ਕਿਸਾਨ ਤੇ ਕਾਂਗਰਸ ਆਗੂਆਂ ''ਤੇ ਦਰਜ ਕੀਤੇ ਪਰਚੇ ਝੂਠੇ, ਬਦਲਾਖੋਰੀ ਦੀ ਕਾਰਵਾਈ ਕਰ ਰਹੀ ਸਰਕਾਰ : ਖਹਿਰਾ
Tuesday, Nov 25, 2025 - 05:56 PM (IST)
ਕਪੂਰਥਲਾ : ਹਲਕਾ ਭੁਲੱਥ ਵਿਚ ਹੜ੍ਹ ਰਾਹਤ ਸਮੱਗਰੀ ਚੋਰੀ ਦੇ ਦੋਸ਼ਾਂ 'ਤੇ ਭਾਰਤੀ ਕਿਸਾਨ ਯੂਨੀਅਨ ਅਤੇ ਕਾਂਗਰਸ ਨਾਲ ਸਬੰਧਤ 7 ਆਗੂਆਂ ਵਿਰੁੱਧ ਦਰਜ ਕੀਤੇ ਗਏ ਪੁਲਸ ਕੇਸ ਨੇ ਸਿਆਸੀ ਤਣਾਅ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਖ਼ਤ ਵਿਰੋਧ ਪ੍ਰਗਟਾਇਆ ਹੈ ਅਤੇ ਕੇਸ ਨੂੰ ਸਰਾਸਰ ਝੂਠਾ, ਤੱਥਾਂ ਤੋਂ ਰਹਿਤ ਅਤੇ ਸਿਆਸੀ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਅਤੇ ਕਾਂਗਰਸੀ ਆਗੂਆਂ ਦੇ ਨਾਮ ਇਸ ਕੇਸ ਵਿਚ ਜੋੜੇ ਗਏ ਹਨ, ਉਹ ਹੜ੍ਹਾਂ ਦੇ ਸਮੇਂ ਪੀੜਤ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਮੈਦਾਨ ਵਿਚ ਉਤਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਾਰੇ ਲੋਕ ਆਪਣੇ ਖ਼ਰਚ 'ਤੇ ਪੀੜਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਖਾਣ-ਪੀਣ, ਕੱਪੜੇ, ਪਸ਼ੂਆਂ ਦਾ ਚਾਰਾ ਅਤੇ ਦਵਾਈਆਂ ਆਦਿ ਪਹੁੰਚਾ ਰਹੇ ਸਨ। ਖਹਿਰਾ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਸਰਕਾਰੀ ਛੁੱਟੀ ਹੈ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਬਦਲਾਖੋਰੀ ਨਹੀਂ ਖਤਮ ਹੋ ਰਹੀ। ਇਸੇ ਦੇ ਚੱਲਦੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਦੇ ਸਮੇਂ ਨੇਕੀ ਨਾਲ ਕੀਤੀ ਸੇਵਾ ਨੂੰ ਅੱਜ ਸਿਆਸੀ ਰੰਗ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਰਾਹਤ ਸਮੱਗਰੀ ਚੋਰੀ ਨਹੀਂ ਕੀਤੀ, ਬਲਕਿ ਆਪਣੀਆਂ ਜੇਬਾਂ ਤੋਂ ਪੈਸਾ ਖਰਚ ਕਰਕੇ ਮਦਦ ਕੀਤੀ। ਪੁਲਸ ਨੇ ਬੌਕਰ ਪਾਰਟੀ ਦੇ ਜ਼ਮਾਨਤ ਜ਼ਬਤ ਮਹਿਕਮੇ ਦੇ ਸਿਆਸੀ ਦਬਾਅ ਹੇਠ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਸੇਵਾ-ਸਮਰਪਿਤ ਲੋਕਾਂ ਦਾ ਹੌਸਲਾ ਨਹੀਂ ਤੋੜਿਆ ਜਾ ਸਕਦਾ। ਖਹਿਰਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਖਹਿਰਾ ਨੇ ਸਪੱਸ਼ਟ ਕੀਤਾ ਕਿ ਜੇ ਲੋੜ ਪਈ ਤਾਂ ਇਸ ਮਾਮਲੇ ਨੂੰ ਕਾਨੂੰਨੀ ਤੌਰ 'ਤੇ ਵੀ ਲੜਿਆ ਜਾਵੇਗਾ ਅਤੇ ਬੇਗੁਨਾਹ ਆਗੂਆਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਅੱਜ ਪਬਲੀਸਿਟੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ, ਸਾਰੇ ਪੰਜਾਬ ਦੇ ਖੰਭੇ ਇਸ਼ਤਿਹਾਰਾਂ ਨਾਲ ਭਰੇ ਪਏ ਹਨ ਪਰ ਅੱਜ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਗਈ ਇਸ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪੁਲਸ ਨੇ ਦੋ ਆਗੂਆਂ ਨੂੰ ਅਦਾਲਤ ਵਿਚ ਜੱਜ ਸਾਹਮਣੇ ਪੇਸ਼ ਵੀ ਕਰ ਦਿੱਤਾ ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਪੁਲਸ ਨੇ ਰਿਮਾਂਡ ਤਕ ਨਹੀਂ ਮੰਗਿਆ। ਜੇ ਪੁਲਸ ਨੂੰ ਰਿਮਾਂਡ ਦੀ ਲੋੜ ਨਹੀਂ ਫਿਰ ਚੋਰੀ ਕਿਸ ਚੀਜ਼ ਦੀ ਹੋਈ।
ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਝਾੜੂ ਵਾਲੀ ਸਰਕਾਰ ਕਿਸ ਤਰ੍ਹਾਂ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਤੁਸੀਂ ਮੇਰੇ ਸਮਰਥਕਾਂ 'ਤੇ ਪਰਚੇ ਦਰਜ ਕਰਨ ਦੀ ਬਜਾਏ ਮੇਰੇ 'ਤੇ ਪਰਚਾ ਦਰਜ ਕਰੋ। ਮੇਰੇ ਉਪਰ ਪੰਜ ਪਰਚੇ ਪਹਿਲਾਂ ਹੀ ਦਰਜ ਹਨ, ਜੇ ਅਜੇ ਵੀ ਭੁੱਖ ਨਹੀਂ ਮਿਟੀ ਤਾਂ ਹੋਰ ਦਰਜ ਕਰ ਲਵੋ। ਖਹਿਰਾ ਨੇ ਕਿਹਾ ਕਿ ਸਰਕਾਰ ਦੀ ਕਾਰਵਾਈ ਦੇਖ ਕੇ ਇੰਝ ਜਾਪ ਰਿਹਾ ਕਿ ਇਹ ਸਰਕਾਰ ਐਂਟੀ ਸਿੱਖ ਹੈ। ਇਸ ਪਾਰਟੀ ਨੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਇਸ਼ਤਿਹਾਰ ਲਗਾ ਦਿੱਤੇ ਪਰ ਗੁਰੂ ਸਾਹਿਬ ਦੇ ਜ਼ੁਲਮ ਦੇ ਵਿਰੁੱਧ ਵਾਲੇ ਫਲਸਫੇ ਤੋਂ ਬਿਲਕੁਲ ਉਲਟ ਚੱਲ ਕੇ ਖੁਦ ਜ਼ੁਲਮ ਕਰ ਰਹੀ ਹੈ। ਅੱਜ ਪੰਜਾਬ ਵਿਚ ਬੇਕਸੂਰ ਨੌਜਵਾਨਾਂ ਦੇ ਐਨਕਾਊਂਟਰ ਕੀਤੇ ਜਾ ਰਹੇ, ਐਨ. ਐੱਸ. ਏ. ਲਗਾ ਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ। ਖਹਿਰਾ ਨੇ ਕਿਹਾ ਕਿ ਪਰਚੇ ਦਰਜ ਕਰਨ ਵਾਲੇ ਇਹ ਨਾ ਭੁੱਲ ਜਾਣ ਕਿ ਉਨ੍ਹਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਧੱਕਾ ਕਰਨ ਵਾਲਿਆਂ ਨੂੰ ਇਕ-ਇਕ ਪਰਚੇ ਦਾ ਹਿਸਾਬ ਦੇਣਾ ਪਵੇਗਾ।
