ਜਲੰਧਰ ''ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼
Thursday, Apr 04, 2024 - 06:43 PM (IST)
ਜਲੰਧਰ (ਵਰੁਣ)–28 ਮਾਰਚ ਨੂੰ ਆਬਾਦਪੁਰਾ ਵਿਚ ਐਨਕਾਊਂਟਰ ਕਰਕੇ ਫੜੇ ਚਿੰਟੂ ਗਰੁੱਪ ਦੇ ਬਦਮਾਸ਼ ਨੀਰਜ ਦੀ ਬੁੱਧਵਾਰ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਨੀਰਜ ਦੀ ਮੌਤ ਦਾ ਪਤਾ ਲੱਗਦੇ ਹੀ ਉਸ ਦੇ ਪਰਿਵਾਰਕ ਮੈਂਬਰ ਨਿੱਜੀ ਹਸਪਤਾਲ ਪਹੁੰਚ ਗਏ ਅਤੇ ਨੀਰਜ ਦੀ ਮੌਤ ’ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਨੀਰਜ ਦੀ ਭੈਣ ਨੇਹਾ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਗਲਤ ਟੀਕਾ ਲਗਾਇਆ ਗਿਆ ਹੈ ਕਿਉਂਕਿ ਉਸ ਦਾ ਸਰੀਰ ਨੀਲਾ ਪੈ ਚੁੱਕਾ ਸੀ, ਜਦਕਿ ਰਾਤ ਤੋਂ ਉਹ ਕੁਝ ਬੋਲ ਵੀ ਨਹੀਂ ਰਿਹਾ ਸੀ। ਨੇਹਾ ਨੇ ਕਿਹਾ ਕਿ ਉਸ ਦੇ ਭਰਾ ਦੀਆਂ ਲੱਤਾਂ ’ਤੇ ਫ੍ਰੈਕਚਰ ਸੀ, ਜਦਕਿ ਨਿੱਜੀ ਹਸਪਤਾਲ ਵਿਚ ਉਸ ਦੀਆਂ ਲੱਤਾਂ ਵਿਚ ਪਲੇਟਸ ਪਾਉਣ ਦਾ ਕੰਮ ਵੀ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਕਿਸੇ ਸਾਜ਼ਿਸ਼ ਦਾ ਹਿੱਸਾ ਹੈ।
ਇਸ ਸਬੰਧੀ ਜਦੋਂ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਉਨ੍ਹਾਂ ਕਿਹਾ ਕਿ ਨੀਰਜ ਦਾ ਇਲਾਜ ਪਹਿਲਾਂ ਸਿਵਲ ਹਸਪਤਾਲ ਵਿਚ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਚ ਪਲੇਟਸ ਪਾਉਣ ਲਈ ਰੈਫਰ ਕੀਤਾ ਗਿਆ ਸੀ ਕਿਉਂਕਿ ਨੀਰਜ ਦੇ ਪਰਿਵਾਰ ਨੇ ਨਿੱਜੀ ਹਸਪਤਾਲ ਤੋਂ ਨੀਰਜ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਨੀਰਜ ਦੀ ਹਾਲੇ ਗ੍ਰਿਫ਼ਤਾਰੀ ਤਕ ਨਹੀਂ ਪਾਈ ਗਈ ਸੀ ਕਿਉਂਕਿ ਲੱਤਾਂ ਵਿਚ ਫ੍ਰੈਕਚਰ ਹੋਣ ਕਾਰਨ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ, ਜਦਕਿ ਉਹ ਪੁੱਛਗਿੱਛ ਲਈ ਨੀਰਜ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੀਰਜ ਤੋਂ ਪੁੱਛਗਿੱਛ ਕਾਫ਼ੀ ਜ਼ਰੂਰੀ ਸੀ ਕਿਉਂਕਿ ਉਹ ਡਰੱਗ ਨੈੱਟਵਰਕ ਬਾਰੇ ਜਾਣਦਾ ਸੀ, ਜੋ ਚਿੰਟੂ ਗਰੁੱਪ ਨਾਲ ਸੰਬੰਧਤ ਸੀ। ਉਨ੍ਹਾਂ ਕਿਹਾ ਕਿ ਨਵੀਨ ਵੱਡੀ ਮਾਤਰਾ ਵਿਚ ਕਿਸੇ ਵਸਤੂ ਦਾ ਸੇਵਨ ਵੀ ਕਰਦਾ ਸੀ, ਜੋ 6 ਦਿਨਾਂ ਤੋਂ ਉਸ ਨੂੰ ਨਹੀਂ ਮਿਲੀ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਪਤਾ ਲੱਗ ਸਕਣਗੇ।
ਦੱਸ ਦੇਈਏ ਕਿ 28 ਮਾਰਚ ਨੂੰ ਸੀ. ਆਈ. ਏ. ਸਟਾਫ਼ ਨੇ ਆਬਾਦਪੁਰਾ ਵਿਚ ਚਿੰਟੂ ਗਰੁੱਪ ਨੂੰ ਫੜਨ ਲਈ ਰੇਡ ਕੀਤੀ ਸੀ ਤਾਂ ਚਿੰਟੂ ਨੇ ਸੀ. ਆਈ. ਏ. ਸਟਾਫ਼ ’ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਦਕਿ ਨੀਰਜ ਪੁੱਤਰ ਵਿਜੇ ਵਾਸੀ ਗਾਂਧੀ ਕੈਂਪ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਸੀ। ਸੀ. ਆਈ. ਏ. ਸਟਾਫ਼ ਨੇ ਜਵਾਬੀ ਕਾਰਵਾਈ ਕਰਦਿਆਂ ਨਵੀਨ ਸੈਣੀ ਉਰਫ਼ ਚਿੰਟੂ ਵਾਸੀ ਮੁਹੱਲਾ ਹਰਗੋਬਿੰਦ ਨਗਰ, ਨੀਰਜ ਉਰਫ਼ ਝਾਂਗੀ, ਕਿਸ਼ਨ ਗੰਜਾ ਵਾਸੀ ਆਬਾਦਪੁਰਾ ਅਤੇ ਵਿਨੋਦ ਜੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 6 ਵੈਪਨ, 26 ਗੋਲ਼ੀਆਂ ਬਰਾਮਦ ਕੀਤੀਆਂ ਸਨ। ਪੁੱਛਗਿੱਛ ਵਿਚ ਖ਼ੁਲਾਸਾ ਹੋਇਆ ਸੀ ਕਿ ਚਿੰਟੂ ਆਪਣੇ ਸਾਥੀਆਂ ਨਾਲ ਮਿਲ ਕੇ ਜੂਆ ਲੁੱਟਣ ਦਾ ਕੰਮ ਵੀ ਕਰਦਾ ਸੀ, ਜਦਕਿ ਟਾਰਗੈੱਟ ਕਿਲਿੰਗ ਲਈ ਉਸ ਨੇ ਐੱਮ. ਪੀ. ਤੋਂ ਇਹ ਹਥਿਆਰ ਮੰਗਵਾਏ ਸਨ। ਰਿਮਾਂਡ ਵਿਚ ਇਹ ਵੀ ਪਤਾ ਲੱਗਾ ਸੀ ਕਿ ਚਿੰਟੂ ਗਰੁੱਪ ਆਈਸ ਡਰੱਗ ਦਾ ਧੰਦਾ ਵੀ ਕਰਦਾ ਸੀ ਅਤੇ ਜਦੋਂ ਉਹ ਆਈਸ ਦੀ ਵੱਡੀ ਖੇਪ ਮੰਗਵਾਉਂਦਾ ਸੀ ਤਾਂ ਸਮੱਗਲਰ ਨੂੰ ਗੰਨ ਪੁਆਇੰਟ ’ਤੇ ਲੈ ਕੇ ਉਸ ਤੋਂ ਆਈਸ ਵੀ ਲੁੱਟ ਲੈਂਦੇ ਸਨ।
ਇਹ ਵੀ ਪੜ੍ਹੋ: ਦੀਨਾਨਗਰ 'ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਗੈਸ ਚੜ੍ਹਨ ਕਾਰਨ ਇਕ ਮਜ਼ਦੂਰ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8