ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਬਾਜਵਾ ਵਿਚਾਲੇ ਖੜਕੀ, ਸਦਨ 10 ਮਿੰਟਾਂ ਲਈ ਮੁਲਤਵੀ
Monday, Sep 29, 2025 - 12:03 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਖ਼ਰੀਦੀ ਗਈ ਜ਼ਮੀਨ ਬਾਰੇ ਬਿਆਨ ਦੇ ਦਿੱਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 10 ਮਿੰਟਾਂ ਲਈ ਮੁਲਤਵੀ ਕਰ ਦਿੱਤਾ ਗਿਆ। ਦਰਅਸਲ ਹਰਪਾਲ ਚੀਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਡੇਢ ਮਹੀਨਾ ਪਿੰਡ ਫੁਲੜਾ 'ਚ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਨਾਲ ਸਵਾ 2 ਏਕੜ ਦੇ ਕਰੀਬ ਜ਼ਮੀਨ ਖ਼ਰੀਦ ਲਈ ਕਿਉਂਕਿ ਬਾਜਵਾ ਸਾਹਿਬ ਨੂੰ ਪਤਾ ਸੀ ਕਿ ਇੱਥੇ ਰੇਤਾ ਆਵੇਗੀ ਅਤੇ ਮਾਈਨਿੰਗ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਪਸਵਾਲ ਵਿਖੇ ਵੀ ਪ੍ਰਤਾਪ ਸਿੰਘ ਬਾਜਵਾ ਨੇ 10 ਏਕੜ ਜ਼ਮੀਨ ਧੁੱਸੀ ਬੰਨ੍ਹ ਨੇੜੇ ਖ਼ਰੀਦੀ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਕ ਗਰੀਬ ਕਿਸਾਨ ਤੋਂ ਜ਼ਮੀਨ ਖ਼ਰੀਦਣ ਦੀ ਕੀ ਲੋੜ ਪੈ ਗਈ ਸੀ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਇਸ ਜ਼ਮੀਨ 'ਤੇ ਰੇਤਾ ਆਵੇਗੀ। ਉਨ੍ਹਾਂ ਕਿਹਾ ਕਿ ਬਾਜਵਾ ਕਿਵੇਂ ਹਰ ਵੇਲੇ ਹਾਊਸ ਕਮੇਟੀ ਬਣਾਉਣ ਅਤੇ ਮੰਤਰੀ ਗੋਇਲ ਦੇ ਅਸਤੀਫ਼ੇ ਦੀ ਮੰਗ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਾਜਵਾ 24 ਘੰਟੇ ਭਾਜਪਾ ਦੇ ਬੁਲਾਰੇ ਬਣ ਕੇ ਘੁੰਮਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਸ਼ੁਰੂ, ਹੰਗਾਮਾ ਹੋਣ ਦੇ ਆਸਾਰ (ਵੀਡੀਓ)
ਉਨ੍ਹਾਂ ਕਿਹਾ ਕਿ ਬਾਜਵਾ ਚਾਹੁੰਦੇ ਹਨ ਕਿ ਅਸੀਂ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦੀਆਂ ਜ਼ਮੀਨਾਂ ਬਚਾਈਏ। ਇਸ 'ਤੇ ਪ੍ਰਤਾਪ ਸਿੰਘ ਬਾਜਵਾ ਭੜਕ ਗਏ ਅਤੇ ਪੂਰੇ ਸਦਨ ਅੰਦਰ ਰੌਲਾ ਪੈਣਾ ਸ਼ੁਰੂ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਜ਼ਮੀਨ ਤੁਹਾਡੀ ਸਰਕਾਰ ਦੇ ਸਮੇਂ ਲਈ ਹੈ ਅਤੇ ਤੁਹਾਡੀ ਸਰਕਾਰ ਕੋਲੋਂ ਰਜਿਸਟਰੀ ਕਰਵਾਈ ਹੈ, ਕਿਸੇ ਚੋਰ ਕੋਲੋਂ ਰਜਿਸਟਰੀ ਨਹੀਂ ਕਰਵਾਈ। ਉਨ੍ਹਾਂ ਨੇ ਹਰਪਾਲ ਚੀਮਾ ਨੂੰ 12000 ਕਰੋੜ ਰੁਪਏ ਦੇ ਫੰਡਾਂ ਦਾ ਹਿਸਾਬ ਮੰਗ ਲਿਆ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8