ਭਾਰਤੀ ਰੇਲਗੱਡੀਆਂ ’ਚ ਵਧ ਰਹੀ ‘ਗੁੰਡਾਗਰਦੀ ਅਤੇ ਹਿੰਸਾ’

Friday, Apr 05, 2024 - 03:42 AM (IST)

ਭਾਰਤੀ ਰੇਲਗੱਡੀਆਂ ’ਚ ਵਧ ਰਹੀ ‘ਗੁੰਡਾਗਰਦੀ ਅਤੇ ਹਿੰਸਾ’

ਭਾਰਤੀ ਰੇਲਾਂ ’ਚ ਅਪਰਾਧ ਕੁਝ ਸਾਲਾਂ ਤੋਂ ਤੇਜ਼ੀ ਨਾਲ ਵਧ ਰਹੇ ਹਨ। ‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਮੁਤਾਬਕ 2020 ’ਚ ਜੀ.ਆਰ.ਪੀ. ’ਚ 29,746 ਮਾਮਲੇ ਦਰਜ ਹੋਏ, ਉੱਥੇ ਹੀ 2021 ’ਚ ਇਹ ਵਧ ਕੇ 41,816 ਅਤੇ 2022 ’ਚ 67,104 ਹੋ ਗਏ।

ਇਸ ਤੋਂ ਇਲਾਵਾ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਨੇ 2020 ’ਚ ਪੂਰੇ ਦੇਸ਼ ’ਚ 2,54,636 ਮਾਮਲੇ ਦਰਜ ਕੀਤੇ। 2021 ’ਚ ਇਨ੍ਹਾਂ ਦੀ ਗਿਣਤੀ ਵਧ ਕੇ 4,24,027 ਹੋ ਗਈ ਅਤੇ 2022 ’ਚ ਆਰ.ਪੀ.ਐੱਫ. ਨੇ ਕੁੱਲ 7,17,328 ਮਾਮਲੇ ਦਰਜ ਕੀਤੇ।

ਗੁੰਡਾਗਰਦੀ ਵਧ ਜਾਣ ਕਾਰਨ ਰੇਲਗੱਡੀਆਂ ’ਚ ਆਮ ਆਦਮੀ ਦਾ ਸਫਰ ਕਰਨਾ ਔਖਾ ਹੋ ਰਿਹਾ ਹੈ ਅਤੇ ਇਸ ’ਚ ਸਮਾਜ ਵਿਰੋਧੀ ਅਨਸਰਾਂ ਤੋਂ ਇਲਾਵਾ ਰੇਲਵੇ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ :

* 4 ਜਨਵਰੀ, 2024 ਨੂੰ ਬਗਹਾ (ਬਿਹਾਰ) ਦੇ ਵਾਲਮੀਕਿ ਨਗਰ ’ਚ ‘ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ’ ਦੀ ਰੇਲਵੇ ਪੈਂਟਰੀ ਕਾਰ ਦੇ ਮੈਨੇਜਰ ਅਤੇ ਸਟਾਫ ਤੇ ਸਥਾਨਕ ਵੈਂਡਰ ਦਰਮਿਆਨ ਕੁੱਟਮਾਰ ਦੇ ਸਿੱਟੇ ਵਜੋਂ ਮੈਨੇਜਰ ਦਾ ਸਿਰ ਫਟ ਗਿਆ ਅਤੇ ਤਿੰਨ ਵੈਂਡਰ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਸਥਾਨਕ ਵੈਂਡਰ ਨੇ ਟ੍ਰੇਨ ’ਚ ਜਬਰੀ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਖਾਣ ਵਾਲੇ ਸਾਮਾਨ ਦੀ ਲੁੱਟਮਾਰ ਕੀਤੀ।

* 7 ਜਨਵਰੀ ਨੂੰ ਬਕਸਰ (ਬਿਹਾਰ) ਰੇਲਵੇ ਸਟੇਸ਼ਨ ’ਤੇ ਕੁਰਲਾ ਤੋਂ ਪਟਨਾ ਜਾ ਰਹੀ ‘ਕੁਰਲਾ ਐਕਸਪ੍ਰੈੱਸ’ ’ਚ ਇਕ ਦਰਜਨ ਤੋਂ ਵੱਧ ਹਮਲਾਵਰਾਂ ਨੇ ਪਹਿਲਾਂ ਤਾਂ ਡੱਬੇ ਅੰਦਰ ਹੀ ਇਕ ਮੁਸਾਫਰ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਟ੍ਰੇਨ ਦੇ ਬਕਸਰ ਸਟੇਸ਼ਨ ’ਤੇ ਰੁਕਣ ’ਤੇ ਉਸ ਨੂੰ ਡੱਬੇ ’ਚੋਂ ਬਾਹਰ ਖਿੱਚ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਪਿੱਛੋਂ ਫਰਾਰ ਹੋ ਗਏ।

* 14 ਜਨਵਰੀ ਨੂੰ ਕੇਰਲ ’ਚ ਕੋਟਾਯਮ ਰੇਲਵੇ ਸਟੇਸ਼ਨ ਨੇੜੇ ‘ਅੰਮ੍ਰਿਤਾ ਐਕਸਪ੍ਰੈੱਸ’ ’ਚ ਸਫਰ ਕਰ ਰਹੀ ਇਕ ਮੁਟਿਆਰ ਨਾਲ ਛੇੜਛਾੜ ਦੇ ਦੋਸ਼ ਹੇਠ ਅੱਧਖੜ ਉਮਰ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 15 ਜਨਵਰੀ ਨੂੰ ਨੌਕਰੀ ਲਈ ਬੁਲੰਦਸ਼ਹਿਰ ਤੋਂ ਗਾਜ਼ੀਆਬਾਦ ਜਾ ਰਹੀ ਇਕ ਮੁਟਿਆਰ ਨਾਲ ਟ੍ਰੇਨ ’ਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਹਿਤੇਸ਼ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 17 ਫਰਵਰੀ ਨੂੰ ਭੋਪਾਲ ਤੋਂ ਮੁੰਬਈ ਜਾ ਰਹੇ ਸ਼ਰਾਬ ਦੇ ਨਸ਼ੇ ’ਚ ਧੁੱਤ ਸ਼ੇਅਰ ਕੰਪਨੀ ’ਚ ਮੈਨੇਜਰ ਸ਼ਾਰਦਾ ਤਿਵਾੜੀ ਨਾਮੀ ਵਿਅਕਤੀ ਨੂੰ ਇਕ ਮੁਟਿਆਰ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 29 ਫਰਵਰੀ ਨੂੰ ਫਰੀਦਾਬਾਦ ’ਚ ਇਕ ਔਰਤ ਵੱਲੋਂ ਜਨਰਲ ਟਿਕਟ ’ਤੇ ‘ਜੇਹਲਮ ਐਕਸਪ੍ਰੈੱਸ’ ਦੇ ਏ.ਸੀ. ਕੋਚ ’ਚ ਸਵਾਰ ਹੋਣ ’ਤੇ ਟੀ.ਟੀ.ਈ. ਉਸ ’ਤੇ ਭੜਕ ਗਿਆ। ਪਹਿਲਾਂ ਤਾਂ ਉਸ ਨੇ ਔਰਤ ਦਾ ਸਾਮਾਨ ਟ੍ਰੇਨ ’ਚੋਂ ਬਾਹਰ ਸੁੱਟ ਦਿੱਤਾ ਅਤੇ ਫਿਰ ਚੱਲਦੀ ਟ੍ਰੇਨ ’ਚ ਉਸ ਨੂੰ ਡੱਬੇ ਤੋਂ ਬਾਹਰ ਧੱਕਾ ਦੇ ਦਿੱਤਾ। ਇਸ ਕਾਰਨ ਉਹ ਟ੍ਰੇਨ ਅਤੇ ਪਲੇਟਫਾਰਮ ਦਰਮਿਆਨ ਫਸ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਝਾਂਸੀ ਜਾ ਰਹੀ ਇਸ ਔਰਤ ਨੇ ਟੀ.ਟੀ.ਈ. ਨੂੰ ਜੁਰਮਾਨਾ ਲੈਣ ਲਈ ਵੀ ਕਿਹਾ ਪਰ ਉਸ ਨੇ ਔਰਤ ਦੀ ਗੱਲ ਹੀ ਨਹੀਂ ਸੁਣੀ।

* 7 ਮਾਰਚ ਨੂੰ ਨਰਮਦਾਪੁਰਮ (ਮੱਧ ਪ੍ਰਦੇਸ਼) ਜ਼ਿਲ੍ਹੇ ਦੇ ਇਟਾਰਸੀ ’ਚ 3 ਵਿਅਕਤੀਆਂ ਵੱਲੋਂ ‘ਬਨਾਰਸ-ਉਧਨਾ ਭੋਲੇ ਨਗਰੀ ਐਕਸਪ੍ਰੈੱਸ’ ਦੀ ਪੈਂਟਰੀ ਕਾਰ ਦੇ ਮੈਨੇਜਰ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕਰਨ, ਉਸ ਕੋਲੋਂ ਬਾਥਰੂਮ ਸਾਫ ਕਰਵਾਉਣ ਅਤੇ ਡੇਢ ਲੱਖ ਰੁਪਏ ਤੋਂ ਵੱਧ ਰਕਮ ਲੁੱਟਣ ਦਾ ਮਾਮਲਾ ਸਾਹਮਣੇ ਆਇਆ।

* 1 ਅਪ੍ਰੈਲ ਨੂੰ ‘ਸਵਰਨ ਸ਼ਤਾਬਦੀ ਐਕਸਪ੍ਰੈੱਸ’ ’ਚ ਕਾਨਪੁਰ ਤੋਂ ਦਿੱਲੀ ਜਾ ਰਹੀ ਇਕ ਮਹਿਲਾ ‘ਪਬਲਿਕ ਪ੍ਰਾਸੀਕਿਊਟਰ’ ਕੋਲੋਂ ਇਕ ਲੁਟੇਰੇ ਨੇ ਉਸ ਦਾ ਬੈਗ ਖੋਹ ਲਿਆ ਜਿਸ ’ਚ 15,000 ਰੁਪਏ, ਮੋਬਾਈਲ, ਆਧਾਰ ਕਾਰਡ, ਪੈਨ ਕਾਰਡ, ਏ.ਟੀ.ਐੱਮ. ਕਾਰਡ, ਡਰਾਈਵਿੰਗ ਲਾਇਸੈਂਸ, ਆਈ.ਡੀ. ਕਾਰਡ, ਹੀਰੇ ਦੀਆਂ ਚਾਰ ਅੰਗੂਠੀਆਂ, ਸੋਨੇ ਦੀਆਂ ਦੋ ਚੂੜੀਆਂ ਅਤੇ ਦੋ ਗੁੱਟ-ਘੜੀਆਂ ਸਨ।

* 2 ਅਪ੍ਰੈਲ ਨੂੰ ਮੁੰਬਈ ’ਚ ਇਕ ਉਪਨਗਰੀ ਟ੍ਰੇਨ ’ਚ ਦਾਦਰ ਅਤੇ ਅੰਧੇਰੀ ਦਰਮਿਆਨ 15 ਸਾਲ ਦੀ ਇਕ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ। ਘਟਨਾ ਦੌਰਾਨ ਕੁੜੀ ਵੱਲੋਂ ਰੌਲਾ ਪਾਉਣ ਪਿੱਛੋਂ ਆਸ-ਪਾਸ ਮੌਜੂਦ ਮੁਸਾਫਰਾਂ ਨੇ ਨੂਰ ਮੁਹੰਮਦ ਸਗੀਰ ਨਾਮੀ ਮੁਲਜ਼ਮ ਨੌਜਵਾਨ ਨੂੰ ਕੁੱਟਿਆ।

* 2 ਅਪ੍ਰੈਲ ਨੂੰ ਹੀ ਤ੍ਰਿਸ਼ੂਰ (ਕੇਰਲ) ਜ਼ਿਲ੍ਹੇ ਬਿਨਾਂ ਟਿਕਟ ਸਫਰ ਕਰ ਰਹੇ ਇਕ ਮੁਸਾਫਰ ਨੇ ਟੀ.ਟੀ.ਈ. ਵੱਲੋਂ ਟਿਕਟ ਮੰਗਣ ’ਤੇ ਅਰਨਾਕੁਲਮ ਅਤੇ ਪਟਨਾ ਸਟੇਸ਼ਨਾਂ ਦਰਮਿਆਨ ਉਸ ਨੂੰ ਚੱਲਦੀ ਟ੍ਰੇਨ ’ਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਜਿਸ ਦੀ ਉਲਟ ਦਿਸ਼ਾ ਤੋਂ ਆਉਣ ਵਾਲੀ ਟ੍ਰੇਨ ਹੇਠ ਆ ਕੇ ਮੌਤ ਹੋ ਗਈ।

ਰੇਲਗੱਡੀਆਂ ’ਚ ਵੱਖ-ਵੱਖ ਤਰ੍ਹਾਂ ਦੀ ਗੁੰਡਾਗਰਦੀ ਦੀਆਂ ਉਕਤ ਘਟਨਾਵਾਂ ਨੂੰ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਰੇਲ ਮੰਤਰਾਲਾ ਨੂੰ ਰੇਲਗੱਡੀਆਂ ’ਚ ਸੁਰੱਖਿਆ ਵਿਵਸਥਾ ਨੂੰ ਹੋਰ ਚੁਸਤ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲਿਆਂ ਵਿਰੁੱਧ ਵੀ ਸਖ਼ਤ ਕਦਮ ਚੁੱਕਣਾ ਸਮੇਂ ਦੀ ਮੰਗ ਹੈ ਤਾਂ ਜੋ ਰੇਲ ਮੁਸਾਫਰ ਬਿਨਾਂ ਕਿਸੇ ਡਰ ਅਤੇ ਖਤਰੇ ਤੋਂ ਸਫਰ ਕਰ ਸਕਣ।

-ਵਿਜੇ ਕੁਮਾਰ


author

Harpreet SIngh

Content Editor

Related News