ਬੰਗਲਾਦੇਸ਼ ’ਚ ‘ਯੂਨੁਸ ਸਰਕਾਰ’ ’ਤੇ ਕੱਟੜਪੰਥੀ ਹਾਵੀ! ‘ਕਾਨੂੰਨ-ਵਿਵਸਥਾ ਦਾ ਨਿਕਲਿਆ ਜਨਾਜਾ!
Friday, Aug 29, 2025 - 05:14 PM (IST)

5 ਅਗਸਤ, 2024 ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਤਖਤਾ ਪਲਟ ਤੋਂ ਬਾਅਦ ਉਨ੍ਹਾਂ ਦੇ ਪ੍ਰਬਲ ਵਿਰੋਧੀ ‘ਮੁਹੰਮਦ ਯੂਨੁਸ’ ਦੀ ਅਗਵਾਈ ’ਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਗਠਨ ਦੇ ਬਾਅਦ ਤੋਂ ਬੰਗਲਾਦੇਸ਼ ’ਚ ਸਿਆਸੀ ਅਸਥਿਰਤਾ ਪਾਈ ਜਾ ਰਹੀ ਹੈ।
ਉੱਥੇ ਹਿੰਦੂਆਂ, ਬੌਧੀਆਂ, ਇਸਾਈਆਂ ਅਤੇ ਹੋਰ ਗੈਰ-ਮੁਸਲਿਮ ਘੱਟ ਗਿਣਤੀਆਂ ’ਤੇ ਹਮਲੇ ਵਧ ਗਏ ਹਨ। ਬੀਤੇ ਸਾਲ 4 ਅਗਸਤ ਤੋਂ ਇਸ ਸਾਲ ਜੁਲਾਈ 2025 ਦੇ ਵਿਚਾਲੇ ਫਿਰਕੂ ਹਿੰਸਾ ਦੀਆਂ 2500 ਘਟਨਾਵਾਂ ਹੋ ਚੁੱਕੀਆਂ ਹਨ ਅਤੇ ਇਸਲਾਮਿਕ ਕੱਟੜਵਾਦੀਆਂ ਨੇ 1 ਸਾਲ ਦੇ ਦੌਰਾਨ ਘੱਟੋ-ਘੱਟ 79 ਮੰਦਰਾਂ ’ਚ ਭੰਨਤੋੜ ਕੀਤੀ ਹੈ।
ਭਾਰਤ ਸਰਕਾਰ ਵਲੋਂ ਸਮੇਂ-ਸਮੇਂ ’ਤੇ ਯੂਨੁਸ ਸਰਕਾਰ ਦਾ ਧਿਆਨ ਘੱਟ ਗਿਣਤੀਆਂ ’ਤੇ ਤਸ਼ੱਦਦ ਵੱਲ ਦਿਵਾਉਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਹਨ। ਬੰਗਲਾਦੇਸ਼ ਦੀ ‘ਘੱਟ ਗਿਣਤੀ ਮਨੁੱਖੀ ਅਧਿਕਾਰ ਕਾਂਗਰਸ’ ਦੇ ਅਨੁਸਾਰ ‘ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਉੱਥੋਂ ਦੀ ਕਾਨੂੰਨ ਵਿਵਸਥਾ ’ਤੇ ਕੋਈ ਕੰਟਰੋਲ ਨਹੀਂ ਰਿਹਾ। ਦੇਸ਼ ’ਚ ਘੱਟ ਗਿਣਤੀਆਂ ਦੇ ਵਿਰੁੱਧ ਹਿੰਸਾ ਦੀ ਖਤਰਨਾਕ ਲਹਿਰ ਚੱਲ ਰਹੀ ਹੈ।’
ਬੰਗਲਾਦੇਸ਼ ਦੇ ਮਨੁੱਖੀ ਅਧਿਕਾਰ ਸੰਗਠਨ ‘ਐੱਨ. ਓ. ਸਲਿਸ਼ ਕੇਂਦਰ’ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ‘ਘੱਟ ਗਿਣਤੀ ਮਨੁੱਖੀ ਅਧਿਕਾਰ ਕਾਂਗਰਸ’ ਨੇ ਕਿਹਾ ਹੈ ਕਿ 2025 ਦੀ ਪਹਿਲੀ ਤਿਮਾਹੀ ਦੇ ਦੌਰਾਨ ਉੱਥੇ ਅਧਿਕਾਰਤ ਤੌਰ ’ਤੇ ਜਬਰ-ਜ਼ਨਾਹ ਦੇ 342 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚੋਂ 87 ਫੀਸਦੀ ਪੀੜਤ 18 ਸਾਲ ਦੀਆਂ ਘੱਟ ਉਮਰ ਦੀਆਂ ਲੜਕੀਆਂ ਅਤੇ 40 ਫੀਸਦੀ ਪੀੜਤ 6 ਸਾਲ ਤੋਂ ਘੱਟ ਉਮਰ ਦੇ ਬੱਚੇ ਸਨ।
ਇੱਥੋਂ ਤੱਕ ਕਿ ਬੰਗਲਾਦੇਸ਼ ’ਚ ਦਿਵਿਆਂਗ ਕੁੜੀਆਂ ਵੀ ਸੁਰੱਖਿਅਤ ਨਹੀਂ ਹਨ। ਇਸੇ ਸਾਲ ਜੂਨ ’ਚ 7 ਦਿਵਿਆਂਗ ਕੁੜੀਆਂ ਨਾਲ ਜਬਰ-ਜ਼ਨਾਹ ਕੀਤਾ ਿਗਆ। ਜ਼ਿਆਦਾਤਰ ਮਾਮਲਿਆਂ ’ਚ ਔਰਤਾਂ ਅਤੇ ਲ਼ੜਕੀਆਂ ਦੀਆਂ ਸਿਰ ਰਹਿਤ ਲਾਸ਼ਾਂ ਪਾਈਆਂ ਗਈਆਂ ਹਨ।
ਸਭ ਤੋਂ ਬੁਰੀ ਗੱਲ ਇਹ ਹੈ ਕਿ ਹੁਣ ਬੰਗਲਾਦੇਸ਼ ਦੀਆਂ ਅਦਾਲਤਾਂ ’ਚ ਮਾਮਲੇ ਧਾਰਮਿਕ ਪੱਖਪਾਤ (ਸੌੜੀ ਸੋਚ) ਦੇ ਆਧਾਰ ’ਤੇ ਤੈਅ ਕੀਤੇ ਜਾ ਰਹੇ ਹਨ, ਜਿਸ ਕਾਰਨ ਅਸਲ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਨਹੀਂ ਹੁੰਦੇ ਅਤੇ ਪੀੜਤਾਂ ਨੂੰ ਨਿਆਂ ਹੀ ਨਹੀਂ ਮਿਲਦਾ।
ਕਈ ਅਧਿਕਾਰਤ ਸਮੂਹਾਂ ਦੇ ਅਨੁਸਾਰ ਬੰਗਲਾਦੇਸ਼ ’ਚ ਸਾਲ 2024 ਅਤੇ ਮਈ 2025 ਦੇ ਵਿਚਾਲੇ ਸਿਆਸੀ ਵਰਕਰਾਂ ਅਤੇ ਛੋਟੇ ਕਾਰੋਬਾਰੀਆਂ ਅਤੇ ਹੋਰਨਾਂ ਲੋਕਾਂ ਸਮੇਤ ਭੀੜ ਵਲੋਂ ਕੀਤੀ ਗਈ ਹਿੰਸਾ ’ਚ 174 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 500 ਤੋਂ ਵੱਧ ਫੈਕਟਰੀਆਂ ਬੰਦ ਹੋ ਜਾਣ ਨਾਲ ਇਕ ਸਾਲ ’ਚ 1.20 ਲੱਖ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ।
ਬੀਤੇ ਮਹੀਨੇ ਇਕ ‘ਝੂਠੇ ਫੇਸਬੁੱਕ ਅਕਾਊਂਟ’ ਤੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਆਧਾਰ ‘ਰੰਜਨ’ ਨਾਂ ਦੇ ਇਕ ਨਿਰਦੋਸ਼ ਹਿੰਦੂ ਵਿਦਿਆਰਥੀ ਦੀ ਗ੍ਰਿਫਤਾਰੀ ਤੋਂ ਬਾਅਦ ਇਸਲਾਮਿਕ ਕੱਟੜਵਾਦੀਆਂ ਵਲੋਂ ‘ਅਲਦਾਦਪੁਰ’ ਪਿੰਡ ’ਚ ਸਥਿਤ ਉਸ ਦੇ ਘਰ ਸਮੇਤ 30 ਤੋਂ ਵੱਧ ਹਿੰਦੂਆਂ ਦੇ ਮਕਾਨਾਂ ’ਤੇ ਹਮਲਾ ਕਰ ਕੇ ਲੁੱਟ ਲਿਆ ਗਿਆ।
ਕੱਟੜਪੰਥੀ ਘੱਟ ਗਿਣਤੀਆਂ ਨੂੰ ਧਰਮ ਤਬਦੀਲ ਕਰਨ ਜਾਂ ਦੇਸ਼ ਛੱਡਣ ਅਤੇ ਸਰਕਾਰੀ ਨੌਕਰੀਆਂ ਤੋਂ ਅਸਤੀਫਾ ਦੇਣ ਦੇ ਲਈ ਮਜਬੂਰ ਕਰਨ ਤੋਂ ਇਲਾਵਾ ਦੇਸ਼ ਦੇ ਮੰਦਰਾਂ ਦੇ ਪ੍ਰਬੰਧਕਾਂ ਨੂੰ ਪੱਤਰ ਭੇਜ ਕੇ ਉਨ੍ਹਾਂ ਨੂੰ ਇਸਲਾਮ ਅਪਣਾਉਣ ਜਾਂ ਬੰਗਲਾਦੇਸ਼ ਛੱਡਣ ਲਈ ਵੀ ਕਹਿ ਰਹੇ ਹਨ।
‘ਸ਼ੇਖ ਹਸੀਨਾ’ ਦੀ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਇਕ ਸਾਲ ਦੇ ਦੌਰਾਨ ਬੰਗਲਾਦੇਸ਼ ਦੀ ਸਰਕਾਰ ਨੇ ਭਾਰਤ ਦੇ ਨਾਲ ਆਪਣੇ ਰਿਸ਼ਤੇ ਕਾਫੀ ਵਿਗਾੜ ਲਏ ਹਨ। ਇਕ ਪਾਸੇ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਨੇ ਭਾਰਤ ਅਤੇ ਬੰਗਲਾਦੇਸ਼ ਦੇ ਸੰਬੰਧਾਂ ’ਚ ਤਣਾਅ ਵਧਾਇਆ ਹੈ ਅਤੇ ਦੂਜੇ ਪਾਸੇ ਮੁਹੰਮਦ ਯੂਨੁਸ ਦੀਆਂ ਚੀਨ ਅਤੇ ਪਾਕਿਸਤਾਨ ਦੇ ਨਾਲ ਵਧਦੀਆਂ ਨਜ਼ਦੀਕੀਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
1971 ’ਚ ਆਪਣੀ ਸਥਾਪਨਾ ਤੋਂ ਬਾਅਦ ਸ਼ੇਖ ਮੁਜੀਬੁਰਹਿਮਾਨ ਨੇ ਬੰਗਲਾਦੇਸ਼ ’ਚ ਜੋ ਸਮਾਜਿਕ ਸੁਧਾਰ ਕੀਤੇ ਸਨ, ਉਹ ਸੁਧਾਰ ਹੁਣ ਇਤਿਹਾਸ ਬਣ ਗਏ ਹਨ ਅਤੇ ਬੰਗਲਾਦੇਸ਼ ਵੀ ਪਾਕਿਸਤਾਨ ਵਾਂਗ ਧਾਰਮਿਕ ਕੱਟੜਵਾਦ ਵੱਲ ਵਧ ਰਿਹਾ ਹੈ।
ਅੱਜ ਬੰਗਲਾਦੇਸ਼ ਦੀ ਸਰਕਾਰ ਕੱਟੜਪੰਥੀਆਂ ਦੇ ਦਬਾਅ ’ਚ ਆਪਣੇ ਹੀ ਅਤੀਤ ਅਤੇ ਇਤਿਹਾਸ ਨੂੰ ਮਿਟਾਉਣ ’ਤੇ ਉਤਾਰੂ ਹੈ, ਜੋ ਉੱਥੇ ਬੰਗਲਾਦੇਸ਼ ਦੇ ਜਨਮਦਾਤਾ ‘ਸ਼ੇਖ ਮੁਜੀਬੁਰਹਿਮਾਨ’, ਗੁਰੂਦੇਵ ਰਬਿੰਦਰ ਨਾਥ ਟੈਗੋਰ’ ਅਤੇ ਫਿਲਮਕਾਰ ‘ਸੱਤਿਆਜੀਤ ਰੇ’ ਵਰਗੀਆਂ ਮਹਾਨ ਹਸਤੀਆਂ ਦੇ ਮਕਾਨਾਂ ਨੂੰ ਤਬਾਹ ਕਰਨ ਅਤੇ ਉੱਥੋਂ ਦੀਆਂ ਪਾਠ ਪੁਸਤਕਾਂ ’ਚੋਂ ਉਨ੍ਹਾਂ ਦਾ ਵਰਣਨ ਅਤੇ ‘ਸ਼ੇਖ ਮੁਜੀਬੁਰਹਿਮਾਨ’ ਅਤੇ ਬੰਗਲਾ ਮੁਕਤੀ ਸੰਗਰਾਮ ਸੰਬੰਧੀ ਅਧਿਆਇ ਕੱਢ ਦੇਣ ਤੋਂ ਸਪੱਸ਼ਟ ਹੈ।
ਭਾਰਤ ਦੇ ਗੁਆਂਢ ’ਚ ਇਸ ਤਰ੍ਹਾਂ ਦੀ ਤਬਦੀਲੀ ਨਾ ਤਾਂ ਬੰਗਲਾਦੇਸ਼ ਲਈ ਚੰਗੀ ਹੈ ਅਤੇ ਨਾ ਹੀ ਭਾਰਤ ਲਈ।
ਵਿਜੇ ਕੁਮਾਰ