ਬਿਹਾਰ ''ਚ ਭਾਜਪਾ ਤੇ ਜਨਤਾ ਦਲ (ਯੂ) ਵਿਚਾਲੇ ਵਧ ਰਹੀਆਂ ਦੂਰੀਆਂ

Friday, Jun 29, 2018 - 04:23 AM (IST)

2013 ਵਿਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਨਾਲੋਂ 17 ਸਾਲ ਪੁਰਾਣਾ ਗੱਠਜੋੜ ਤੋੜਨ ਮਗਰੋਂ ਨਿਤੀਸ਼ ਕੁਮਾਰ ਰਾਜਦ ਨਾਲ ਜੁੜ ਗਏ। 26 ਜੁਲਾਈ 2017 ਨੂੰ ਰਾਜਦ ਨੇਤਾ ਤੇਜਸਵੀ ਯਾਦਵ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਦੋਹਾਂ ਪਾਰਟੀਆਂ ਦਾ ਗੱਠਜੋੜ ਟੁੱਟ ਗਿਆ ਤੇ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਇਸ ਤੋਂ ਕੁਝ ਹੀ ਘੰਟਿਆਂ ਬਾਅਦ ਉਹ ਮੁੜ ਰਾਜਗ ਵਿਚ ਸ਼ਾਮਿਲ ਹੋ ਗਏ ਅਤੇ ਭਾਜਪਾ ਨੂੰ ਸੱਤਾ ਵਿਚ ਭਾਈਵਾਲ ਬਣਾ ਕੇ ਆਪਣੀ ਗੱਦੀ ਬਚਾ ਲਈ।
ਸ਼ੁਰੂ-ਸ਼ੁਰੂ ਵਿਚ ਤਾਂ ਜਨਤਾ ਦਲ (ਯੂ) ਅਤੇ ਰਾਜਗ ਵਿਚਾਲੇ ਸਭ ਠੀਕ ਚੱਲਦਾ ਰਿਹਾ ਪਰ ਮਾਰਚ 2018 ਵਿਚ ਭਬੂਆ ਵਿਧਾਨ ਸਭਾ ਸੀਟ 'ਤੇ ਹੋਈ ਉਪ-ਚੋਣ ਵਿਚ ਰਾਜਦ ਉਮੀਦਵਾਰ ਦੀ ਜਿੱਤ ਅਤੇ ਜਨਤਾ ਦਲ (ਯੂ) ਉਮੀਦਵਾਰ ਦੀ ਹਾਰ ਤੋਂ ਬਾਅਦ ਭਾਜਪਾ ਤੇ ਜਨਤਾ ਦਲ (ਯੂ) ਵਿਚਾਲੇ ਮੱਤਭੇਦ ਪੈਦਾ ਹੋਣ ਲੱਗੇ ਅਤੇ ਨਿਤੀਸ਼ ਕੁਮਾਰ ਵੱਖ-ਵੱਖ ਮੁੱਦਿਆਂ 'ਤੇ ਅਸਹਿਮਤੀ ਪ੍ਰਗਟਾਉਣ ਲੱਗੇ। 
* 14 ਅਪ੍ਰੈਲ ਨੂੰ ਉਨ੍ਹਾਂ ਕਿਹਾ ਕਿ ''ਸੱਤਾ ਰਹੇ ਨਾ ਰਹੇ, ਭ੍ਰਿਸ਼ਟਾਚਾਰ, ਅਪਰਾਧ ਤੇ ਫਿਰਕੂ ਸਦਭਾਵਨਾ ਵਿਗਾੜਨ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਨੂੰ ਸੰਵਿਧਾਨ ਨੇ ਜੋ ਰਾਖਵਾਂਕਰਨ ਦਿੱਤਾ ਹੈ, ਉਸ ਨੂੰ ਕੋਈ ਨਹੀਂ ਖੋਹ ਸਕਦਾ। ਮੈਨੂੰ ਆਪਣੇ ਕੰਮ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।''
* 20 ਅਪ੍ਰੈਲ ਨੂੰ ਖੁਲਾਸਾ ਹੋਇਆ ਕਿ ਕੁਝ ਦਿਨ ਪਹਿਲਾਂ ਪਟਨਾ 'ਚ ਮੁਸਲਿਮ ਸੰਗਠਨ 'ਇਮਾਰਤ-ਏ-ਸ਼ਰੀਆ' ਵਲੋਂ ਮੁਸਲਮਾਨਾਂ ਨੂੰ ਜਨਤਾ ਦਲ (ਯੂ) ਵੱਲ ਆਕਰਸ਼ਿਤ ਕਰਨ ਲਈ 'ਦੀਨ ਬਚਾਓ, ਦੇਸ਼ ਬਚਾਓ' ਦੇ ਬੈਨਰ ਹੇਠਾਂ ਆਯੋਜਿਤ ਰੈਲੀ ਲਈ ਨਿਤੀਸ਼ ਕੁਮਾਰ ਨੇ 40 ਲੱਖ ਰੁਪਏ ਦਿੱਤੇ। 
ਇਸ ਰੈਲੀ ਵਿਚ ਮੁਸਲਿਮ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਜ ਕੇ ਨਿੰਦਿਆ ਅਤੇ ਨਿਤੀਸ਼ ਕੁਮਾਰ ਅਤੇ ਜਨਤਾ ਦਲ (ਯੂ) ਦਾ ਗੁਣਗਾਨ ਕੀਤਾ । ਇਸ ਰੈਲੀ ਦੇ ਕਨਵੀਨਰ ਖਾਲਿਦ ਅਨਵਰ ਨੂੰ ਨਿਤੀਸ਼ ਕੁਮਾਰ ਨੇ ਐੱਮ. ਐੱਲ. ਸੀ. ਵੀ ਬਣਾ ਦਿੱਤਾ।
* 26 ਮਈ ਨੂੰ ਨਿਤੀਸ਼ ਨੇ ਨੋਟਬੰਦੀ ਦੀ ਆਲੋਚਨਾ ਕਰਦਿਆਂ ਕਿਹਾ, ''ਮੈਂ ਪਹਿਲਾਂ ਨੋਟਬੰਦੀ ਦਾ ਸਮਰਥਕ ਸੀ ਪਰ ਇਸ ਨਾਲ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ? ਕੁਝ ਲੋਕ ਆਪਣੀ ਨਕਦ ਰਕਮ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਵਿਚ ਸਫਲ ਰਹੇ।''
* 30 ਮਈ ਨੂੰ ਉਨ੍ਹਾਂ ਨੇ ਵਿਕਾਸ ਪ੍ਰਤੀ ਕੇਂਦਰ ਸਰਕਾਰਾਂ ਦੇ ਪੱਖਪਾਤੀ ਫੈਸਲਿਆਂ ਦਾ ਜ਼ਿਕਰ ਕਰਦਿਆਂ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਦੁਹਰਾਈ। 
* 21 ਜੂਨ ਨੂੰ ਪਟਨਾ ਵਿਚ ਸੂਬਾ ਸਰਕਾਰ ਵਲੋਂ ਆਯੋਜਿਤ ਯੋਗ ਦਿਵਸ ਸਮਾਗਮ ਵਿਚ ਨਿਤੀਸ਼ ਕੁਮਾਰ ਨਹੀਂ ਪਹੁੰਚੇ।
ਇੰਨਾ ਹੀ ਨਹੀਂ, ਅਗਲੀਆਂ ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਮੱਤਭੇਦ ਵਧਦੇ ਜਾ ਰਹੇ ਹਨ। ਜਨਤਾ ਦਲ (ਯੂ) ਦੇ ਨੇਤਾ ਸੰਜੇ ਸਿੰਘ ਨੇ ਭਾਜਪਾ ਨੂੰ ਚੌਕਸ ਕੀਤਾ ਕਿ :
''2014 ਅਤੇ 2019 ਦੀਆਂ ਚੋਣਾਂ ਵਿਚ ਬਹੁਤ ਫਰਕ ਹੈ। ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਬਿਹਾਰ ਵਿਚ ਨਿਤੀਸ਼ ਕੁਮਾਰ ਤੋਂ ਬਿਨਾਂ ਚੋਣਾਂ ਜਿੱਤਣਾ ਇਸ ਦੇ ਲਈ ਸੌਖਾ ਨਹੀਂ ਹੋਵੇਗਾ ਅਤੇ ਜੇ ਭਾਜਪਾ ਨੂੰ ਜਨਤਾ ਦਲ (ਯੂ) ਦੀ ਲੋੜ ਨਹੀਂ ਹੈ ਤਾਂ ਉਹ ਬਿਹਾਰ ਵਿਚ ਸਾਰੀਆਂ 40 ਸੀਟਾਂ 'ਤੇ ਚੋਣਾਂ ਲੜਨ ਲਈ ਆਜ਼ਾਦ ਹੈ।''
ਉਕਤ ਸਾਰੀਆਂ ਗੱਲਾਂ ਨੂੰ ਦੇਖਦਿਆਂ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਬਿਹਾਰ ਵਿਚ ਰਾਜਗ ਗੱਠਜੋੜ ਸਰਕਾਰ ਵਿਚ ਸਭ ਠੀਕ ਨਹੀਂ ਹੈ ਅਤੇ ਸੰਜੇ ਸਿੰਘ ਦੇ ਬਿਆਨ ਨਾਲ ਬਿਹਾਰ ਦੇ ਵਿਰੋਧੀ ਨੇਤਾਵਾਂ ਦੇ ਉਸ ਖਦਸ਼ੇ ਦੀ ਪੁਸ਼ਟੀ ਹੁੰਦੀ ਦਿਖਾਈ ਦੇ ਰਹੀ ਹੈ ਕਿ ਕਿਤੇ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲੋਂ ਅੱਡ ਨਾ ਹੋ ਜਾਵੇ। 
ਅਜਿਹੀਆਂ ਘਟਨਾਵਾਂ ਦਰਮਿਆਨ ਜਿੱਥੇ ਸੂਬੇ ਵਿਚ ਭਾਜਪਾ-ਜਨਤਾ ਦਲ (ਯੂ) ਗੱਠਜੋੜ ਦੇ ਭਵਿੱਖ ਬਾਰੇ ਅੰਦਾਜ਼ੇ ਲਾਏ ਜਾ ਰਹੇ ਹਨ, ਉਥੇ ਹੀ ਨਿਤੀਸ਼ ਕੁਮਾਰ ਵਲੋਂ ਰਾਜਦ ਸੁਪਰੀਮੋ ਲਾਲੂ ਯਾਦਵ ਨੂੰ ਫੋਨ ਕਰ ਕੇ ਉਨ੍ਹਾਂ ਦਾ ਹਾਲਚਾਲ ਪੁੱਛਣ ਨਾਲ ਬਿਹਾਰ ਵਿਚ ਸਿਆਸੀ ਅਟਕਲਬਾਜ਼ਾਂ ਨੂੰ ਹੋਰ ਬਲ ਮਿਲ ਗਿਆ ਹੈ ਕਿ ਕਿਤੇ ਇਹ ਨਿਤੀਸ਼ ਕੁਮਾਰ ਵਲੋਂ ਮਹਾਗੱਠਜੋੜ ਵਿਚ ਵਾਪਸੀ ਦੇ ਯਤਨਾਂ ਦੀ ਸ਼ੁਰੂਆਤ ਤਾਂ ਨਹੀਂ ਜਾਂ ਫਿਰ ਕੀ ਇਹ ਸਭ ਜਨਤਾ ਦਲ (ਯੂ) ਵਲੋਂ ਚੋਣਾਂ ਵਿਚ ਜ਼ਿਆਦਾ ਸੀਟਾਂ ਲੈਣ ਅਤੇ ਮੁਸਲਿਮ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ? 
ਕੁਲ ਮਿਲਾ ਕੇ ਇਸ ਸਮੇਂ ਬਿਹਾਰ ਦੀ ਸਿਆਸਤ ਕੁਝ ਅਜਿਹੇ ਮੋੜ 'ਤੇ ਆ ਪਹੁੰਚੀ ਹੈ, ਜਿੱਥੇ ਇਕ ਸਿਰੇ 'ਤੇ ਭਾਜਪਾ, ਦੂਜੇ ਸਿਰੇ 'ਤੇ ਰਾਜਦ ਅਤੇ ਵਿਚਾਲੇ ਨਿਤੀਸ਼ ਕੁਮਾਰ ਹਨ। ਹੁਣ ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਕਿ ਇਸ ਘਟਨਾ ਦਾ ਅੰਜਾਮ ਕੀ ਹੋਵੇਗਾ ਅਤੇ ਭਾਜਪਾ ਤੇ ਜਨਤਾ ਦਲ (ਯੂ) ਆਪਣੇ ਰਿਸ਼ਤੇ 'ਤੇ ਮੰਡਰਾਅ ਰਹੇ ਸੰਕਟ ਬਾਰੇ ਉੱਠ ਰਹੇ ਖਦਸ਼ਿਆਂ ਦਾ ਨਿਵਾਰਣ ਕਿਵੇਂ ਕਰਦੇ ਹਨ। ਉਂਝ ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੈ ਕਿ ਕਾਂਗਰਸ, ਭਾਜਪਾ ਅਤੇ ਜਨਤਾ ਦਲ (ਯੂ) ਸਕੇ ਤਾਂ ਕਿਸੇ ਦੇ ਵੀ ਨਹੀਂ ਹਨ। 
—ਵਿਜੇ ਕੁਮਾਰ


Vijay Kumar Chopra

Chief Editor

Related News