ਪੰਜਾਬ ''ਚ ਹੋ ਗਿਆ ਵੱਡਾ ਐਨਕਾਊਂਟਰ! ਪੁਲਸ ''ਤੇ ਗੈਂਗਸਟਰ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Saturday, Sep 27, 2025 - 09:02 PM (IST)

ਬਲਾਚੌਰ /ਨਵਾਂਸ਼ਹਿਰ, (ਬ੍ਰਹਮਪੁਰੀ )- ਅੱਜ ਦੁਪਹਿਰ ਸਮੇਂ ਬਲਾਚੌਰ ਥਾਣਾ ਸਦਰ ਅਧੀਨ ਆਓਂਦੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਭੱਦੀ ਪਿੰਡ ਕੋਲ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਸਨੇ ਇੱਕ ਸ਼ੱਕੀ ਵਿਅਕਤੀ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਵੀ ਜਵਾਬ 'ਚ ਫਾਈਰਿੰਗ ਕੀਤੀ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ ਅਤੇ ਮੋਟਰਸਾਈਕਲ ਸੁੱਟ ਕੇ ਫਰਾਰ ਹੋ ਗਿਆ।
ਜਾਣਕਾਰੀ ਸਾਂਝੀ ਕਰਦੇ ਹੋਏ ਸਤਿੰਦਰ ਪਾਲ ਡੀ ਆਈ ਜੀ ਲੁਧਿਆਣਾ ਰੇਂਜ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖ਼ੇ ਮੀਡੀਆ ਨੂੰ ਦੱਸਿਆ ਕਿ ਉੱਕਤ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਨਵਾਂਸ਼ਹਿਰ ਵਿਖ਼ੇ ਦਾਖਲ ਕਰਵਾਇਆ ਗਿਆ। ਦੇਰ ਸ਼ਾਮ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਛਾਣ ਵਰਿੰਦਰ ਸਿੰਘ (35) ਪਿੰਡ ਪੰਡੋਰੀ ਗੋਲਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ।
ਡੀ. ਆਈ. ਜੀ. ਨੇ ਦੱਸਿਆ ਕਿ 10 ਸੰਤਬਰ ਰਾਤ 12 ਬਜੇ ਦੇ ਕਰੀਬ ਜਾਡਲਾ ਕਸਬੇ ਦੇ ਇੱਕ ਠੇਕੇ ਉਤੇ ਗ੍ਰਨੇਡ ਹਮਲਾ ਇਸ ਮ੍ਰਿਤਕ ਗੈਂਗਸਟਰ ਨੇ ਕੀਤਾ ਸੀ ਜਿਸ ਦੀ ਜ਼ਿੰਮੇਵਾਰੀ ਗੋਪੀ ਨਵਾਂਸ਼ਹਰਿਆ ਗੈਂਗਸਟਰ ਨੇ ਲਈ ਸੀ।
ਪੁਲਸ ਦੀ ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਗੈਂਗਸਟਰ ਬਹੁਤ ਸਾਰੇ ਕੇਸਾਂ ਵਿੱਚ ਪਹਿਲਾਂ ਲੋੜੀਂਦਾ ਸੀ ,ਜਿਸ ਦਾ ਰਿਕਾਰਡ ਬਹੁਤ ਕ੍ਰਿਮਿਨਲ ਪਾਇਆ ਗਿਆ। ਇਸ 'ਤੇ ਪਿੱਛਲੇ ਦਿਨੀਂ ਤਰਨਤਾਰਨ ਵਿਖ਼ੇ ਇੱਕ ਸਰਪੰਚ ਦਾ ਵੀ ਕਤਲ ਕਰਨ ਦਾ ਦੋਸ਼ ਸੀ ਜਿਸ ਵਿੱਚ ਇਹ ਲੋੜੀਂਦਾ ਸੀ।
ਪੁਲਸ ਨੂੰ ਮੌਕੇ ਤੋਂ ਇੱਕ ਪਿਸਟਲ 9ਐੱਮਐੱਮ ਵਦੇਸ਼ੀ ਅਤੇ ਇੱਕ ਮੋਟਰਸਾਈਕਲ ਮਿਲਿਆ ਹੈ ਜਿਸ ਦੀ ਪੁਲਸ ਤਫਤੀਸ਼ ਕਰ ਰਹੀ ਹੈ ਅਤੇ ਇਸ ਨਾਲ ਜੁੜੇ ਹੋਰ ਖੁਲਾਸੇ ਪੁਲਸ ਅਗਲੇ ਦਿਨਾਂ ਵਿੱਚ ਕਰਨ ਦੀ ਗੱਲ ਕਹਿ ਰਹੀ ਹੈ।