ਮੋਹਲੇਧਾਰ ਮੀਂਹ ਅਤੇ ਤੂਫ਼ਾਨ ਕਾਰਨ ਨਦੀ ''ਚ ਪਲਟੀ ਕਿਸ਼ਤੀ, ਬੱਚੇ ਦੀ ਮੌਤ, 2 ਲਾਪਤਾ

04/01/2024 3:49:49 PM

ਗੁਹਾਟੀ- ਆਸਾਮ ਦੇ ਦੱਖਣੀ ਸਲਮਾਰਾ-ਮਨਕਚਾਰ ਜ਼ਿਲ੍ਹੇ ਵਿਚ ਮੋਹਲੇਧਾਰ ਮੀਂਹ ਅਤੇ ਤੂਫ਼ਾਨ ਕਾਰਨ ਬ੍ਰਹਮਪੁੱਤਰ ਨਦੀ ਵਿਚ ਇਕ ਕਿਸ਼ਤੀ ਪਲਟਣ ਕਾਰਨ 4 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਲਾਪਤਾ ਦੱਸੇ ਜਾਂਦੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਿਆਨੇਂਦਰ ਦੇਵ ਤ੍ਰਿਪਾਠੀ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਸੂਬੇ ਦੇ ਕਈ ਹਿੱਸਿਆਂ ਵਿਚ ਅਚਾਨਕ ਆਏ ਤੂਫ਼ਾਨ ਨਾਲ ਗੜੇਮਾਰੀ ਅਤੇ ਮੋਹਲੇਧਾਰ ਮੀਂਹ ਪਿਆ। ਜਿਸ ਕਾਰਨ ਦਰੱਖ਼ਤ, ਬਿਜਲੀ ਦੇ ਖੰਭੇ ਡਿੱਗ ਗਏ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। 

ਦੇਵ ਮੁਤਾਬਕ ਕੱਲ ਸ਼ਾਮ 5 ਵਜੇ ਸਿਸ਼ੁਮਰਾ ਘਾਟ ਤੋਂ ਨੇਪੁਰੇਰ ਅਲਗਾ ਵੱਲ ਜਾਂਦੇ ਸਮੇਂ ਨੇਪੁਰੇਰ ਅਲਗਾ ਪਿੰਡ ਵਿਚ ਇਕ ਕਿਸ਼ਤੀ ਪਲਟ ਗਈ। ਸਥਾਨਕ ਲੋਕਾਂ ਨੇ ਇਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਦੋ ਲੋਕ ਲਾਪਤਾ ਹਨ। ਤ੍ਰਿਪਾਠੀ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ ਸਮਿਨ ਮੰਡਲ (4) ਦੇ ਰੂਪ ਵਿਚ ਹੋਈ ਹੈ, ਜਦਕਿ ਕੋਬਟ ਮੰਡਲ (56) ਅਤੇ ਇਸਮਾਈਲ ਅਲੀ (8) ਲਾਪਤਾ ਹਨ। SDRF ਦੀ ਇਕ ਟੀਮ ਨੇ ਅੱਜ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਗੋਤਾਖੋਰਾਂ ਨੂੰ ਬੁਲਾਇਆ ਹੈ। 

ਬਚਾਅ ਕੋਸ਼ਿਸ਼ਾਂ ਵਿਚ ਸਹਿਯੋਗ ਲਈ NDRF ਦੀ ਇਕ ਟੀਮ ਘਟਨਾ ਵਾਲੀ ਥਾਂ 'ਤੇ ਪੁੱਜੀ। ਅਧਿਕਾਰੀ ਨੇ ਦੱਸਿਆ ਕਿ SDRF ਮੁਹਿੰਮ ਦੌਰਾਨ ਨਿਗਰਾਨੀ ਲਈ ਡਰੋਨ ਭੇਜ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਵਿਚ 15 ਯਾਤਰੀ ਸਵਾਰ ਸਨ ਅਤੇ ਬਾਕੀ ਯਾਤਰੀ ਸਥਾਨਕ ਲੋਕਾਂ ਦੀ ਮਦਦ ਨਾਲ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ 'ਚ ਸਫਲ ਰਹੇ। ਤ੍ਰਿਪਾਠੀ ਨੇ ਦੱਸਿਆ ਕਿ ਕਈ ਜ਼ਿਲ੍ਹਿਆਂ 'ਚ ਆਸਮਾਨੀ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਅਜੇ ਤੱਕ ਕਿਸੇ ਦੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।


Tanu

Content Editor

Related News