ਸੜਕ ''ਤੇ ਨਿਰਮਾਣ ਕਾਰਜ ਦੌਰਾਨ ਡਿੱਗਿਆ ਦਰਖੱਤ, ਮਹਿਲਾ ਅਧਿਆਪਕਾ ਨੂੰ ਲਿਆ ਲਪੇਟ ''ਚ

Monday, Apr 01, 2024 - 03:05 PM (IST)

ਸੜਕ ''ਤੇ ਨਿਰਮਾਣ ਕਾਰਜ ਦੌਰਾਨ ਡਿੱਗਿਆ ਦਰਖੱਤ, ਮਹਿਲਾ ਅਧਿਆਪਕਾ ਨੂੰ ਲਿਆ ਲਪੇਟ ''ਚ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਪਿੰਡ ਪੰਡੋਰੀ ਨਜ਼ਦੀਕ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਸੜਕ ਨੂੰ ਫੋਰਲੇਨ ਕਰਨ ਦੇ ਮੱਦੇਨਜ਼ਰ ਚੱਲ ਰਹੇ ਕਾਰਜ ਦੌਰਾਨ ਕੱਟੇ ਜਾ ਰਹੇ ਦਰਖੱਤਾਂ 'ਚੋਂ ਇੱਕ ਵੱਡਾ ਟਾਹਲੀ ਦਾ ਦਰਖੱਤ ਅਚਾਨਕ ਹੀ ਸੜਕ ਵਿੱਚ ਆ ਡਿੱਗਿਆ। ਅਚਾਨਕ ਦਰਖੱਤ ਡਿੱਗਣ ਕਾਰਨ ਡਿਊਟੀ ਤੋਂ ਘਰ ਪਰਤ ਰਹੀ ਇਕ ਮਹਿਲਾ ਅਧਿਆਪਕਾ ਇਸ ਦੀ ਲਪੇਟ 'ਚ ਆ ਗਈ। ਚੰਗੀ ਗੱਲ ਇਹ ਰਹੀ ਕਿ ਉਸ ਦਾ ਬਚਾਅ ਹੋ ਗਿਆ ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਪਰ ਉਸ ਦੀ ਸਕੂਟਰੀ ਦਰੱਖ਼ਤ ਹੇਠਾਂ ਆ ਗਈ। ਸਥਾਨਕ ਲੋਕਾਂ ਨੇ ਇਕੱਠਿਆਂ ਹੋ ਕੇ ਉਸ ਦੀ ਸਕੂਟਰੀ ਦਰੱਖ਼ਤ ਹੇਠੋਂ ਕੱਢੀ।

ਇਸ ਮੌਕੇ ਸਥਾਨਕ ਲੋਕਾਂ ਨੇ ਦਰਖੱਤ ਕੱਟਣ ਵਾਲੀ ਕੰਪਨੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਕੰਪਨੀ ਵੱਲੋਂ ਦਰਖੱਤ ਕੱਟੇ ਜਾਣ ਸਬੰਧੀ ਚੱਲ ਰਹੇ ਕਾਰਜ ਨੂੰ ਲੈ ਕੇ ਕੋਈ ਵੀ ਸੂਚਨਾ ਬੋਰਡ ਨਹੀਂ ਲਗਾਇਆ ਅਤੇ ਨਾ ਹੀ ਕੋਈ ਮਜ਼ਦੂਰ ਦਰਖੱਤ ਡਿੱਗਣ ਸਮੇਂ ਸੜਕ 'ਤੇ ਖੜ੍ਹਾ ਕੀਤਾ ਗਿਆਸ ਜਿਸ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਨੇ ਮੰਗ ਕੀਤੀ ਕਿ ਚੱਲ ਰਹੇ ਕਾਰਜ ਦੇ ਢੁੱਕਵੇਂ ਬੋਰਡ ਲਗਾਏ ਜਾਣ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰ ਸਕੇ।

ਹਾਦਸੇ ਦੀ ਚਪੇਟ ਵਿੱਚ ਆਈ ਮਹਿਲਾ ਅਧਿਆਪਕ ਕੁਸਮ ਵਾਸੀ ਟਾਂਡਾ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਕਲੋਆ ਤੋਂ ਆਪਣੀ ਡਿਊਟੀ ਕਰਨ ਉਪਰੰਤ ਵਾਪਸ ਪਰਤ ਰਹੀ ਸੀ ਕਿ ਅਚਾਨਕ ਹੀ ਉਸ ਉੱਪਰ ਇਹ ਦਰਖੱਤ ਆ ਡਿੱਗਿਆ, ਜਿਸ ਕਾਰਨ ਉਸ ਦੀ ਸਕੂਟਰੀ ਦਾ ਵੀ ਨੁਕਸਾਨ ਹੋਇਆ ਹੈ ਉਧਰ ਦਰਖੱਤ ਡਿੱਗਣ ਕਾਰਨ ਟਾਂਡਾ-ਹੁਸ਼ਿਆਰਪੁਰ ਮਾਰਗ ਕੁੱਝ ਸਮੇਂ ਲਈ ਬੰਦ ਰਿਹਾ ਅਤੇ ਟ੍ਰੈਫਿਕ ਦੀਆਂ ਲੰਬੀਆਂ ਕਤਾਰਾਂ ਵੀ ਲੱਗ ਗਈਆਂ। ਮੌਕੇ 'ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਟ੍ਰੈਫਿਕ ਨੂੰ ਕਾਬੂ ਕਰਦਿਆਂ ਫਿਰ ਤੋਂ ਸੜਕ ਨੂੰ ਬਹਾਲ ਕਰਵਾਇਆ।
 


author

Babita

Content Editor

Related News