ਪੰਜਾਬ ਸਰਕਾਰ ਦਾ ਇਕ ਹੋਰ ਇਤਿਹਾਸਕ ਫ਼ੈਸਲਾ, ਸੂਬੇ ਭਰ ''ਚ ਹੋਣ ਜਾ ਰਹੀ ਨਵੀਂ ਸ਼ੁਰੂਆਤ
Tuesday, Nov 04, 2025 - 11:15 AM (IST)
ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ)- ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰਾਜ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਤੇ ਆਧੁਨਿਕ ਦੌਰ ਨਾਲ ਜੋੜਦਿਆਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਫੁੱਲੀ ਈ-ਹਸਪਤਾਲ ਵਜੋਂ ਉਦਘਾਟਨ ਕਰਨ ਸਮੇਤ ਇੱਥੇ ਮੁੱਖ ਮੰਤਰੀ ਮਰੀਜ਼ ਸਹਾਇਤਾ ਕੇਂਦਰ ਨੂੰ ਵੀ ਮਰੀਜ਼ਾਂ ਲਈ ਸਮਰਪਿਤ ਕੀਤਾ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਰਾਜਿੰਦਰਾ ਹਸਪਤਾਲ ਵਿਖੇ ਮਰੀਜ਼ਾਂ ਨੂੰ ਤੇਜ਼, ਪਾਰਦਰਸ਼ੀ ਤੇ ਆਸਾਨ ਸਿਹਤ ਸੇਵਾ ਪ੍ਰਦਾਨ ਹੋਵੇਗੀ ਅਤੇ ਸੂਬੇ ਦੇ ਲੋਕਾਂ ਨੂੰ ਉਤਮ ਸਿਹਤ ਸੇਵਾ ਪਹੁੰਚਾਉਣ ਲਈ ਜਲਦੀ ਹੀ ਇਹ ਪ੍ਰਣਾਲੀ ਰਾਜ ਦੇ ਬਾਕੀ ਸਾਰੇ ਜ਼ਿਲ੍ਹਾ ਤੇ ਸਬ-ਡਵੀਜ਼ਨ ਹਸਪਤਾਲਾਂ ’ਚ ਸ਼ੁਰੂ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਦੇ ਸੁਪਨੇ ਤਹਿਤ ਸੂਬੇ ਵਿਚ ਸਿਹਤ, ਵਿਕਾਸ, ਸਿੱਖਿਆ ਤੇ ਰੁਜ਼ਗਾਰ ਨੂੰ ਪਹਿਲ ਦਿੰਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਦੀ ਗਵਾਚੀ ਸ਼ਾਨ ਬਹਾਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇੱਥੇ ਕ੍ਰਿਟੀਕਲ ਮੈਡੀਸਿਨ, ਫੈਮਿਲੀ ਮੈਡੀਸਨ, ਪੈਲੀਏਟਿਵ ਤੇ ਜੈਰੀਏਟਿਵ ਕੇਅਰ ਦੇ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਹੋਰ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਸਮੇਤ 300 ਬੈਡਾਂ ਦਾ ਟਰੌਮਾ ਕੇਅਰ ਹਸਪਤਾਲ ਬਣਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਘਾਟ ਕਾਰਨ ਚੰਡੀਗੜ੍ਹ ਰੈਫ਼ਰ ਨਾ ਕਰਨਾ ਪਵੇ। ਡਾ. ਬਲਬੀਰ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਿੰਗਜ਼-ਇਲੈਵਨ ਪੰਜਾਬ ਅਧੀਨ ਰਾਊਂਡ ਟੇਬਲ ਇੰਡੀਆ ਵੱਲੋਂ 30 ਲੱਖ ਦੀ ਲਾਗਤ ਨਾਲ ਬਣਾਏ ਗਏ ਮੁੱਖ ਮੰਤਰੀ ਮਰੀਜ਼ ਸਹਾਇਤਾ ਕੇਂਦਰ ’ਚ ਮਰੀਜ਼ਾਂ ਤੇ ਵਾਰਿਸਾਂ ਨੂੰ ਬੈਠਣ, ਉਡੀਕ ਕਰਨ, ਜਨ ਔਸ਼ਧੀ ਦਵਾਈਆਂ ਦੀ ਸਹੂਲਤ ਸਮੇਤ ਮਰੀਜ਼ਾਂ, ਬਜ਼ੁਰਗ ਅਤੇ ਅਪਾਹਿਜਾਂ ਨੂੰ ਹਰ ਤਰ੍ਹਾਂ ਦੀ ਮਦਦ ਵੀ ਪ੍ਰਦਾਨ ਕਰਨ ਲਈ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਸਿਹਤ ਮੰਤਰੀ ਨੇ ਦੱਸਿਆ ਕਿ ਈ ਹਸਪਤਾਲ ਡਿਜੀਟਲ ਇੰਡੀਆ ਪਹਿਲਕਦਮੀ ਤਹਿਤ ਐੱਨ. ਆਈ. ਸੀ. ਦੁਆਰਾ ਵਿਕਸਤ ਇਕ ਓਪਨ-ਸੋਰਸ ਹਸਪਤਾਲ ਪ੍ਰਬੰਧਨ ਪ੍ਰਣਾਲੀ ਤਹਿਤ ਰਾਜਿੰਦਰਾ ਹਸਪਤਾਲ ਦਾ ਪੂਰਾ ਡਿਜੀਟਲਾਈਜ਼ੇਸ਼ਨ ਹੋ ਗਿਆ। ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਓਪੀਡੀ ਸਲਿੱਪਾਂ ਦੇਣ ਅਤੇ ਲੈਬ ਇਨਫਰਮੇਸ਼ਨ ਸਿਸਟਮ ਚਾਲੂ ਹੋਣ ਨਾਲ ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਰਿਪੋਰਟਾਂ ਵੀ ਮਿਲਣਗੀਆਂ।
ਇਕ ਮੌਕੇ ਡੀ. ਆਰ. ਐੱਮ. ਈ. ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਆਰ. ਪੀ. ਐੱਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਡਾ. ਸੁਧੀਰ ਵਰਮਾ, ਐੱਨ. ਆਈ. ਸੀ. ਤੋਂ ਸਟੇਟ ਇਨਫਰਮੇਟਿਕ ਅਫ਼ਸਰ ਵਿਵੇਕ ਵਰਮਾ, ਸੀਨੀਅਰ ਡਾਇਰੈਕਟਰ ਧਰਮੇਸ਼ ਕੁਮਾਰ ਤੇ ਡਾਇਰੈਕਟਰ ਆਈ. ਟੀ. ਸੰਜੀਵ ਸ਼ਰਮਾ, ਐੱਲ. ਸੀ. ਗੁਪਤਾ, ਅਨੰਦ ਸਰਕਾਰੀਆ, ਵਿਵੇਕ ਕੁਮਾਰ, ਡਾ. ਦੀਪਾਲੀ, ਡਾ. ਸੀਮਾ ਸਮੇਤ, ਪਟਿਆਲਾ ਹੈਲਥ ਫਾਊਡੇਸ਼ਨ, ਪਟਿਆਲਾ ਇੰਡਸਟਰੀ ਐਸੋਸੀਏਸ਼ਨ, ਜਨ ਹਿਤ ਸੰਮਤੀ, ਲਾਇਨਜ਼ ਕਲੱਬ, ਖ਼ੂਨਦਾਨੀ ਸੰਸਥਾਵਾਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਫੈਕਲਿਟੀ ਤੇ ਮੈਡੀਕਲ ਵਿਦਿਆਰਥੀ ਵੀ ਮੌਜੂਦ ਸਨ।
