ਦੇਸ਼ ’ਚ ਤੇਜ਼ੀ ਨਾਲ ਵਧ ਰਿਹਾ ‘ਡਾਇਬਿਟੀਜ਼’, ਜਿਸ ਨਾਲ ਹੋਰ ਰੋਗਾਂ ਦਾ ਖ਼ਤਰਾ

06/10/2023 2:47:28 AM

ਖਰਾਬ ਜੀਵਨ-ਸ਼ੈਲੀ ਨਾਲ ਅੱਜ ਭਾਰਤ ’ਚ ਲੋਕ ਵੱਡੀ ਗਿਣਤੀ ’ਚ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ’ਚ ਡਾਇਬਿਟੀਜ਼, ਹਾਈਪਰਟੈਂਸ਼ਨ, ਮੋਟਾਪਾ ਅਤੇ ਹਾਈ ਕੋਲੈਸਟ੍ਰੋਲ ਮੁੱਖ ਹਨ।

ਇਹ ਸਭ ਬਿਮਾਰੀਆਂ ਚਿਤਾਵਨੀ ਦੇ ਰਹੀਆਂ ਹਨ ਕਿ ਅਗਲੇ 5 ਸਾਲਾਂ ’ਚ ਭਾਰਤ ’ਚ ਡਾਇਬਿਟੀਜ਼ ਦੇ ਰੋਗੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੇਗੀ।

ਇਕ ਅਧਿਐਨ ਅਨੁਸਾਰ ਇਸ ਸਮੇਂ ਭਾਰਤ ਦੀ ਕੁਲ ਆਬਾਦੀ ’ਚੋਂ ਲਗਭਗ 11.4 ਫੀਸਦੀ ਭਾਵ 11 ਕਰੋੜ ਲੋਕ ਡਾਇਬਿਟੀਜ਼ ਤੋਂ ਪੀੜਤ ਹਨ ਜਦਕਿ 2019 ’ਚ 7 ਕਰੋੜ ਲੋਕ ਇਸ ਤੋਂ ਪੀੜਤ ਸਨ। ਇਸੇ ਤਰ੍ਹਾਂ 15.3 ਫੀਸਦੀ ਭਾਵ ਲਗਭਗ 13.6 ਕਰੋੜ ਲੋਕ ਪ੍ਰੀ-ਡਾਇਬਿਟੀਜ਼ ਦੀ ਲਪੇਟ ’ਚ ਹਨ।

ਖਦਸ਼ਾ ਹੈ ਕਿ ਅਗਲੇ 5 ਸਾਲਾਂ ’ਚ 60 ਫੀਸਦੀ ਤੋਂ ਵੱਧ ਪ੍ਰੀ-ਡਾਇਬਿਟੀਜ਼ ਵਾਲੇ ਰੋਗੀ ਡਾਇਬਿਟੀਜ਼ ਦੀ ਸ਼੍ਰੇਣੀ ’ਚ ਆ ਜਾਣਗੇ।

ਜਦ ਖੂਨ ’ਚ ਗਲੂਕੋਜ਼ ਦੀ ਮਾਤਰਾ ਵੱਧ ਹੋਣ ਲੱਗੇ ਤਾਂ ਉਸ ਨੂੰ ਡਾਇਬਿਟੀਜ਼ ਰੋਗ ਕਿਹਾ ਜਾਂਦਾ ਹੈ, ਜਦਕਿ ਪ੍ਰੀ-ਡਾਇਬਿਟਿਕ ਰੋਗੀ ਉਹ ਹੁੰਦਾ ਹੈ ਜਿਸ ਦੀ ਬਲੱਡ ਸ਼ੂਗਰ ਦਾ ਪੱਧਰ ਆਮ ਤੋਂ ਜ਼ਿਆਦਾ ਹੋਵੇ ਪਰ ਓਨਾ ਜ਼ਿਆਦਾ ਨਾ ਹੋਵੇ ਕਿ ਉਸ ਨੂੰ ਟਾਈਪ 2 ਡਾਇਬਿਟੀਜ਼ ਦੀ ਸ਼੍ਰੇਣੀ ’ਚ ਰੱਖਿਆ ਜਾ ਸਕੇ।

ਭਾਰਤ ’ਚ ਮੋਟਾਪਾ ਵੀ ਵੱਡੀ ਸਮੱਸਿਆ ਹੈ ਜੋ ਡਾਇਬਿਟੀਜ਼ ਦਾ ਵੱਡਾ ਕਾਰਨ ਹੈ। ਸ਼ਹਿਰੀ ਇਲਾਕਿਆਂ ’ਚ ਲਗਭਗ 40 ਫੀਸਦੀ ਆਬਾਦੀ ਇਸ ਤੋਂ ਪੀੜਤ ਹੈ।

ਇਸੇ ਤਰ੍ਹਾਂ ਦੇਸ਼ ਦੀ ਲਗਭਗ 35.5 ਫੀਸਦੀ ਭਾਵ ਲਗਭਗ 31.5 ਕਰੋੜ ਆਬਾਦੀ ਹਾਈਪਰਟੈਂਸ਼ਨ ਤੋਂ ਪੀੜਤ ਹੈ ਅਤੇ ਪੰਜਾਬ ’ਚ ਤਾਂ ਇਹ ਗਿਣਤੀ ਦੇਸ਼ ’ਚ ਸਭ ਤੋਂ ਵੱਧ (51.8 ਫੀਸਦੀ) ਹੈ।

ਇਸ ਲਈ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਰੋਗਾਂ ਦੇ ਖਤਰੇ ਨੂੰ ਘੱਟ ਕਰਨ ਲਈ ਜੀਵਨ-ਸ਼ੈਲੀ ’ਚ ਬਦਲਾਅ ਲਿਆ ਕੇ ਡਾਇਬਿਟੀਜ਼ ਅਤੇ ਪ੍ਰੀ-ਡਾਇਬਿਟੀਜ਼ ਨੂੰ ਵਧਣ ਤੋਂ ਰੋਕਣ ਦੀ ਲੋੜ ਹੈ।

ਇਸ ਲਈ ਪੌਸ਼ਟਿਕ ਭੋਜਨ ਦੇ ਸੇਵਨ, ਖੰਡ ਵਾਲੀ ਖੁਰਾਕ ਘੱਟ ਕਰਨ ਅਤੇ ਵਰਕਆਊਟ (ਜਿਮ, ਕਸਰਤ, ਯੋਗਾ, ਸਾਈਕਲਿੰਗ, ਸੈਰ ਆਦਿ) ਨੂੰ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਕਰਨ ਦੀ ਸਭ ਤੋਂ ਵੱਧ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News