UK: ਭਾਰਤੀ ਮੂਲ ਦਾ ਉਮੀਦਵਾਰ ਲੰਡਨ ਮੇਅਰ ਦੀ ਦੌੜ ''ਚ ਸ਼ਾਮਲ, ਕੀਤਾ ਇਹ ਵਾਅਦਾ

04/21/2024 1:01:54 PM

ਲੰਡਨ (ਭਾਸ਼ਾ): ਪਾਕਿਸਤਾਨੀ ਮੂਲ ਦੇ ਸਾਦਿਕ ਖਾਨ ਤੀਸਰੀ ਵਾਰ ਜਿੱਤਣ ਦੇ ਉਦੇਸ਼ ਨਾਲ ਇੰਗਲੈਂਡ ਦੇ ਲੰਡਨ ਵਿੱਚ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਭਾਰਤੀ ਮੂਲ ਦੇ ਉਮੀਦਵਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਦਾ ਨਾਮ ਤਰੁਣ ਗੁਲਾਟੀ ਹੈ। ਦਿੱਲੀ ਵਿੱਚ ਜੰਮੇ ਤਰੁਣ ਦਾ ਕਹਿਣਾ ਹੈ ਕਿ ਲੰਡਨ ਦੇ ਨਾਗਰਿਕਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਦੁਖੀ ਕਰ ਦਿੱਤਾ ਹੈ। ਉਸ ਨੇ ਅੱਗੇ ਕਿਹਾ ਕਿ ਉਹ ਲੰਡਨ ਨੂੰ ਇੱਕ ਤਜਰਬੇਕਾਰ ਸੀ.ਈ.ਓ ਵਾਂਗ ਚਲਾਉਣਾ ਚਾਹੁੰਦੇ ਹਨ, ਤਾਂ ਜੋ ਸਾਰਿਆਂ ਨੂੰ ਫ਼ਾਇਦਾ ਹੋ ਸਕੇ। ਉਸਦਾ ਮੰਨਣਾ ਹੈ ਕਿ ਇੱਕ ਕਾਰੋਬਾਰੀ ਅਤੇ ਨਿਵੇਸ਼ ਮਾਹਿਰ ਵਜੋਂ ਉਸਦਾ ਤਜਰਬਾ ਲੰਡਨ ਲਈ ਮਦਦਗਾਰ ਸਾਬਤ ਹੋਵੇਗਾ।

ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹੈ ਤਰੁਣ ਗੁਲਾਟੀ 

ਭਾਰਤੀ ਮੂਲ ਦੇ 63 ਸਾਲਾ ਤਰੁਣ ਗੁਲਾਟੀ 2 ਮਈ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਹ ਮੇਅਰ ਦੇ ਅਹੁਦੇ ਲਈ 13 ਹੋਰ ਉਮੀਦਵਾਰਾਂ ਨਾਲ ਲੜਨ ਜਾ ਰਹੇ ਹਨ। ਉਸਨੇ ਛੇ ਦੇਸ਼ਾਂ ਵਿੱਚ ਸਿਟੀਬੈਂਕ ਅਤੇ ਐਚਐਸਬੀਸੀ ਨਾਲ ਕੰਮ ਕੀਤਾ ਹੈ। HSBC ਵਿੱਚ ਉਹ ਇੱਕ ਅੰਤਰਰਾਸ਼ਟਰੀ ਮੈਨੇਜਰ (IM) ਸੀ। ਤਰੁਣ ਗੁਲਾਟੀ ਨੇ ਕਿਹਾ, "ਮੈਂ ਲੰਡਨ ਨੂੰ ਇੱਕ ਵਿਲੱਖਣ ਗਲੋਬਲ ਸ਼ਹਿਰ ਦੇ ਰੂਪ ਵਿੱਚ ਦੇਖਦਾ ਹਾਂ। ਇਹ ਦੁਨੀਆ ਦੇ ਗਲੋਬਲ ਬੈਂਕ ਵਾਂਗ ਹੈ, ਜਿੱਥੇ ਦੁਨੀਆ ਭਰ ਦੇ ਲੋਕ ਇਕੱਠੇ ਹੁੰਦੇ ਹਨ।" ਆਪਣੇ ਸੰਬੋਧਨ ਵਿੱਚ ਉਸਨੇ ਅੱਗੇ ਕਿਹਾ, "ਮੇਅਰ ਦੇ ਤੌਰ 'ਤੇ ਮੈਂ ਲੰਡਨ ਦੀ ਬੈਲੇਂਸ ਸ਼ੀਟ ਨੂੰ ਇਸ ਤਰੀਕੇ ਨਾਲ ਤਿਆਰ ਕਰਾਂਗਾ ਕਿ ਇਹ ਨਿਵੇਸ਼ ਲਈ ਇੱਕ ਮੋਹਰੀ ਵਿਕਲਪ ਬਣ ਜਾਵੇ। ਇਸ ਵਿਚ ਸਾਰੇ ਨਿਵਾਸੀਆਂ ਲਈ ਸੁਰੱਖਿਆ ਅਤੇ ਖੁਸ਼ਹਾਲੀ ਯਕੀਨੀ ਹੋਵੇ। ਇੱਕ ਤਜਰਬੇਕਾਰ ਸੀ.ਈ.ਓ. ਦੇ ਰੂਪ ਵਿੱਚ ਮੈਂ ਲੰਡਨ ਨੂੰ ਬਦਲਾਂਗਾ। ਇਹ ਤੁਹਾਡੇ ਸਾਰੇ ਲੰਡਨ ਵਾਸੀਆਂ ਲਈ ਇੱਕ ਜਿੱਤ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਸਰਕਾਰ ਨੇ ਗੌਰਵਮਈ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਲੈ ਕੇ ਕੀਤਾ ਖ਼ਾਸ ਐਲਾਨ

ਇਨ੍ਹਾਂ ਨੀਤੀਆਂ ਨੂੰ ਖ਼ਤਮ ਕਰਨਾ ਚਾਹੁੰਦੈ ਤਰੁਣ ਗੁਲਾਟੀ

ਲੇਬਰ ਪਾਰਟੀ ਦੇ ਮੌਜੂਦਾ ਨੇਤਾ ਸਾਦਿਕ ਖਾਨ ਦੀਆਂ ਕੁਝ ਅਪ੍ਰਸਿੱਧ ਨੀਤੀਆਂ ਨੂੰ ਖ਼ਤਮ ਕਰਨਾ ਵੀ ਤਰੁਣ ਗੁਲਾਟੀ ਦਾ ਮੁੱਖ ਏਜੰਡਾ ਹੈ। ਸਾਦਿਕ ਖਾਨ ਦੀਆਂ ਇਨ੍ਹਾਂ ਨੀਤੀਆਂ ਵਿੱਚ ਅਲਟਰਾ ਲੋਅ ਐਮੀਸ਼ਨ ਜ਼ੋਨ (ULEZ) ਫੀਸਾਂ ਅਤੇ ਘੱਟ ਟ੍ਰੈਫਿਕ ਨੇਬਰਹੁੱਡਜ਼ (LTNs) ਨਾਲ ਜੁੜੀਆਂ ਉੱਚ ਲਾਗਤਾਂ ਨੂੰ ਖ਼ਤਮ ਕਰਨਾ ਸ਼ਾਮਲ ਹੈ। ਤਰੁਣ ਗੁਲਾਟੀ ਨੇ ਕਿਹਾ, "ਅਸੀਂ ULEZ, LTN ਵਰਗੀਆਂ ਮਾੜੀਆਂ ਨੀਤੀਆਂ ਨਹੀਂ ਚਾਹੁੰਦੇ। ਜਲਵਾਯੂ ਪਰਿਵਰਤਨ ਹੋ ਰਿਹਾ ਹੈ ਅਤੇ ਸਾਨੂੰ ਇਸ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਲੋੜ ਹੈ। ਸਾਨੂੰ ਜੋ ਵੀ ਤਬਦੀਲੀਆਂ ਕਰਨੀਆਂ ਹਨ, ਉਹ ਜਨਤਕ ਰਾਏ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ।"

ਤਰੁਣ ਗੁਲਾਟੀ ਨੇ ਮੇਅਰ ਦੇ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸੁਜ਼ੈਨ ਹਾਲ ਨੂੰ ਵੀ ਨਿਸ਼ਾਨਾ ਬਣਾਇਆ ਹੈ। ਉਸ ਨੇ ਕਿਹਾ ਕਿ ਲੰਦਨ ਅਸੈਂਬਲੀ ਦੇ ਕਈ ਸਾਲਾਂ ਤੱਕ ਮੈਂਬਰ ਰਹਿਣ ਦੇ ਬਾਵਜੂਦ ਉਹ ਇਨ੍ਹਾਂ ਨੀਤੀਆਂ ਨੂੰ ਰੋਕਣ ਵਿੱਚ ਅਸਫਲ ਰਹੇ ਹਨ। ਉਸਨੇ ਅੱਗੇ ਕਿਹਾ, "ਜੇ ਸਿਆਸੀ ਉਮੀਦਵਾਰਾਂ ਨੇ ਉਹ ਕੀਤਾ ਹੁੰਦਾ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ, ਤਾਂ ਮੈਂ ਕਦੇ ਵੀ ਮੇਅਰ ਦੀ ਚੋਣ ਨਹੀਂ ਲੜਦਾ।" ਤਰੁਣ ਗੁਲਾਟੀ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨ, ਲੰਡਨ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਮੁਫਤ ਸਕੂਲ ਭੋਜਨ ਨੂੰ ਯਕੀਨੀ ਬਣਾਉਣ ਅਤੇ ਕੌਂਸਲ ਟੈਕਸ ਘਟਾਉਣ ਵਰਗੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News