ਬੇਸਹਾਰਾ ਬੱਚਿਆਂ ਦੇ ਮਾਪੇ ਬਣ ਉਨ੍ਹਾਂ ਦੀ ਜ਼ਿੰਮੇਵਾਰੀ ਚੁੱਕ ਰਿਹੈ ਇਹ ਜੋੜਾ, ਬੱਚਿਆਂ ਦਾ ਆਸਰਾ ''ਮਾਝਾ ਘਰ''

Sunday, Apr 07, 2024 - 11:23 AM (IST)

ਬੇਸਹਾਰਾ ਬੱਚਿਆਂ ਦੇ ਮਾਪੇ ਬਣ ਉਨ੍ਹਾਂ ਦੀ ਜ਼ਿੰਮੇਵਾਰੀ ਚੁੱਕ ਰਿਹੈ ਇਹ ਜੋੜਾ, ਬੱਚਿਆਂ ਦਾ ਆਸਰਾ ''ਮਾਝਾ ਘਰ''

ਲਾਤੂਰ- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਜੋੜੇ ਨੇ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਕ ਆਸਰਾ ਸਥਲ ਬਣਾਇਆ ਹੈ ਅਤੇ ਹੁਣ 51 ਮੁੰਡੇ ਅਤੇ ਕੁੜੀਆਂ ਦੇ ਮਾਪੇ ਹਨ। ਗਰੀਬ ਪਿਛੋਕੜ ਵਾਲੇ ਬੱਚਿਆਂ ਦੀ ਹਾਲਤ ਦੇਖ ਕੇ ਸ਼ਰਦ ਅਤੇ ਸੰਗੀਤਾ ਜੇਰੇ ਨੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਕਦਮ ਚੁੱਕੇ ਪਰ ਜਲਦੀ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਇਨ੍ਹਾਂ ਬੱਚਿਆਂ ਨੂੰ ਵੱਖ-ਵੱਖ ਹੁਨਰ ਸਿਖਾਉਣ ਨਾਲ ਹੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ।

14 ਏਕੜ ਜ਼ਮੀਨ 'ਤੇ ਬਣਿਆ ਆਸ਼ਰਮ 'ਮਾਝਾ ਘਰ' 

ਇਸ ਜੋੜੇ ਨੇ ਔਸਾ ਤਹਿਸੀਲ ਦੇ ਪਿੰਡ ਬੁਧੋਡਾ ਨੇੜੇ 14 ਏਕੜ ਜ਼ਮੀਨ 'ਤੇ ਆਪਣੀ ਸੰਸਥਾ 'ਮਾਨਸ ਪ੍ਰਤੀਸਥਾਨ' ਵਲੋਂ ਚਲਾਏ ਜਾ ਰਹੇ ਆਸ਼ਰਮ 'ਮਾਝਾ ਘਰ' ਦੀ ਸਥਾਪਨਾ ਕੀਤੀ ਹੈ। ਆਸ਼ਰਮ 1.10 ਏਕੜ ਵਿਚ ਬਣਿਆ ਹੈ, ਜਦੋਂ ਕਿ ਬਾਕੀ ਜ਼ਮੀਨ ਖੇਤੀ ਲਈ ਵਰਤੀ ਜਾਂਦੀ ਹੈ ਅਤੇ ਬੱਚੇ ਇੱਥੇ ਵੱਖ-ਵੱਖ ਫ਼ਸਲਾਂ ਉਗਾਉਂਦੇ ਹਨ। ਸ਼ਰਦ ਜਰੇ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਨੇ ਪਿੰਡਾਂ ਨੂੰ ਆਜ਼ਾਦ ਅਤੇ ਆਤਮ-ਨਿਰਭਰ ਬਣਾਉਣ ਦਾ ਸੁਫ਼ਨਾ ਵੇਖਦੇ ਹੋਏ 1937 'ਚ ‘ਨਈ ਤਾਲੀਮ’ ਦਾ ਸੰਕਲਪ ਪੇਸ਼ ਕੀਤਾ ਸੀ। ਇਸੇ ਤਰ੍ਹਾਂ ਮੈਂ ਵੀ ਆਪਣੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦਾ ਹਾਂ। ਅਸੀਂ ਬੱਚਿਆਂ ਨੂੰ ਸਮੱਗਰੀ ਦੀ ਮੁੜ ਵਰਤੋਂ ਅਤੇ ਰੀਸਾਈਕਲਿੰਗ ਕਰਕੇ ਮੂਰਤੀਆਂ ਅਤੇ ਹੋਰ ਵਸਤੂਆਂ ਬਣਾਉਣਾ ਸਿਖਾਉਂਦੇ ਹਾਂ।

ਇੰਝ ਮਨ 'ਚ ਆਇਆ ਗਰੀਬ ਬੱਚਿਆਂ ਦਾ ਸਹਾਰਾ ਬਣਨ ਦਾ ਵਿਚਾਰ

ਸ਼ਰਦ ਨੇ ਦੱਸਿਆ ਕਿ ਆਸ਼ਰਮ ਦੇ ਖਰਚੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਖੇਤੀ ਉਪਜਾਂ ਅਤੇ ਦਸਤਕਾਰੀ ਦੀ ਵਿਕਰੀ ਤੋਂ ਪੂਰੇ ਕੀਤੇ ਜਾਂਦੇ ਹਨ। ਇਸ ਜੋੜੇ ਨੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਪਿਛੋਕੜ ਵਾਲੇ 51 ਬੱਚਿਆਂ ਨੂੰ ਗੋਦ ਲਿਆ ਹੈ, ਜਿਨ੍ਹਾਂ ਵਿਚ 'ਰੈੱਡ-ਲਾਈਟ' ਖੇਤਰਾਂ ਦੇ ਬੱਚੇ, ਅਨਾਥ, ਗੰਨਾ ਕੱਟਣ ਵਾਲੇ ਬੱਚੇ ਅਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਬੱਚੇ ਸ਼ਾਮਲ ਹਨ। ਮਾਸ ਕਮਿਊਨੀਕੇਸ਼ਨ ਵਿਚ ਪੋਸਟ-ਗ੍ਰੈਜੂਏਸ਼ਨ ਕਰ ਚੁੱਕੇ ਸ਼ਰਦ ਨੇ ਕਿਹਾ ਕਿ 2016 'ਚ ਪੂਣੇ ਵਿਚ ਇਕ ਕਬਾਇਲੀ ਕੁੜੀ ਨੂੰ ਰੱਸੀ 'ਤੇ ਸਟੰਟ ਕਰਦੇ ਹੋਏ ਦੇਖ ਕੇ ਉਨ੍ਹਾਂ ਦੇ ਮਨ ਵਿਚ ਗਰੀਬ ਬੱਚਿਆਂ ਲਈ ਕੰਮ ਕਰਨ ਦਾ ਵਿਚਾਰ ਆਇਆ। ਉਨ੍ਹਾਂ ਕਿਹਾ ਕਿ ਬੱਚੀ ਬਹੁਤ ਹੋਣਹਾਰ ਸੀ ਪਰ ਗਰੀਬ ਪਰਿਵਾਰ ਦੀ ਹੋਣ ਕਾਰਨ ਉਹ ਪੜ੍ਹਾਈ ਤੋਂ ਵਾਂਝੀ ਰਹੀ। ਸ਼ਰਦ ਨੇ ਕਿਹਾ ਕਿ ਮੌਕੇ ਦੀ ਘਾਟ ਕਾਰਨ ਅਜਿਹੇ ਪਿਛੋਕੜ ਵਾਲੇ ਬੱਚੇ ਨਸ਼ਿਆਂ ਦੀ ਵਰਤੋਂ ਅਤੇ ਅਪਰਾਧ ਦੇ ਚੱਕਰ ਵਿਚ ਫਸ ਜਾਂਦੇ ਹਨ।

ਆਸ਼ਰਮ 6 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਦਾ ਘਰ ਹੈ

ਇਸ ਜੋੜੇ ਨੇ ਪਹਿਲਾਂ 2019 'ਚ 70 ਬੱਚਿਆਂ ਦੇ ਨਾਲ ਪਰਾਲੀ ਤਹਿਸੀਲ ਦੇ ਪਿੰਡ ਵਾਂਤਕਾਲੀ ਦੇ ਪਹਾੜੀ ਖੇਤਰ 'ਚ ਇਕ ਆਸ਼ਰਮ ਸ਼ੁਰੂ ਕੀਤਾ ਸੀ ਪਰ ਸਿਆਸੀ ਦਬਾਅ ਕਾਰਨ ਦੋ ਸਾਲਾਂ ਬਾਅਦ ਇਸ ਨੂੰ ਛੱਡਣਾ ਪਿਆ। ਫਿਰ ਉਹ ਅੰਬੇਜੋਗਈ, ਕਾਟਗਾਓਂ ਚਲੇ ਗਏ ਅਤੇ ਅੰਤ ਵਿਚ ਪਿਛਲੇ ਸਾਲ ਮਾਰਚ 'ਚ ਲਾਤੂਰ ਜ਼ਿਲ੍ਹੇ ਵਿਚ ਸ਼ਿਫਟ ਹੋ ਗਏ। ਆਸ਼ਰਮ 'ਚ ਮੌਜੂਦਾ ਸਮੇਂ ਵਿਚ 6 ਤੋਂ 16 ਸਾਲ ਦੀ ਉਮਰ ਦੇ ਬੱਚੇ ਰਹਿੰਦੇ ਹਨ, ਜਿਨ੍ਹਾਂ 'ਚੋਂ ਕੁਝ ਦਾ ਨੇੜਲੇ ਸਕੂਲ 'ਚ ਦਾਖਲਾ ਕਰਵਾਇਆ ਗਿਆ ਹੈ, ਜਦੋਂ ਕਿ ਬਾਕੀ ਨੂੰ ਆਸ਼ਰਮ ਵਿਚ ਹੀ ਪੜ੍ਹਾਇਆ ਜਾਂਦਾ ਹੈ।


author

Tanu

Content Editor

Related News