2019 ''ਚ ਵੀ ਜਾਖੜ ਬਨਾਮ ਭਾਜਪਾ ਦੀ ਰਾਜਨੀਤਕ ਲੜਾਈ ਦਾ ਹੋ ਸਕਦੈ ਰੀਪਲੇਅ

10/18/2017 7:04:39 PM

ਜਲੰਧਰ(ਰਵਿੰਦਰ ਸ਼ਰਮਾ)— ਸਿਰਫ 5 ਮਹੀਨੇ ਪਹਿਲਾਂ ਕਾਂਗਰਸ ਦੀ ਲਹਿਰ ਵਿਚ ਵਿਧਾਨ ਸਭਾ ਚੋਣਾਂ 'ਚ ਹਾਰ ਜਾਣ ਵਾਲੇ ਸੁਨੀਲ ਜਾਖੜ ਨੂੰ ਅੱਜ ਲੋਕ ਕਿਸਮਤ ਦਾ ਬਾਦਸ਼ਾਹ ਕਹਿ ਰਹੇ ਹਨ। ਵਿਧਾਨ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ 6 ਮਹੀਨਿਆਂ ਅੰਦਰ ਜਾਖੜ ਨੇ ਰਿਕਾਰਡਤੋੜ ਵੋਟਾਂ ਨਾਲ ਲੋਕ ਸਭਾ ਸੀਟ ਜਿੱਤ ਲਈ। ਮਾਲਵੇ ਤੋਂ ਆ ਕੇ ਮਾਝੇ ਵਿਚ ਸਰਦਾਰੀ ਕਾਇਮ ਕਰਨ ਵਾਲੇ ਸੁਨੀਲ ਜਾਖੜ ਦਾ ਖੁੱਲ੍ਹ ਕੇ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਲਾਬੀ ਨੇ ਵਿਰੋਧ ਕੀਤਾ ਸੀ ਪਰ ਜਾਖੜ ਦਾ ਇਸ ਵਿਚ ਕੋਈ ਕੁਝ ਵੀ ਨਹੀਂ ਵਿਗਾੜ ਸਕਿਆ। ਇਹ ਲੋਕ ਸਭਾ ਚੋਣਾਂ ਜਾਖੜ ਬਨਾਮ ਬਾਜਵਾ ਲਾਬੀ ਵਿਚ ਸਿਆਸੀ ਘੋਲ ਦੇ ਤੌਰ 'ਤੇ ਲੜੀਆਂ ਗਈਆਂ। 2019 ਦੀਆਂ ਲੋਕ ਸਭਾ ਚੋਣਾਂ ਵੀ ਜਾਖੜ ਬਨਾਮ ਬਾਜਵਾ ਲੜਾਈ ਦਾ ਰੀਪਲੇਅ ਹੋ ਸਕਦੀਆਂ ਹਨ। 
ਰਾਜਨੀਤੀ ਵਿਚ ਕਿਸ ਦੀ ਕਿਸਮਤ ਵਿਚ ਕੀ ਲਿਖਿਆ ਹੈ, ਕੁਝ ਨਹੀਂ ਕਿਹਾ ਜਾ ਸਕਦਾ। 2014 ਵਿਚ ਗੁਰਦਾਸਪੁਰ ਸੀਟ ਤੋਂ ਵੱਡੀ ਹਾਰ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਸਭਾ ਸੀਟ ਮਿਲ ਗਈ ਤਾਂ ਸਿਰਫ 6 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਸੁਨੀਲ ਜਾਖੜ ਅੱਜ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਹਨ। ਬਾਜਵਾ ਲਾਬੀ ਨੇ ਜਾਖੜ ਦਾ ਸਾਥ ਨਾ ਦੇਣ ਦਾ ਪੂਰਾ ਮਨ ਬਣਾਇਆ ਹੋਇਆ ਸੀ ਪਰ ਰਾਜਨੀਤੀ ਵਿਚ ਨਿੱਜੀ ਮਾੜੀ ਭਾਵਨਾ ਨਹੀਂ ਰੱਖੀ ਜਾ ਸਕਦੀ। ਇਸ ਨਾਲ ਭਵਿੱਖ ਦੀ ਰਾਜਨੀਤੀ ਵਿਚ ਨੁਕਸਾਨ ਹੋ ਸਕਦਾ ਹੈ। ਅਜਿਹਾ ਬਾਜਵਾ ਨਾਲ ਵੀ ਹੋਇਆ ਹੈ। ਹਾਈਕਮਾਨ ਦੀ ਝਿੜਕ ਤੋਂ ਬਾਅਦ ਮਜਬੂਰਨ ਬਾਜਵਾ ਨੂੰ ਜਾਖੜ ਦੇ ਨਾਲ ਚੱਲਣਾ ਪਿਆ। 
ਥੋੜ੍ਹਾ ਬੈਕਗਰਾਊਂਡ 2014 'ਚ ਜਾਂਦੇ ਹਾਂ। ਉਦੋਂ ਪ੍ਰਤਾਪ ਸਿੰਘ ਬਾਜਵਾ ਜਿੱਥੇ ਸੂਬਾ ਕਾਂਗਰਸ ਪ੍ਰਧਾਨ ਸੀ ਤਾਂ ਸੁਨੀਲ ਜਾਖੜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ। ਦੋਵੇਂ ਆਗੂ ਸੂਬਾ ਕਾਂਗਰਸ ਵਿਚ ਬੇਹੱਦ ਮਜ਼ਬੂਤ ਮੰਨੇ ਜਾਂਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਉਦੋਂ ਪਾਰਟੀ ਦੇ ਅੰਦਰ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸਨ। ਪਾਰਟੀ ਹਾਈਕਮਾਨ ਨੇ 2014 ਲੋਕ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਉਤਾਰਿਆ ਤਾਂ ਬਾਜਵਾ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲੇ ਗੁਰਦਾਸਪੁਰ ਤੇ ਜਾਖੜ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲੇ ਫਿਰੋਜ਼ਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ। ਦੂਜੇ ਜ਼ਿਲੇ ਵਿਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਨੂੰ ਹਰਾਇਆ ਪਰ ਸੂਬਾ ਕਾਂਗਰਸ ਵਿਚ ਟਾਪ 'ਤੇ ਚੱਲ ਰਹੇ ਬਾਜਵਾ ਅਤੇ ਜਾਖੜ ਦੋਵੇਂ ਹੀ ਆਪਣੇ ਗ੍ਰਹਿ ਜ਼ਿਲੇ ਤੋਂ ਚੋਣਾਂ ਹਾਰ ਗਏ ਸਨ। ਚੋਣਾਂ ਤੋਂ ਬਾਅਦ ਨਵੰਬਰ 2015 ਵਿਚ ਦੋਵਾਂ ਨੇ ਆਪਣੇ ਅਹੁਦੇ ਗੁਆ ਦਿੱਤੇ ਸਨ। ਕੈਪਟਨ ਫਿਰ ਮਜ਼ਬੂਤ ਹੋ ਕੇ ਉਭਰੇ ਤਾਂ ਬਾਜਵਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਬਾਜਵਾ ਬਨਾਮ ਕੈਪਟਨ ਲੜਾਈ ਵਿਚ ਕੈਪਟਨ ਦਾ ਸਾਥ ਦੇਣ 'ਤੇ ਜਾਖੜ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹੱਥ ਧੋਣਾ ਪਿਆ। 
ਫਰਵਰੀ 2016 ਵਿਚ ਜਾਖੜ ਨੂੰ ਫਿਰ ਤੋਂ ਝਟਕਾ ਲੱਗਾ ਸੀ ਜਦੋਂ 2 ਵਾਰ ਲੋਕ ਸਭਾ ਦੇ ਸਪੀਕਰ ਰਹੇ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਦਾ ਦਿਹਾਂਤ ਹੋ ਗਿਆ ਸੀ। ਅਗਲੇ ਮਹੀਨੇ ਪੰਜਾਬ ਵਿਚ 2 ਰਾਜ ਸਭਾ ਸੀਟਾਂ ਖਾਲੀ ਹੋਈਆਂ। ਇਕ ਸੀਟ 'ਤੇ ਬਾਜਵਾ ਨੂੰ ਨੋਮੀਨੇਟ ਕੀਤਾ ਗਿਆ ਅਤੇ ਦੂਜੀ ਸੀਟ 'ਤੇ ਸੰਭਾਵਨਾ ਸੀ ਕਿ ਜਾਖੜ ਨੂੰ ਉਤਾਰਿਆ ਜਾਵੇਗਾ ਪਰ ਅਜਿਹਾ ਨਾ ਹੋ ਸਕਿਆ ਅਤੇ ਦੂਜਾ ਨਾਂ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਦਾ ਪ੍ਰਪੋਜ਼ ਕਰ ਦਿੱਤਾ ਗਿਆ। ਉਦੋਂ ਜਾਖੜ ਨੇ ਇਸ ਨੋਮੀਨੇਸ਼ਨ 'ਤੇ ਪਾਰਟੀ ਹਾਈਕਮਾਨ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। 
ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਬਾਅਦ ਜਾਖੜ ਦੀ ਕਿਸਮਤ ਨਹੀਂ ਜਾਗੀ। ਜਦੋਂ 10 ਸਾਲਾਂ ਬਾਅਦ ਸੂਬੇ ਵਿਚ ਕਾਂਗਰਸ ਦੀ ਸੱਤਾ ਵਿਚ ਵਾਪਸੀ ਹੋਈ ਤਾਂ ਜਾਖੜ ਅਬੋਹਰ ਸੀਟ ਤੋਂ ਚੋਣ ਹਾਰ ਗਏ। ਅਜਿਹੇ ਹਾਲਾਤ ਵਿਚ ਲੱਗਣ ਲੱਗਾ ਕਿ ਉਨ੍ਹਾਂ ਦੇ ਰਾਜਨੀਤਕ ਕਰੀਅਰ ਨੂੰ ਗ੍ਰਹਿਣ ਲੱਗ ਸਕਦਾ ਹੈ ਪਰ ਅਚਾਨਕ ਉਨ੍ਹਾਂ ਦੀ ਕਿਸਮਤ ਨੇ ਫਿਰ ਤੋਂ ਪਲਟੀ ਮਾਰੀ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ 'ਤੇ ਜੱਟ ਸਿੱਖ ਚਿਹਰਾ ਸੀ ਤੇ ਪਾਰਟੀ ਦੇ ਅੰਦਰ ਇਕ ਹਿੰਦੂ ਆਗੂ ਨੂੰ ਸੂਬਾ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪਣ ਦੀ ਆਵਾਜ਼ ਉਠਣ ਲੱਗੀ। ਇਸ ਵਿਚ ਜਾਖੜ ਦਾ ਨਾਂ ਚੱਲਿਆ ਅਤੇ ਕਿਸਮਤ ਦੀ ਆਵਾਜ਼ ਨਾਲ ਜਾਖੜ ਲਗਾਤਾਰ ਚੋਣ ਹਾਰਨ ਤੋਂ ਬਾਅਦ ਸੂਬਾ ਕਾਂਗਰਸ ਦੇ ਪ੍ਰਧਾਨ ਬਣ ਗਏ। ਇਸ ਤੋਂ ਬਾਅਦ ਗੁਰਦਾਸਪੁਰ ਉਪ ਚੋਣ ਵਿਚ ਵੱਡੀ ਜਿੱਤ ਦਰਜ ਕਰਕੇ ਹੁਣ ਉਨ੍ਹਾਂ ਦੀ ਕੇਂਦਰ ਦੀ ਰਾਜਨੀਤੀ ਵਿਚ ਆਪਣੇ ਕਦਮ ਰੱਖਣ ਦੀ ਚਾਹਤ ਪੂਰੀ ਹੋ ਗਈ।
ਹਿੰਦੂ ਸੀਟ ਹੋਣ ਦਾ ਜਾਖੜ ਨੂੰ ਮਿਲਿਆ ਫਾਇਦਾ
ਗੁਰਦਾਸਪੁਰ ਵਿਚ ਰਾਜਪੂਤ ਵੋਟ ਜ਼ਿਆਦਾ ਹੋਣ ਦਾ ਸਿੱਧਾ ਫਾਇਦਾ ਸੁਨੀਲ ਜਾਖੜ ਨੂੰ ਮਿਲਿਆ। ਇਹ ਹਿੰਦੂ ਵੋਟ ਬੈਂਕ ਜਿੱਥੋਂ ਪਹਿਲਾਂ ਚੋਣ ਲੜ ਰਹੇ ਸਿੱਖ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਵਿਚ ਨਹੀਂ  ਖੜ੍ਹ ਰਿਹਾ ਸੀ, ਜੋ ਇਥੋਂ ਡਾਇਵਰਟ ਹੋ ਕੇ ਹਿੰਦੂ ਭਾਜਪਾ ਨੇਤਾ ਵਿਨੋਦ ਖੰਨਾ ਦੇ ਖਾਤੇ ਵਿਚ ਜਾ ਰਿਹਾ ਸੀ। ਇਸੇ ਵੋਟ ਬੈਂਕ ਦੇ ਆਧਾਰ 'ਤੇ ਕਾਂਗਰਸ ਨੇ ਇਸ ਵਾਰ ਭਾਜਪਾ ਨੂੰ ਤਕੜੀ ਮਾਤ ਦਿੱਤੀ। ਪਾਰਟੀ ਹਾਈਕਮਾਨ ਚਾਹੇਗੀ ਕਿ 2019 ਵਿਚ ਜਾਖੜ ਇਥੋਂ ਹੀ ਚੋਣ ਮੈਦਾਨ ਵਿਚ ਉਤਰਨ ਅਤੇ ਪਾਰਟੀ ਉਨ੍ਹਾਂ ਦੀ ਵੱਡੀ ਜਿੱਤ ਨੂੰ ਦੁਬਾਰਾ ਦੁਹਰਾਉਣਾ ਚਾਹੇਗੀ ਪਰ ਪ੍ਰਤਾਪ ਸਿੰਘ ਬਾਜਵਾ ਆਪਣੇ ਹਲਕੇ ਵਿਚ ਆਪਣੀ ਰਾਜਨੀਤੀ ਖਤਮ ਹੁੰਦੀ ਨਹੀਂ ਦੇਖਣਾ ਚਾਹੁਣਗੇ ਅਤੇ ਉਹ ਇਸ ਸੀਟ ਤੋਂ ਆਪਣੀ ਪਤਨੀ ਲਈ ਪੂਰਾ ਜ਼ੋਰ ਲਗਾਉਣਗੇ ਕਿਉਂਕਿ 2022 ਵਿਚ ਉਹ ਵੀ ਰਾਜ ਸਭਾ ਤੋਂ ਫਾਰਗ ਹੋ ਜਾਣਗੇ ਤਾਂ ਅੱਗੇ ਉਨ੍ਹਾਂ ਦਾ ਰਾਜਨੀਤਕ ਭਵਿੱਖ ਵਿਚਕਾਰ ਹੀ ਲਟਕਿਆ ਰਹਿ ਸਕਦਾ ਹੈ। ਪੁੱਛਣ 'ਤੇ ਸੁਨੀਲ ਜਾਖੜ ਕਹਿੰਦੇ ਹਨ ਕਿ ਕਿਹੜੀਆਂ ਚੋਣਾਂ ਕਿਹੜੀ ਸੀਟ ਤੋਂ ਲੜਨੀਆਂ ਹਨ, ਇਹ ਤਾਂ ਪਾਰਟੀ ਹਾਈਕਮਾਨ ਨੇ ਤੈਅ ਕਰਨਾ ਹੈ।


Related News