ਲੁਧਿਆਣਾ ਅਤੇ ਮੁੰਬਈ ਦੇ ਮਸ਼ਹੂਰ ਕਾਰੋਬਾਰੀਆਂ ਦਾ ਵੱਡਾ ਕਾਂਡ! ਸਿਰ ''ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

Saturday, Nov 22, 2025 - 01:59 PM (IST)

ਲੁਧਿਆਣਾ ਅਤੇ ਮੁੰਬਈ ਦੇ ਮਸ਼ਹੂਰ ਕਾਰੋਬਾਰੀਆਂ ਦਾ ਵੱਡਾ ਕਾਂਡ! ਸਿਰ ''ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਲੁਧਿਆਣਾ (ਅਨਿਲ)- ਥਾਣਾ ਪੀ. ਏ. ਯੂ. ਦੀ ਪੁਲਸ ਨੇ ਲੁਧਿਆਣਾ ਅਤੇ ਮੁੰਬਈ ਦੇ 2 ਮਸ਼ਹੂਰ ਕਾਰੋਬਾਰੀਆਂ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਇੰਸ. ਵਿਜੇ ਕੁਮਾਰ ਅਤੇ ਜਾਂਚ ਅਧਿਕਾਰੀ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸਲੇਮ ਟਾਬਰੀ ਦੇ ਨੇਤਾ ਜੀ ਨਗਰ ਦੇ ਰਹਿਣ ਵਾਲੇ ਨਿਤਿਨ ਆਹੂਜਾ ਪੁੱਤਰ ਸੋਮਰਾਜ ਆਹੂਜਾ ਨੇ 31 ਅਕਤੂਬਰ 2025 ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਸ਼ਿਕਾਇਤਕਰਤਾ ਨਿਤਿਨ ਆਹੂਜਾ ਨੇ ਦੱਸਿਆ ਕਿ ਉਸ ਨਾਲ ਲੁਧਿਆਣਾ ਦੇ ਪ੍ਰਾਪਰਟੀ ਕਾਰੋਬਾਰੀ ਸੰਜੀਵ ਕੁਮਾਰ ਜੈਨ ਉਰਫ ਰਿੰਕੂ ਜੈਨ ਪੁੱਤਰ ਸੁਸ਼ੀਲ ਕੁਮਾਰ ਜੈਨ ਨਿਵਾਸੀ ਕਿਚਲੂ ਨਗਰ ਵੱਲੋਂ 250 ਗਜ਼, 470 ਗਜ਼ ਅਤੇ 500 ਗਜ਼ ਦੇ 3 ਪਲਾਟ ਲਏ ਗਏ ਸਨ, ਜਿਸ ਤੋਂ ਬਾਅਦ ਸੰਜੀਵ ਕੁਮਾਰ ਜੈਨ ਉਰਫ ਰਿੰਕੂ ਜੈਨ ਨੇ ਤਿੰਨੇ ਪਲਾਟਾਂ ਦਾ ਮੁਖਿਤਆਰ-ਏ-ਖਾਸ ਆਪਣੇ ਨਾਂ ’ਤੇ ਲਿਆ ਗਿਆ ਅਤੇ ਤਿੰਨਾਂ ਪਲਾਟਾਂ ਦੀ ਬਣਦੀ ਹੋਈ ਕੁੱਲ ਰਕਮ ਸਿਰਫ 10 ਲੱਖ ਰੁਪਏ ਉਸ ਨੂੰ ਦੇ ਦਿੱਤੇ ਅਤੇ ਬਾਕੀ ਬਚੀ ਰਕਮ ਦੇ ਬੈਂਕ ਦੇ ਚੈੱਕ ਉਸ ਨੂੰ ਦੇ ਦਿੱਤੇ।

ਇਸ ਤੋਂ ਬਾਅਦ ਸੰਜੀਵ ਕੁਮਾਰ ਜੈਨ ਨੇ ਉਸ ਦੇ ਤਿੰਨੇ ਪਲਾਟਾਂ ਨੂੰ ਪ੍ਰਿਥਵੀ ਮਹਿੰਦਰ ਸਿੰਘਵੀ ਪੁੱਤਰ ਮਹਿੰਦਰ ਮੂਲਚੰਦ ਸਿੰਘਵੀ ਨਿਵਾਸੀ ਪਾਰਕ ਮਹਾਦੇਵ ਪਲਸ ਮਾਰਗ ਮੁੰਬਈ ਨੂੰ ਰਜਿਸਟਰੀ ਕਰਵਾ ਕੇ ਵੇਚ ਦਿੱਤੇ ਗਏ। ਇਸ ਤੋਂ ਬਾਅਦ ਜਦ ਉਨ੍ਹਾਂ ਨੇ ਆਪਣੇ ਤਿੰਨੇ ਪਲਾਟਾਂ ਦੀ ਬਾਕੀ ਰਕਮ ਸੰਜੀਵ ਕੁਮਾਰ ਤੋਂ ਮੰਗੀ ਤਾਂ ਉਸ ਵਲੋਂ ਉਸ ਨੂੰ ਰਕਮ ਨਹੀਂ ਦਿੱਤੀ ਸਗੋਂ ਕਈ ਸਾਲ ਤੱਕ ਉਸ ਨੂੰ ਪੈਸੇ ਵਾਪਸ ਦੇਣ ਲਈ ਲਾਰੇ ਲਗਾਉਂਦਾ ਰਿਹਾ।

ਥਾਣਾ ਇੰਚਾਰਜ ਇੰਸ. ਵਿਜੇ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉੱਚ ਅਧਿਕਾਰੀਆਂ ਵਲੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਜਾਂਚ ਕਰਨ ਤੋਂ ਬਾਅਦ ਸੰਜੀਵ ਕੁਮਾਰ ਜੈਨ ਉਰਫ ਰਿੰਕੂ ਜੈਨ ਅਤੇ ਪ੍ਰਿਥਵੀ ਮਹਿੰਦਰ ਸਿੰਘਵੀ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਲੁਧਿਆਣਾ ਦੇ ਮਸ਼ਹੂਰ ਪ੍ਰਾਪਰਟੀ ਕਾਰੋਬਾਰੀ ਸੰਜੀਵ ਕੁਮਾਰ ਉਰਫ ਰਿੰਕੂ ਜੈਨ ਪੁੱਤਰ ਸੁਸ਼ੀਲ ਕੁਮਾਰ ਜੈਨ ਅਤੇ ਮੁੰਬਈ ਦੇ ਹੌਜ਼ਰੀ ਕਾਰੋਬਾਰੀ ਪ੍ਰਿਥਵੀ ਮਹਿੰਦਰ ਸਿੰਘਵੀ ਪੁੱਤਰ ਮਹਿੰਦਰ ਮੂਲਚੰਦ ਸਿੰਘਵੀ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਥਾਣਾ ਇੰਚਾਰਜ ਨੇ ਦੱਸਿਆ ਕਿ ਹੁਣ ਤੱਕ ਉਕਤ ਮਾਮਲੇ ’ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਦੋਵੇਂ ਮੁਲਜ਼ਮ ਹੁਣ ਤੱਕ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News