ਵਿਹਲੇ ਰਹਿਣ ਦੇ ਮੁਕਾਬਲੇ ’ਚ ਲਵਪ੍ਰੀਤ ਅਤੇ ਸਤਵੀਰ ਸਿੰਘ ਨੂੰ ਪਹਿਲਾ ਅਤੇ ਦੂਸਰਾ ਸਥਾਨ
Monday, Dec 01, 2025 - 11:30 PM (IST)
ਨਿਹਾਲ ਸਿੰਘ ਵਾਲਾ, ਮੋਗਾ (ਬਾਵਾ, ਗੋਪੀ ਰਾਊਕੇ, ਕਸ਼ਿਸ਼) - ਡਿਜੀਟਲ ਯੁਗ ਦੀ ਤੇਜ਼ ਰਫਤਾਰ ਅਤੇ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਨੇ ਜ਼ਿੰਦਗੀ ਦੀ ਰਫਤਾਰ ਨੂੰ ਬ੍ਰੇਕਾਂ ਲਗਾ ਦਿੱਤੀਆਂ ਹਨ ਅਤੇ ਮੋਬਾਈਲ ਦੀ ਬੇਲੋੜੀ ਵਰਤੋਂ ਨੇ ਸਾਡੇ ਰਿਸ਼ਤਿਆਂ ਨੂੰ ਵੀ ਸੱਟ ਮਾਰੀ ਹੈ। ਇਸੇ ਗੰਭੀਰ ਬੀਮਾਰੀ ਦੀ ਰੋਕਥਾਮ ਲਈ ਨਵੀਂ ਸੋਚ ਕਲੱਬ ਘੋਲੀਆ ਖੁਰਦ ਵੱਲੋਂ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਪਿੰਡ ਵਿਚ ਵਿਹਲੇ ਰਹਿਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ 55 ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ ਇਹ ਮੁਕਾਬਲਾ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਜਦੋਂ ਕਿ 5 ਨੌਜਵਾਨ ਚਾਰ ਘੰਟੇ ਬਾਅਦ ਹੀ ਮੁਕਾਬਲਾ ਛੱਡ ਕੇ ਬਾਹਰ ਹੋ ਗਏ।
ਅਖੀਰ ਇਹ ਮੁਕਾਬਲਾ 32 ਘੰਟੇ ਚੱਲਿਆਂ ਅਤੇ 2 ਮੁਕਾਬਲੇਬਾਜ਼ ਲਵਪ੍ਰੀਤ ਸਿੰਘ ਰੌਲੀ ਅਤੇ ਸਤਵੀਰ ਸਿੰਘ ਮੁਕਾਬਲੇ ਵਿਚ ਰਹਿ ਗਏ, ਜਿਨ੍ਹਾਂ ਨੂੰ ਸਹਿਮਤੀ ਨਾਲ ਪਹਿਲਾ ਅਤੇ ਦੂਸਰਾ ਸਥਾਨ ਦਿੱਤਾ ਗਿਆ। ਤੀਸਰੇ ਸਥਾਨ ’ਤੇ ਢੁੱਡੀਕੇ ਦਾ ਚੰਨਣ ਸਿੰਘ ਰਿਹਾ। ਪਹਿਲੇ ਇਨਾਮ ਵਿਚ ਇਕ ਸਾਈਕਲ ਅਤੇ 4500 ਰੁਪਏ, ਦੂਸਰੇ ਵਿਚ 2500 ਅਤੇ ਤੀਸਰੇ ਨੂੰ 1500 ਦਾ ਇਨਾਮ ਦਿੱਤਾ ਗਿਆ। ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨਾਂ ਲੋਕਾਂ ਅਤੇ ਔਰਤਾਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨਾ, ਮੋਬਾਈਲ ਦੀ ਬੇਲੋੜੀ ਵਰਤੋਂ ਦੀ ਆਦਤ ਘਟਾਉਣਾ ਅਤੇ ਵਿਹਲੇ ਸਮੇਂ ਵਿਚ ਪੁਸਤਕਾਂ ਪੜ੍ਹਨ ਤੇ ਹੋਰ ਕੋਈ ਕੰਮ ਕਰਨ ਦੀ ਆਦਤ ਪਾਉਣਾ ਹੈ।
