋਸਾ ਦਿੱਤਾ ਹੈ ਅਤੇ ਲੋੜ ਪੈਣ ’ਤੇ ਕਿਸਾਨਾਂ ਦੇ ਘਰ ਜਾ ਕੇ ਫਸਲ ਖਰੀਦਣ ਦੀ ਤਿਆਰੀ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਕਿਸਾਨ ਆਸਵੰਦ ਨਹੀਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ’ਚ ਢਿੱਲ ਦੇਣ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਆਉਣ ਨਾਲ ਹੀ ਇਸ ਸਮੱਸਿਆ ’ਚ ਕੁਝ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਕਿਸਾਨ ਨੇਤਾਵਾਂ ਵਲੋਂ ਮੰਡੀਆਂ ’ਚ ਕੋਰੋਨਾ ਦੇ ਪ੍ਰਕੋਪ ਅਤੇ ਭੀੜ ਨੂੰ ਵਧਣ ਤੋਂ ਰੋਕਣ ਲਈ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ’ਚ ‘ਸੋਸ਼ਲ ਡਿਸਟੈਂਸਿੰਗ’ ਨਿਯਮ ਦੀ ਪਾਲਣਾ ਯਕੀਨੀ ਕਰਨ ਲਈ ਉਥੇ ਕਣਕ ਨੂੰ ਆਉਂਦਿਆਂ ਹੀ ਉਸ ਨੂੰ ਤੋਲਣ ਅਤੇ ਅਦਾਇਗੀ ਕਰਨ ਅਤੇ ਹਾਰਵੈਸਟਿੰਗ ਕੰਬਾਈਨਾਂ ਅਤੇ ਟਰੈਕਟਰਾਂ ਆਦਿ ਦੀ ਮੁਰੰਮਤ ਕਰਵਾਉਣ ਲਈ ਇਨ੍ਹਾਂ ਦੇ ਪੁਰਜ਼ਿਆਂ ਦੇ ਡੀਲਰਾਂ ਅਤੇ ਮੁਰੰਮਤ ਲਈ ਵਰਕਸ਼ਾਪਾਂ ਨੂੰ ਲਾਕਡਾਊਨ ਤੋਂ ਮੁਕਤ ਰੱਖਣ ਦੀ ਮੰਗ ਵੀ ਸਰਕਾਰ ਕੋਲ ਕੀਤੀ ਜਾ ਰਹੀ ਹੈ। ਜਿਥੇ ਪੰਜਾਬ ਸਰਕਾਰ ਕਿਸਾਨਾਂ ਦੇ ਘਰ-ਘਰ ਜਾ ਕੇ ਫਸਲ ਖਰੀਦਣ ਦੀ ਤਿਆਰੀ ਕਰ ਰਹੀ ਹੈ, ਉਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ’ਚ ਕਣਕ ਨਾ ਲਿਆ ਕੇ ਆਪਣੇ ਘਰਾਂ ’ਚ ਹੀ ਰੱਖਣ। ਉਨ੍ਹਾਂ ਨੇ ਆੜ੍ਹਤੀਆਂ ਨੂੰ ਵੀ ਕਿਸਾਨਾਂ ਨੂੰ ਬੋਰੀਆਂ ਮੁਹੱਈਆ ਕਰਵਾਉਣ ਲਈ ਕਹਿਣ ਤੋਂ ਇਲਾਵਾ ਕਿਸਾਨਾਂ ਨੂੰ ਬੋਨਸ ਦੇਣ ਦਾ ਵੀ ਐਲਾਨ ਕੀਤਾ ਹੈ। ਹਾਲਾਂਕਿ ਦੇਸ਼ ਦਾ ਅੰਨ ਭੰਡਾਰ ਅਖਵਾਉਣ ਵਾਲੇ ਦੋਵੇਂ ਸੂਬੇ ਪੰਜਾਬ ਅਤੇ ਹਰਿਆਣਾ ਕੇਂਦਰੀ ਪੂਲ ’ਚ ਸਭ ਤੋਂ ਵੱਧ ਅਨਾਜ ਦਾ ਯੋਗਦਾਨ ਪਾਉਂਦੇ ਹਨ ਅਤੇ ਇਨ੍ਹਾਂ ਦੀਆਂ ਸਰਕਾਰਾਂ ਇਸ ਬਾਰੇ ਗੰਭੀਰਤਾ ਦਿਖਾ ਰਹੀਆਂ ਹਨ ਪਰ ਦੋਵਾਂ ਹੀ ਸੂਬਿਆਂ ਦੇ ਕਿਸਾਨਾਂ ਦੀਆਂ ਵਿਵਹਾਰਿਕ ਸਮੱਸਿਆਵਾਂ ਹੋਣ ਕਾਰਣ ਆਉਣ ਵਾਲਾ ਸਮਾਂ ਚੁਣੌਤੀਪੂਰਨ ਜ਼ਰੂਰ ਹੋਵੇਗਾ। ਇਸ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਅਜਿਹੇ ਉਪਾਅ ਤੁਰੰਤ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਕਿਸਾਨਾਂ ਦੀ ਸੁਰੱਖਿਆ ਵੀ ਪ੍ਰਭਾਵਿਤ ਨਾ ਹੋਵੇ, ਅਨਾਜ ਵੀ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ ਅਤੇ ਕਿਸਾਨਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਮੁਕਤੀ ਵੀ ਮਿਲ ਸਕੇ।

–ਵਿਜੇ ਕੁਮਾਰ


Bharat Thapa

Content Editor

Related News