''ਮਹਿਲਾ ਕੈਦੀਆਂ'' ਵਲੋਂ ਜੇਲਾਂ ''ਚ ਤਸ਼ੱਦਦ ਅਤੇ ਸੈਕਸ ਸ਼ੋਸ਼ਣ ਦੇ ਦੋਸ਼

12/14/2019 1:47:44 AM

ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਸਾਡੀਆਂ ਜੇਲਾਂ ਮਾੜੇ ਪ੍ਰਬੰਧਨ ਦੀਆਂ ਸ਼ਿਕਾਰ ਹਨ ਅਤੇ ਅਪਰਾਧੀਆਂ ਵਲੋਂ ਆਪਣੀਆਂ ਨਾਜਾਇਜ਼ ਗਤੀਵਿਧੀਆਂ ਚਲਾਉਣ ਦੇ 'ਸਰਕਾਰੀ ਹੈੱਡਕੁਆਰਟਰ' ਬਣ ਗਈਆਂ ਹਨ। ਜਿਥੇ ਅਪਰਾਧੀਆਂ ਦੀਆਂ ਨਾਜਾਇਜ਼ ਗਤੀਵਿਧੀਆਂ ਵਿਚ ਕੁਝ ਅਧਿਕਾਰੀ ਵੀ ਸ਼ਾਮਿਲ ਪਾਏ ਜਾ ਰਹੇ ਹਨ, ਉਥੇ ਉਨ੍ਹਾਂ 'ਤੇ ਕੈਦੀਆਂ ਦੇ ਤਸ਼ੱਦਦ ਅਤੇ ਸੈਕਸ ਸ਼ੋਸ਼ਣ ਦੇ ਦੋਸ਼ ਵੀ ਅਕਸਰ ਲੱਗਦੇ ਰਹਿੰਦੇ ਹਨ।
ਕੁਝ ਸਮਾਂ ਪਹਿਲਾਂ ਹਿਸਾਰ ਜੇਲ ਦੇ ਇਕ ਅਧਿਕਾਰੀ 'ਤੇ ਇਕ ਮਹਿਲਾ ਕੈਦੀ ਨੇ ਦੋਸ਼ ਲਾਇਆ ਸੀ ਕਿ ਉਕਤ ਅਧਿਕਾਰੀ ਨੂੰ ਪੈਸੇ ਨਾ ਦੇਣ 'ਤੇ ਉਸ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ। ਜਦੋਂ ਅਦਾਲਤ ਨੇ ਉਸ ਦੇ ਮੈਡੀਕਲ ਦਾ ਹੁਕਮ ਦਿੱਤਾ ਤਾਂ ਉਹ ਚੱਲ ਵੀ ਨਹੀਂ ਸਕਦੀ ਸੀ ਅਤੇ ਪੁਲਸ ਕਰਮਚਾਰੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ।
ਇਹੀ ਨਹੀਂ, ਇਕ ਟਵਿਟਰ ਯੂਜ਼ਰ ਨੇ ਇਕ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਹਿਸਾਰ ਜੇਲ ਦੇ ਜੇਲਰ 'ਤੇ ਕਈ ਔਰਤਾਂ ਨੇ ਛੇੜਛਾੜ ਅਤੇ ਤਸ਼ੱਦਦ, ਔਰਤਾਂ ਨੂੰ ਜੇਲ ਦੇ ਅੰਦਰ ਨਚਵਾਉਣ ਅਤੇ ਪੈਸੇ ਨਾ ਦੇਣ 'ਤੇ ਕੁੱਟਣ ਦਾ ਦੋਸ਼ ਵੀ ਲਾਇਆ ਸੀ।
ਅਤੇ ਹੁਣ 11 ਦਸੰਬਰ ਨੂੰ ਇਕ ਮਾਮਲਾ ਗੁਰਦਾਸਪੁਰ ਕੇਂਦਰੀ ਜੇਲ ਦਾ ਸਾਹਮਣੇ ਆਇਆ ਹੈ, ਜਿੱਥੇ ਬੰਦ 3 ਮਹਿਲਾ ਕੈਦੀਆਂ ਨੇ ਜੇਲ ਦੇ ਇਕ ਉੱਚ ਅਧਿਕਾਰੀ 'ਤੇ ਦੋਸ਼ ਲਾਇਆ ਹੈ ਕਿ ਜੇਲ ਵਿਚ ਰੋਜ਼ ਰਾਤ ਦੇ 10 ਵਜੇ ਇਕ ਮਹਿਲਾ ਕਰਮਚਾਰੀ ਉਨ੍ਹਾਂ 'ਚੋਂ ਕਿਸੇ ਇਕ ਨੂੰ ਉਕਤ ਉੱਚ ਅਧਿਕਾਰੀ ਦੇ ਕਮਰੇ ਵਿਚ ਲਿਜਾਂਦੀ ਹੈ ਅਤੇ ਸਵੇਰੇ 4 ਵਜੇ ਉਸ ਨੂੰ ਵਾਪਿਸ ਜੇਲ ਵਿਚ ਭੇਜਿਆ ਜਾਂਦਾ ਹੈ। ਮਹਿਲਾ ਕੈਦੀਆਂ ਨੇ ਉਕਤ ਉੱਚ ਅਧਿਕਾਰੀ 'ਤੇ ਉਨ੍ਹਾਂ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਲਾਏ ਹਨ।
ਇਸ ਸ਼ਿਕਾਇਤ ਦੀ ਜਾਂਚ ਸਥਾਨਕ 'ਸੀ. ਜੇ. ਐੱਮ.-ਕਮ-ਸੈਕਟਰੀ ਫ੍ਰੀ ਲੀਗਲ ਸਹਾਇਤਾ ਸੈੱਲ' ਕਰ ਰਹੀ ਹੈ। ਜੋ ਵੀ ਹੋਵੇ, ਸੱਚਾਈ ਜਾਣਨ ਲਈ ਇਸ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾਉਣਾ ਜ਼ਰੂਰੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।
ਇਸ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਜਾਵੇ, ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇ, ਭਾਵੇਂ ਉਹ ਸ਼ਿਕਾਇਤ ਕਰਨ ਵਾਲੀਆਂ ਕੈਦੀ ਔਰਤਾਂ ਹੋਣ ਜਾਂ ਜੇਲ ਦੇ ਉੱਚ ਅਧਿਕਾਰੀ ਕਿਉਂਕਿ ਅਜਿਹੀਆਂ ਹੀ ਘਟਨਾਵਾਂ ਕਾਰਣ ਸਾਡੀਆਂ ਜੇਲਾਂ ਬਦਨਾਮ ਹੋ ਰਹੀਆਂ ਹਨ।

                                                                                                      —ਵਿਜੇ ਕੁਮਾਰ


KamalJeet Singh

Content Editor

Related News