ਜਿਹੜਾ ਹਿੰਦ ਮਹਾਸਾਗਰ ਨੂੰ ਕੰਟਰੋਲ ਕਰੇਗਾ, ਉਹ ਏਸ਼ੀਆ ਉੱਤੇ ਹਾਵੀ ਹੋਵੇਗਾ

Thursday, Apr 04, 2024 - 04:09 PM (IST)

ਜਿਹੜਾ ਹਿੰਦ ਮਹਾਸਾਗਰ ਨੂੰ ਕੰਟਰੋਲ ਕਰੇਗਾ, ਉਹ ਏਸ਼ੀਆ ਉੱਤੇ ਹਾਵੀ ਹੋਵੇਗਾ

ਹਾਲ ਹੀ ਦੀਆਂ 2 ਘਟਨਾਵਾਂ ਨੇ ਭਾਰਤ ਦੀ ਇਕ ਅਣ-ਕਹੀ ਪ੍ਰਾਪਤੀ ਨੂੰ ਉਜਾਗਰ ਕੀਤਾ ਹੈ। ਪਹਿਲਾ ਮਾਮਲਾ ਭਾਰਤੀ ਜਲ ਸੈਨਾ ਵੱਲੋਂ 23 ਪਾਕਿਸਤਾਨੀਆਂ ਨੂੰ ਹਥਿਅਾਰਬੰਦ ਸਮੁੰਦਰੀ ਡਾਕੂਾਆਂ ਤੋਂ ਬਚਾਉਣ ਨਾਲ ਸਬੰਧਤ ਹੈ, ਜਦਕਿ ਦੂਜਾ ਮਾਮਲਾ ਅਮਰੀਕਾ ਦੇ ਬਾਲਟੀਮੋਰ ’ਚ ਮਾਲਵਾਹਕ ਜਹਾਜ਼ ‘ਡਾਲੀ’ ਦੀ ਟੱਕਰ ਨਾਲ ਡਿੱਗੇ ਪੁਲ ਨਾਲ ਸਬੰਧਤ ਹੈ ਅਤੇ ਇਸ ’ਚ ਭਾਰਤੀ ਮਲਾਹਾਂ ਦੀ ਸੂਝ-ਬੂਝ ਨਾਲ ਕਈ ਜਾਨਾਂ ਬਚ ਗਈਆਂ ਸਨ।

ਇਹ ਘਟਨਾਕ੍ਰਮ ਆਪਣੇ ਆਪ ਨੂੰ ਉਸ ਇਤਿਹਾਸਕ ਲੜੀ ਨਾਲ ਜੋੜਦਾ ਹੈ, ਜਿਸ ਵਿਚ ਭਾਰਤ ਦਾ ਸੈਂਕੜੇ ਸਾਲਾਂ ਤੋਂ ਨਾ ਸਿਰਫ਼ ਗਲੋਬਲ ਸਮੁੰਦਰੀ ਮਾਰਗਾਂ ’ਤੇ ਦਬਦਬਾ ਸੀ, ਬਲਕਿ ਦੁਨੀਆ ਦੇ ਸਭ ਤੋਂ ਖੁਸ਼ਹਾਲ ਸਮੁੰਦਰੀ ਜਹਾਜ਼ਾਂ ਦਾ ਕਾਰਖਾਨਾ ਵੀ ਸੀ।

ਭਾਰਤੀ ਜਲ ਸੈਨਾ ਨੇ 30 ਮਾਰਚ, 2024 ਨੂੰ ਅਰਬ ਸਾਗਰ ਵਿਚ ਇਕ ਸਫਲ ਫੌਜੀ ਕਾਰਵਾਈ ਵਿਚ ਸੋਮਾਲੀਅਨ ਸਮੁੰਦਰੀ ਡਾਕੂਆਂ ਤੋਂ 23 ਪਾਕਿਸਤਾਨੀ ਨਾਗਰਿਕਾਂ ਨੂੰ ਬਚਾਇਆ। ਆਪਣੀ ਜਾਨ ’ਤੇ ਆਏ ਖ਼ਤਰੇ ਤੋਂ ਬਚਣ ਤੋਂ ਬਾਅਦ ਇਨ੍ਹਾਂ ਪਾਕਿਸਤਾਨੀਆਂ ਨੇ ਨਾ ਸਿਰਫ਼ ਭਾਰਤੀ ਜਲ ਸੈਨਾ ਦਾ ਧੰਨਵਾਦ ਕੀਤਾ ਸਗੋਂ ਕਈ ਵਾਰ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ।

ਇਸ ਤੋਂ ਪਹਿਲਾਂ ਭਾਰਤੀ ਜਲ ਸੈਨਾ ਨੇ ਇਸੇ ਸਾਲ 29 ਜਨਵਰੀ ਨੂੰ ਸੋਮਾਲੀਆ ਦੇ ਪੂਰਬੀ ਤੱਟ ’ਤੇ ਅਰਬ ਸਾਗਰ ’ਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈ ਸੀ। ਈਰਾਨ ਦੇ ਝੰਡੇ ਵਾਲੇ ਜਹਾਜ਼ ਨੂੰ 11 ਸਮੁੰਦਰੀ ਡਾਕੂਆਂ ਨੇ ਹਾਈਜੈਕ ਕਰ ਲਿਆ ਸੀ। ਇਸ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਡਾਕੂਆਂ ਤੋਂ ਜਹਾਜ਼ ਨੂੰ ਬਚਾਉਣ ਲਈ ਆਪਣਾ ਜੰਗੀ ਬੇੜਾ ਆਈ. ਐੱਨ. ਐੱਸ. ਸੁਮਿੱਤਰਾ ਨੂੰ ਸਮੁੰਦਰ ਵਿਚ ਭੇਜ ਦਿੱਤਾ ਸੀ।

ਇੰਨਾ ਹੀ ਨਹੀਂ, 14 ਦਸੰਬਰ, 2023 ਨੂੰ ਵੀ ਸੋਮਾਲੀਅਨ ਸਮੁੰਦਰੀ ਡਾਕੂਆਂ ਨੇ ‘ਐੱਮ. ਵੀ. ਰੂਏਨ’ ਮਾਲਵਾਹਕ ਜਹਾਜ਼ ਨੂੰ ਉਦੋਂ ਹਾਈਜੈਕ ਕਰ ਲਿਆ ਜਦੋਂ ਇਹ ਭਾਰਤੀ ਤੱਟ ਤੋਂ ਕਰੀਬ 2600 ਕਿਲੋਮੀਟਰ ਦੂਰ ਸੀ। ਇਸ ਤੋਂ ਬਾਅਦ 22-23 ਮਾਰਚ, 2024 ਨੂੰ ਅਦਨ ਦੀ ਖਾੜੀ ਅਤੇ ਉੱਤਰੀ ਅਰਬ ਸਾਗਰ ਖੇਤਰ ਵਿਚ 40 ਘੰਟਿਆਂ ਦੀ ਫੌਜੀ ਕਾਰਵਾਈ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਜੰਗੀ ਜਹਾਜ਼ ਆਈ. ਐੱਨ. ਐੱਸ. ਕੋਲਕਾਤਾ ਦੀ ਮਦਦ ਨਾਲ, ਉਨ੍ਹਾਂ ਨੇ ਸੋਮਾਲੀ ਤੱਟ ਤੋਂ ਹਾਈਜੈਕ ਕੀਤੇ ਕਾਰਗੋ (ਮਾਲਵਾ) ਜਹਾਜ਼ ’ਤੇ ਛਾਪਾ ਮਾਰਿਆ ਅਤੇ ਸਮੁੰਦਰੀ ਡਾਕੂਆਂ ਨੂੰ ਗ੍ਰਿਫਤਾਰ ਕੀਤਾ। ਇਹ ਘਟਨਾ ਸਮੁੰਦਰੀ ਖੇਤਰ ਵਿਚ ਭਾਰਤ ਦੇ ਵਧਦੇ ਦਬਦਬੇ ਅਤੇ ਤਾਕਤ ਦਾ ਪ੍ਰਤੀਬਿੰਬ ਹੈ।

ਇਹ ਠੀਕ ਹੈ ਕਿ 26 ਮਾਰਚ ਨੂੰ ਇਕ ਦਰਦਨਾਕ ਹਾਦਸੇ ਵਿਚ ਅਮਰੀਕਾ ਦੇ ਬਾਲਟੀਮੋਰ ਵਿਚ ਇਕ ਵਿਸ਼ਾਲ ਮਾਲਵਾਹਕ ਜਹਾਜ਼ ‘ਡਾਲੀ’ ਨਾਲ ਟਕਰਾਉਣ ਕਾਰਨ ਢਾਈ ਕਿਲੋਮੀਟਰ ਲੰਬਾ ‘ਫਰਾਂਸਿਸ ਸਕੌਟ ਕੀ’ ਪੁਲ ਢਹਿ ਗਿਆ ਸੀ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ ਪਰ ਜਿਸ ਤਰ੍ਹਾਂ ਜਹਾਜ਼ ਦੇ ਭਾਰਤੀ ਚਾਲਕ ਦਲ ਨੇ ਸੂਝ-ਬੂਝ, ਫਰਜ਼ ਦੀ ਭਾਵਨਾ ਅਤੇ ਹੁਨਰ ਦਿਖਾਇਆ ਉਸ ਨਾਲ ਕਈ ਜ਼ਿੰਦਗੀਆਂ ਤਬਾਹ ਹੋਣ ਤੋਂ ਬਚਾ ਲਈਆਂ।

ਜਹਾਜ਼ ’ਤੇ ਸਵਾਰ ਭਾਰਤੀ ਅਮਲੇ ਦੇ ਮੈਂਬਰਾਂ ਨੇ ਹਾਦਸੇ ਤੋਂ ਠੀਕ ਪਹਿਲਾਂ ਮੈਰੀਲੈਂਡ ਦੇ ਅਧਿਕਾਰੀਆਂ ਨੂੰ ਕਾਰਗੋ ਜਹਾਜ਼ ਦੀ ‘ਪਾਵਰ ਫੇਲੀਅਰ’ ਬਾਰੇ ਸੂਚਿਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਟਾਪਸਕੋ ਨਦੀ ਦੇ ਪੁਲ ’ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਭਿਆਨਕ ਹੋਣੀ ਸੀ।

ਇਸ ਘਟਨਾਕ੍ਰਮ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਕਾਰਗੋ ਜਹਾਜ਼ ਦੇ 21 ਮੈਂਬਰੀ ਚਾਲਕ ਦਲ (20 ਭਾਰਤੀ) ਦੀ ਤਾਰੀਫ ਕਰਦੇ ਹੋਏ ਕਿਹਾ, ‘‘ਜਹਾਜ਼ ’ਤੇ ਸਵਾਰ ਕਰਮਚਾਰੀਆਂ ਨੇ ਪਹਿਲਾਂ ਮੈਰੀਲੈਂਡ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਸੂਚਿਤ ਕੀਤਾ, ਜਿਸ ਕਾਰਨ ਸਥਾਨਕ ਅਧਿਕਾਰੀ ਪੁਲ ’ਤੇ ਆਵਾਜਾਈ ਨੂੰ ਰੋਕ ਸਕਣ ’ਚ ਸਫਲ ਰਹੇ। ਬੇਸ਼ੱਕ, ਇਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਬਚ ਗਈ।’’

‘ਡਾਲੀ’ ਬਹੁਤ ਸਾਰੇ ਸਮੁੰਦਰੀ ਜਹਾਜ਼ਾਂ ਵਿਚੋਂ ਇਕ ਹੈ ਜੋ ਵੱਡੇ ਪੱਧਰ ’ਤੇ ਜਾਂ ਪੂਰੀ ਤਰ੍ਹਾਂ ਭਾਰਤੀ ਮਲਾਹਾਂ ਦੁਆਰਾ ਚਲਾਇਆ ਜਾਂਦਾ ਹੈ। ਗਲੋਬਲ ਸ਼ਿਪਿੰਗ ਟਰੈਫਿਕ, ਜਿਸ ’ਤੇ ਦੁਨੀਆ ਦਾ 90 ਫੀਸਦੀ ਤੋਂ ਵੱਧ ਮਾਲ ਵਪਾਰ ਨਿਰਭਰ ਕਰਦਾ ਹੈ, ਭਾਰਤ ਤੋਂ ਬਿਨਾਂ ਇਸ ਸਮੇਂ ਅਧੂਰਾ ਹੈ। ਸਮੁੰਦਰੀ ਜਹਾਜ਼ਾਂ ਦੀ ਸਪਲਾਈ ਕਰਨ ਵਾਲੇ ਦੇਸ਼ਾਂ ਵਿਚ ਚੀਨ ਅਤੇ ਫਿਲੀਪੀਨਜ਼ ਤੋਂ ਬਾਅਦ ਭਾਰਤ ਤੀਜੇ ਨੰਬਰ ’ਤੇ ਹੈ।

ਇੰਡੀਅਨ ਡਾਇਰੈਕਟੋਰੇਟ ਜਨਰਲ ਆਫ ਸ਼ਿਪਿੰਗ ਦੇ ਅਨੁਸਾਰ, ਭਾਰਤ ਗਲੋਬਲ ਸਮੁੰਦਰੀ ਜਹਾਜ਼ਾਂ ਵਿਚ 10 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਸਮੁੰਦਰੀ ਜਹਾਜ਼ਾਂ ’ਤੇ ਭਾਰਤੀ ਮਲਾਹਾਂ ਦੀ ਕੁੱਲ ਗਿਣਤੀ 2013 ਵਿਚ 1,08,446 ਤੋਂ ਵਧ ਕੇ 2017 ਵਿਚ 1,54,339 ਹੋ ਗਈ, ਜਿਸ ਵਿਚ 62 ਹਜ਼ਾਰ ਤੋਂ ਵੱਧ ਸਮੁੰਦਰੀ ਅਧਿਕਾਰੀ ਸ਼ਾਮਲ ਹਨ, ਜਦੋਂ ਕਿ ਜ਼ਿਆਦਾਤਰ ਚੀਨੀ ਮਲਾਹ ਆਪਣੇ ਦੇਸ਼ ਦੇ ਸਮੁੰਦਰੀ ਜਹਾਜ਼ਾਂ ’ਤੇ ਕੰਮ ਕਰਦੇ ਹਨ, ਭਾਰਤੀ ਮਲਾਹ ਰਾਸ਼ਟਰੀ-ਬਹੁਰਾਸ਼ਟਰੀ ਜਹਾਜ਼ਾਂ ’ਤੇ ਤਾਇਨਾਤ ਹਨ। ਇਸ ਲਈ, ਭਾਰਤੀ ਮਲਾਹ ਕਿਸੇ ਵੀ ਹੋਰ ਦੇਸ਼ ਦੇ ਨਾਗਰਿਕਾਂ ਦੀ ਤੁਲਨਾ ’ਚ ਵੱਧ ਗਲੋਬਲ ਹਨ।

ਕਿਸੇ ਵੀ ਖੇਤਰ ਦੀ ਸਫਲਤਾ ਵਿਚ ਗੁਣਵੱਤਾ ਦੀ ਭੂਮਿਕਾ ਲਾਜ਼ਮੀ ਹੁੰਦੀ ਹੈ। ਭਾਰਤ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਦੀ ਵੱਕਾਰੀ ਸੂਚੀ ਵਿਚ ਸ਼ਾਮਲ ਹੈ ਜੋ ਗਲੋਬਲ ਮਾਪਦੰਡਾਂ ਦੀ ਪਾਲਣਾ ਕਰਦੇ ਹਨ। ਇਸ ਵਿਚ ਹਿੱਸਾ ਲੈਣ ਲਈ, ਕਿਸੇ ਦੇਸ਼ ਲਈ ਉੱਚਿਤ ਸੇਲਿੰਗ ਦਾ ਲਾਇਸੈਂਸ, ਸਿਖਲਾਈ ਕੇਂਦਰ, ਝੰਡੇ ਵਾਲੇ ਜਹਾਜ਼ਾਂ ’ਤੇ ਕੰਟਰੋਲ ਅਤੇ ਰਾਸ਼ਟਰੀ ਬੰਦਰਗਾਹਾਂ ਵਿਚ ਵਿਦੇਸ਼ੀ ਜਹਾਜ਼ਾਂ ਦੀ ਸਹੀ ਜਾਂਚ ਪ੍ਰਣਾਲੀ ਦਾ ਹੋਣਾ ਲਾਜ਼ਮੀ ਹੈ।

ਇਸ ਨਾਲ ਭਾਰਤੀ ਮਲਾਹਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਧੇਰੇ ਆਕਰਸ਼ਕ ਅਤੇ ਪ੍ਰਤਿਭਾਸ਼ਾਲੀ ਬਣਾਉਂਦਾ ਹੈ। ਕੋਰੋਨਾ ਦੌਰ ਅਤੇ ਰੂਸ-ਯੂਕ੍ਰੇਨ ਯੁੱਧ ਦੇ ਪਿਛੋਕੜ ਵਿਚ, ਮਾਹਿਰਾਂ ਦਾ ਅਨੁਮਾਨ ਹੈ ਕਿ ਅਗਲੇ ਦਹਾਕੇ ਵਿਚ ਗਲੋਬਲ ਸ਼ਿਪਿੰਗ ਵਿਚ ਭਾਰਤ ਦੀ ਹਿੱਸੇਦਾਰੀ 20 ਪ੍ਰਤੀਸ਼ਤ ਤੱਕ ਵਧ ਜਾਵੇਗੀ।

ਇਹ ਕੀਰਤੀਮਾਨ ਅਚਾਨਕ ਸਾਹਮਣੇ ਨਹੀਂ ਆਇਆ। ਅਸਲ ਵਿਚ, ਸਮੁੰਦਰ ਵਿਚ ਭਾਰਤ ਦਾ ਇਤਿਹਾਸਕ ਅਤੇ ਵਿਲੱਖਣ ਦੌਰ ਰਿਹਾ ਹੈ। ਇਤਾਲਵੀ ਯਾਤਰੀ, ਵਪਾਰੀ ਅਤੇ ਖੋਜੀ ਮਾਰਕੋ ਪੋਲੋ ਦੇ ਅਨੁਸਾਰ, ਭਾਰਤੀ ਬੇੜਾ 13ਵੀਂ ਸਦੀ ਤੋਂ ਪਹਿਲਾਂ ਦੁਨੀਆ ਦੇ ਹੋਰ ਖੇਤਰਾਂ ਦੇ ਮੁਕਾਬਲੇ ਕਾਫ਼ੀ ਵੱਡਾ ਅਤੇ ਖੁਸ਼ਹਾਲ ਸੀ। ਪ੍ਰਾਚੀਨ ਭਾਰਤ ਦਾ ਸਦੀਆਂ ਤੋਂ ਗ੍ਰੀਸ ਸਮੇਤ ਕਈ ਦੇਸ਼ਾਂ ਨਾਲ ਸੰਪਰਕ ਰਿਹਾ ਹੈ।

ਇੰਨਾ ਹੀ ਨਹੀਂ, ਮਰਾਠਾ ਸਾਮਰਾਜ ਦੇ ਸੰਸਥਾਪਕ ਅਤੇ ਵੀਰ ਸ਼੍ਰੋਮਣੀ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ‘ਜਲ ਸੈਨਾ ਦੇ ਪਿਤਾਮਾ’ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਅਜਿਹੇ ਸਮੇਂ ਜਲ ਸੈਨਾ ਦੀ ਸਿਰਜਣਾ ਕੀਤੀ ਜਦੋਂ ਜ਼ਿਆਦਾਤਰ ਦੇਸ਼ਾਂ ਕੋਲ ਨੇਵੀ ਦੇ ਨਾਂ ’ਤੇ ਸਿਰਫ ਥੋੜ੍ਹੀ ਜਿਹੀ ਫੋਰਸ ਸੀ। ਸਮੁੰਦਰ ਵਿਚ ਮਰਾਠਾ ਜਲ ਸੈਨਾ ਪੁਰਤਗਾਲੀਆਂ ਤੋਂ ਕੋਂਕਣ ਅਤੇ ਗੋਆ ਦੀ ਸੁਰੱਖਿਆ ਲਈ ਸੀ।

ਕਿਹਾ ਜਾਂਦਾ ਹੈ ਕਿ ਉਸ ਸਮੇਂ ਛਤਰਪਤੀ ਸ਼ਿਵਾਜੀ ਦੀ ਜਲ ਸੈਨਾ ਵਿਚ 20 ਜੰਗੀ ਬੇੜੇ ਅਤੇ 500 ਜਹਾਜ਼ ਸਨ। ਉਨ੍ਹਾਂ ਦੀ ਜਲ ਸੈਨਾ ਦੇ ਨੀਲੇ ਅੱਠਭੁਜ-ਆਕਾਰ ਦੇ ਚਿੰਨ੍ਹ ਨੇ ਸਤੰਬਰ 2022 ਵਿਚ ਭਾਰਤੀ ਜਲ ਸੈਨਾ ਦੇ ਝੰਡੇ ਉੱਤੇ ਪੁਰਾਣੇ ਬ੍ਰਿਟਿਸ਼ ਧਾਰਮਿਕ ਚਿੰਨ੍ਹ ਸੇਂਟ ਜਾਰਜ ਕਰਾਸ ਦੀ ਥਾਂ ਲੈ ਲਈ ਹੈ।

1897 ਵਿਚ ਅਮਰੀਕੀ ਇਤਿਹਾਸਕਾਰ ਅਲਫਰੇਡ ਥੇਅਰ ਮੇਹੈਨ ਨੇ ਕਿਹਾ ਸੀ, ‘‘ਜਿਹੜਾ ਹਿੰਦ ਮਹਾਸਾਗਰ ਨੂੰ ਕੰਟਰੋਲ ਕਰੇਗਾ, ਉਹ ਏਸ਼ੀਆ ਉੱਤੇ ਹਾਵੀ ਹੋਵੇਗਾ।’’ ਇਹ ਮਹਾਸਾਗਰ 21ਵੀਂ ਸਦੀ ਵਿਚ ਸੱਤ ਸਮੁੰਦਰਾਂ ਦੀ ਕੁੰਜੀ ਹੈ ਅਤੇ ਦੁਨੀਆ ਦੀ ਕਿਸਮਤ ਦਾ ਫੈਸਲਾ ਇਸ ਦੁਆਰਾ ਕੀਤਾ ਜਾਵੇਗਾ। 

ਬਲਬੀਰ ਪੁੰਜ


author

Rakesh

Content Editor

Related News