ਸੜਕਾਂ ਉੱਤੇ ਮੰਡਰਾਅ ਰਹੀ ''ਮੌਤ'' ''ਆਵਾਰਾ ਅਤੇ ਬੇਸਹਾਰਾ ਪਸ਼ੂ''

08/17/2017 7:31:34 AM

ਦੇਸ਼ 'ਚ ਲਗਾਤਾਰ ਵਧ ਰਹੀ ਆਵਾਰਾ ਕੁੱੱਤਿਆਂ ਦੀ ਗਿਣਤੀ ਤਾਂ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਭਾਰੀ ਖਤਰਾ ਬਣੀ ਹੋਈ ਹੈ, ਕੁਝ ਸਾਲਾਂ ਤੋਂ ਸੜਕਾਂ 'ਤੇ ਘੁੰਮ ਰਹੇ ਹੋਰ ਆਵਾਰਾ ਜਾਨਵਰ, ਖਾਸ ਕਰਕੇ ਛੱਡੇ ਹੋਏ ਗਊਵੰਸ਼ ਲੋਕਾਂ ਦੀ ਸੁਰੱਖਿਆ ਲਈ ਵੀ ਭਾਰੀ ਸਮੱਸਿਆ ਬਣ ਗਏ ਹਨ।
ਢਿੱਡ ਭਰਨ ਲਈ ਕੂੜੇ ਦੇ ਢੇਰਾਂ ਅਤੇ ਸਬਜ਼ੀ ਮੰਡੀਆਂ 'ਚ ਲੋਕਾਂ ਵਲੋਂ ਸੁੱਟੀਆਂ ਹੋਈਆਂ ਗਲੀਆਂ-ਸੜੀਆਂ ਚੀਜ਼ਾਂ 'ਚ ਮੂੰਹ ਮਾਰਦੇ ਇਹ ਆਵਾਰਾ ਪਸ਼ੂ ਜਿਥੇ ਗੰਦਗੀ ਫੈਲਾਉਂਦੇ ਹਨ, ਉਥੇ ਹੀ ਖੇਤਾਂ 'ਚ ਵੜ ਕੇ ਫਸਲਾਂ ਵੀ ਬਰਬਾਦ ਕਰਦੇ ਹਨ।
ਕਈ ਜਗ੍ਹਾ ਤਾਂ ਸੜਕਾਂ 'ਤੇ ਕਿਰਿਆਤਮਕ ਤੌਰ 'ਤੇ ਇਨ੍ਹਾਂ ਆਵਾਰਾ ਪਸ਼ੂਆਂ ਦਾ ਜਿਵੇਂ 'ਕਬਜ਼ਾ' ਹੀ ਹੋ ਗਿਆ ਹੈ, ਜੋ ਰਸਤਿਆਂ ਵਿਚ  'ਧਰਨਾ' ਮਾਰ ਕੇ ਬੈਠ ਜਾਂਦੇ ਹਨ, ਜਿਸ ਨਾਲ ਮੋਟਰਗੱਡੀਆਂ ਦੀ ਆਵਾਜਾਈ ਤਕ ਰੁਕ ਜਾਂਦੀ ਹੈ।
ਸਿਰਫ ਪੰਜਾਬ ਵਿਚ ਹੀ 1.10 ਲੱਖ ਦੇ ਲੱਗਭਗ ਆਵਾਰਾ ਪਸ਼ੂ ਸੜਕਾਂ 'ਤੇ ਭਟਕ ਰਹੇ ਹਨ। ਪਿਛਲੇ ਸਾਲ ਇਕੱਲੇ ਪੰਜਾਬ 'ਚ ਇਨ੍ਹਾਂ ਕਾਰਨ ਹੋਏ ਸੜਕ ਹਾਦਸਿਆਂ 'ਚ ਘੱਟੋ-ਘੱਟ 290 ਵਿਅਕਤੀਆਂ ਦੀ ਮੌਤ ਹੋਈ ਅਤੇ ਇਹ ਸਮੱਸਿਆ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ ਸਗੋਂ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਫੈਲੀ ਹੋਈ ਹੈ।
ਇਥੇ ਪੇਸ਼ ਹਨ ਸਿਰਫ ਤਿੰਨ ਹਫਤਿਆਂ ਦੌਰਾਨ ਹੋਈਆਂ ਚੰਦ ਦੁਰਘਟਨਾਵਾਂ :
* 26 ਜੁਲਾਈ ਨੂੰ ਰਾਜਸਥਾਨ ਦੇ ਬੂੰਦੀ ਜ਼ਿਲੇ 'ਚ 'ਕੇਸ਼ਵਰਾਏ ਪਾਟਨ' ਨੇੜੇ 'ਕੋਟਲਾਲਸੇਟ ਮੈਗਾ ਹਾਈਵੇ' ਉਤੇ ਅਚਾਨਕ ਚੜ੍ਹ ਆਏ ਆਵਾਰਾ ਪਸ਼ੂ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ 21 ਸਾਲਾ ਨੌਜਵਾਨ ਦੀ ਮੌਤ ਹੋ ਗਈ।
* 26 ਜੁਲਾਈ ਨੂੰ ਹੀ ਅਬੋਹਰ ਵਿਚ ਦਵਾਈ ਲੈ ਕੇ ਆ ਰਿਹਾ ਮੋਟਰਸਾਈਕਲ ਸਵਾਰ 22 ਸਾਲਾ ਨੌਜਵਾਨ ਸੜਕ 'ਤੇ ਅਚਾਨਕ ਸਾਹਮਣੇ ਆਏ ਪਸ਼ੂ ਨਾਲ ਟਕਰਾ ਕੇ ਮੌਤ ਦੇ ਮੂੰਹ 'ਚ ਚਲਾ ਗਿਆ ਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
* 30 ਜੁਲਾਈ ਨੂੰ ਆਵਾਰਾ ਪਸ਼ੂ  ਨੂੰ ਬਚਾਉਣ ਦੀ ਕੋਸ਼ਿਸ਼ 'ਚ ਜਲੰਧਰ 'ਚ ਮਕਸੂਦਾਂ ਨੇੜੇ ਤਿੰਨ ਕਾਰਾਂ ਆਪਸ 'ਚ ਭਿੜ ਗਈਆਂ।
* 31 ਜੁਲਾਈ ਦੀ ਰਾਤ ਨੂੰ ਕੋਟਾ ਨੇੜੇ ਰਾਜਸਥਾਨ ਦੇ ਖੁਰਾਕ ਤੇ ਸਪਲਾਈ ਮੰਤਰੀ ਬਾਬੂ ਲਾਲ ਵਰਮਾ ਦੀ ਕਾਰ ਅਤੇ ਸੜਕ 'ਤੇ ਘੁੰਮ ਰਹੀ ਮੱਝ ਵਿਚਾਲੇ ਟੱਕਰ ਹੋਣ ਨਾਲ ਮੰਤਰੀ ਦੇ ਨਿੱਜੀ ਸਹਾਇਕ ਦੀ ਮੌਤ ਹੋ ਗਈ ਤੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ।
* 04 ਅਗਸਤ ਨੂੰ ਮਾਨਸਾ ਨੇੜੇ ਇਕ ਨੌਜਵਾਨ ਦਾ ਮੋਟਰਸਾਈਕਲ 'ਰਾਮ ਦਿੱਤੇਵਾਲਾ ਚੌਕ' ਨੇੜੇ ਆਵਾਰਾ ਪਸ਼ੂਆਂ ਦੀ ਲਪੇਟ 'ਚ ਆ ਗਿਆ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ ਅਤੇ ਪਿੱਛੇ ਬੈਠਾ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ।
* 07 ਅਗਸਤ ਨੂੰ ਯੂ. ਪੀ. 'ਚ ਸੀਤਾਪੁਰ ਜ਼ਿਲੇ ਦੇ 'ਹਰਗਾਂਵ' ਥਾਣਾ ਖੇਤਰ 'ਚ ਆਵਾਰਾ ਪਸ਼ੂ ਨਾਲ ਟਕਰਾ ਕੇ ਮੋਟਰਸਾਈਕਲ ਨੂੰ ਅੱਗ ਲੱਗ ਜਾਣ ਨਾਲ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ।
* 08 ਅਗਸਤ ਨੂੰ ਸਤਨਾ (ਮੱਧ ਪ੍ਰਦੇਸ਼) ਦੇ ਕਚਹਿਰੀ ਕੰਪਲੈਕਸ 'ਚ ਭੂਤਰੇ ਸਾਨ੍ਹ ਨੇ ਇਕ ਘੰਟੇ ਤਕ ਭਾਰੀ ਹੁੜਦੰਗ ਮਚਾਇਆ ਅਤੇ ਲੋਕਾਂ ਨੂੰ ਦੌੜਾ-ਦੌੜਾ ਕੇ ਪ੍ਰੇਸ਼ਾਨ ਕਰਨ ਤੋਂ ਇਲਾਵਾ ਲੱਗਭਗ ਅੱਧਾ ਦਰਜਨ ਕਾਰਾਂ ਨੂੰ ਨੁਕਸਾਨ ਪਹੁੰਚਾਇਆ।
* 11 ਅਗਸਤ ਨੂੰ ਯੂ. ਪੀ. ਦੇ 'ਔਰੱਈਆ' ਵਿਚ ਇਕ ਬਾਈਕ ਦੇ ਆਵਾਰਾ ਸਾਨ੍ਹ ਨਾਲ ਟਕਰਾ ਜਾਣ 'ਤੇ ਬਾਈਕ ਸਵਾਰ ਨੌਜਵਾਨ ਮੁੰਡਾ-ਕੁੜੀ ਜ਼ਖ਼ਮੀ ਹੋ ਗਏ।
* 12 ਅਗਸਤ ਨੂੰ ਰਾਜਸਥਾਨ ਦੇ 'ਕੋਟਾ' ਵਿਚ ਮੋਟਰਸਾਈਕਲ ਸਵਾਰ ਨੌਜਵਾਨ ਹਨੇਰੇ ਵਿਚ ਬੈਠੀ ਮੱਝ ਨਾਲ ਟਕਰਾ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦੀ ਬਾਅਦ 'ਚ ਮੌਤ ਹੋ ਗਈ।
* 13 ਅਗਸਤ ਨੂੰ ਗ੍ਰੇਟਰ ਫਰੀਦਾਬਾਦ ਦੇ 'ਫਰੀਦਪੁਰ ਖੇੜੀਕਲਾਂ' ਵਿਚ ਸਥਿਤ 'ਮਾਸਟਰ ਰੋਡ' ਉਤੇ ਆਵਾਰਾ ਪਸ਼ੂਆਂ ਦੀ ਲਪੇਟ 'ਚ ਆ ਕੇ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ 15 ਅਗਸਤ ਨੂੰ ਮੌਤ ਹੋ ਗਈ।
* 15 ਅਗਸਤ ਨੂੰ ਹਾਂਸੀ ਵਿਖੇ ਦਿੱਲੀ ਰੋਡ 'ਤੇ ਗੜ੍ਹੀ ਨੇੜੇ ਮੋਟਰਸਾਈਕਲ ਦੀ ਆਵਾਰਾ ਪਸ਼ੂ ਨਾਲ ਹੋਈ ਟੱਕਰ 'ਚ ਗੁੱਗਾਮਾੜੀ ਦੇ ਦਰਸ਼ਨਾਂ ਲਈ ਜਾ ਰਹੇ ਦਿੱਲੀ ਵਾਸੀ ਨੌਜਵਾਨ ਦੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਨੌਜਵਾਨ ਜ਼ਖ਼ਮੀ ਹੋ ਗਿਆ।
ਸੰਬੰਧਤ ਪ੍ਰਸ਼ਾਸਨ ਵਲੋਂ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਦਿਵਾਉਣ 'ਚ ਅਸਫਲ ਰਹਿਣ ਕਾਰਨ ਲੋਕਾਂ 'ਚ ਗੁੱਸਾ ਵਧ ਰਿਹਾ ਹੈ ਅਤੇ ਵੱਖ-ਵੱਖ ਜਗ੍ਹਾ ਮੁਜ਼ਾਹਰਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ, ਜਿਸ 'ਚ ਔਰਤਾਂ ਵੀ ਹਿੱਸਾ ਲੈ ਰਹੀਆਂ ਹਨ।
ਲਿਹਾਜ਼ਾ ਸੰਬੰਧਤ ਮਹਿਕਮਿਆਂ ਵਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਛੇਤੀ ਤੋਂ ਛੇਤੀ ਯਤਨ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਇਸ 'ਬਿਨ ਬੁਲਾਈ ਮੌਤ' ਤੋਂ ਛੁਟਕਾਰਾ ਮਿਲ ਸਕੇ।
ਇਸ ਸਮੱਸਿਆ ਨਾਲ ਨਜਿੱਠਣ ਲਈ ਜਿਥੇ ਆਵਾਰਾ ਪਸ਼ੂਆਂ ਦੀ ਆਬਾਦੀ ਵਧਣ ਤੋਂ ਰੋਕਣ ਦੇ ਯਤਨ ਕੀਤੇ ਜਾਣ ਦੀ ਲੋੜ ਹੈ, ਉਥੇ ਹੀ ਇਨ੍ਹਾਂ ਦੇ ਮੁੜ-ਵਸੇਬੇ ਲਈ ਕੋਈ ਤਸੱਲੀਬਖਸ਼ ਪ੍ਰਬੰਧ ਕਰਨ ਦੀ ਵੀ ਲੋੜ ਹੈ।
ਸੜਕਾਂ 'ਤੇ ਘੁੰਮਣ ਵਾਲੇ ਅਨਾਥ ਗਊਵੰਸ਼ ਦੇ ਸਿੰਙਾਂ 'ਤੇ ਰਿਫਲੈਕਟਰ ਲਾਉਣ ਨਾਲ ਵੀ ਰਾਤ ਦੇ ਸਮੇਂ ਇਨ੍ਹਾਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ 'ਚ ਕੁਝ ਸਹਾਇਤਾ ਮਿਲ ਸਕਦੀ ਹੈ।                                            
—ਵਿਜੇ ਕੁਮਾਰ


Vijay Kumar Chopra

Chief Editor

Related News