ਕਾਰੂਆਨਾ ਬਣਿਆ ਲੰਡਨ ਕਲਾਸਿਕ ਚੈਂਪੀਅਨ

12/13/2017 2:18:44 AM

ਲੰਡਨ— ਲੰਡਨ ਕਲਾਸਿਕ ਸ਼ਤਰੰਜ-2017 ਖਿਤਾਬ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨੇ ਆਪਣੇ ਨਾਂ ਕੀਤਾ, ਜਦਕਿ 'ਗ੍ਰੈਂਡ ਚੈੱਸ ਟੂਰ' ਦਾ ਖਿਤਾਬ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਜਿੱਤਿਆ। ਲੱਗਭਗ 20 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ 'ਗ੍ਰੈਂਡ ਚੈੱਸ ਟੂਰ' ਵਿਚ ਇਸ ਸਾਲ 'ਚ ਰੈਪਿਡ, ਬਲਿਟਜ਼ ਤੇ ਕਲਾਸੀਕਲ ਅਰਥਾਤ ਕੁਲ ਮਿਲਾ ਕੇ 6 ਟੂਰਨਾਮੈਂਟ ਖੇਡੇ ਗਏ ਤੇ ਲੰਡਨ ਚੈੱਸ ਕਲਾਸਿਕ ਇਸ ਦਾ ਆਖਰੀ ਪੜਾਅ ਸੀ। ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਆਖਰੀ ਰਾਊਂਡ 'ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਅਮਰੀਕਾ ਦੇ ਵੇਸਲੀ ਸੋ ਹੱਥੋਂ ਹਾਰ ਗਿਆ। ਹੋਰਨਾਂ ਮੁਕਾਬਲਿਆਂ 'ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਅਰਮੀਨੀਆ ਦੇ ਲੇਵੋਨ ਆਰੋਨੀਅਨ ਨੂੰ, ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨੇ ਇੰਗਲੈਂਡ ਦੇ ਮਾਈਕਲ ਐਡਮਸ ਨੂੰ ਹਰਾਇਆ, ਜਦਕਿ ਰੂਸ ਦੇ ਸੇਰਜੀ ਕਰਜ਼ਾਕਿਨ ਨੇ ਅਮਰੀਕਾ ਦੇ ਨਾਕਾਮੁਰਾ ਨਾਲ ਅਤੇ ਰੂਸ ਦੇ ਨੇਪੋਮਨਿਆਚੀ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਡਰਾਅ ਖੇਡਿਆ।


Related News