ਬਠਿੰਡਾ: ਰੰਜ਼ਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
Friday, Nov 14, 2025 - 01:59 AM (IST)
ਬਠਿੰਡਾ (ਵਰਮਾ) - ਸਥਾਨਕ ਧੋਬੀਆਣਾ ਬਸਤੀ ’ਚ ਪੁਰਾਣੀ ਰੰਜ਼ਿਸ਼ ਕਾਰਨ ਬੁੱਧਵਾਰ ਰਾਤ ਨੂੰ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਸਿਵਲ ਲਾਈਨ ਪੁਲਸ ਨੇ ਘਟਨਾ ’ਚ ਨਾਮਜ਼ਦ 5 ਨੌਜਵਾਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਸਾਰੇ ਮੁਲਜ਼ਮ ਇਸ ਸਮੇਂ ਫਰਾਰ ਹਨ।
ਜਾਣਕਾਰੀ ਅਨੁਸਾਰ ਕੱਚਾ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਜਤਿੰਦਰ ਕੁਮਾਰ (26) ਬੁੱਧਵਾਰ ਰਾਤ ਆਪਣੇ ਛੋਟੇ ਭਰਾ ਧਰਮਿੰਦਰ (22) ਨਾਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਵਿਸਕੀ, ਗੁਰਮਨ, ਸੁਖਪ੍ਰੀਤ, ਪ੍ਰਿੰਸ ਅਤੇ ਨੂਰ ਨੇ ਤਿੰਨ-ਚਾਰ ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਦੋਵਾਂ ਭਰਾਵਾਂ ਨੂੰ ਘੇਰ ਲਿਆ ਅਤੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਜਤਿੰਦਰ ਦੀ ਮੌਤ ਹੋ ਗਈ, ਜਦੋਂ ਕਿ ਧਰਮਿੰਦਰ ਨੂੰ ਇਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਸ ਅਨੁਸਾਰ ਦੀਵਾਲੀ ਦੀ ਰਾਤ ਨੂੰ ਧਰਮਿੰਦਰ ਦਾ ਮੁਲਜ਼ਮਾਂ ਨਾਲ ਝਗੜਾ ਹੋ ਗਿਆ ਸੀ। ਉਦੋਂ ਤੋਂ ਹੀ ਉਹ ਉਸ ਨਾਲ ਰੰਜਿਸ਼ ਰੱਖਦੇ ਸੀ।
