ਸੁਨੀਲ ਜਾਖੜ ਨੇ CM ਮਾਨ ਨੂੰ ਦਿੱਤੀ ਵਧਾਈ, 'ਆਪ' ਵਿਧਾਇਕਾਂ ਦੇ ਇਲਜ਼ਾਮਾਂ ਦਾ ਵੀ ਦਿੱਤਾ ਜਵਾਬ (ਵੀਡੀਓ)

03/28/2024 1:55:37 PM

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ 'ਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਵੀ ਮੌਜੂਦ ਰਹੇ। ਜਾਖੜ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧੀ ਦੇ ਜਨਮ ਦੀ ਵਧਾਈ ਦਿੱਤੀ। ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਘਰ ਅੱਜ ਲੱਛਮੀ ਆਈ ਹੈ, ਜਿਸ ਦੀ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਘਰ ਜੋ ਲੱਛਮੀ ਆਈ ਸੀ, ਉਹ ਕਾਲਾ ਧਨ ਸੀ, ਜੋ ਆਮ ਆਦਮੀ ਪਾਰਟੀ 'ਤੇ ਭਾਰੀ ਪੈ ਰਹੀ ਹੈ ਪਰ ਜੋ ਮੁੱਖ ਮੰਤਰੀ ਮਾਨ ਦੇ ਘਰ ਲੱਛਮੀ ਆਈ ਹੈ, ਉਸ ਨੂੰ ਪੰਜਾਬ ਦੇ ਸਾਰੇ ਲੋਕ ਅਸੀਸਾਂ ਦੇ ਰਹੇ ਹਨ ਅਤੇ ਮੁੱਖ ਮੰਤਰੀ ਨੂੰ ਵਧਾਈ ਦੇ ਰਹੇ ਹਨ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਹਾਂ।

ਇਹ ਵੀ ਪੜ੍ਹੋ : CM ਮਾਨ ਦੇ ਘਰ ਅੱਜ ਗੂੰਜ ਸਕਦੀਆਂ ਨੇ ਕਿਲਕਾਰੀਆਂ, ਪਤਨੀ ਡਾ. ਗੁਰਪ੍ਰੀਤ ਕੌਰ ਹਸਪਤਾਲ 'ਚ ਦਾਖ਼ਲ

ਉਨ੍ਹਾਂ ਮੁੱਖ ਮੰਤਰੀ ਮਾਨ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਵੀ ਖ਼ੁਦਮੁਖ਼ਤਿਆਰ ਹੋ ਗਿਆ ਹੈ ਅਤੇ ਜਿਨ੍ਹਾਂ ਦੇ ਹੱਥ 'ਚ ਲਗਾਮ ਸੀ, ਉਹ ਸਲਾਖ਼ਾਂ ਪਿੱਛੇ ਹਨ। ਅੱਜ ਪਹਿਲੀ ਵਾਰ ਪੰਜਾਬ ਨੂੰ ਖ਼ੁਦਮੁਖ਼ਤਿਆਰ ਮੁੱਖ ਮੰਤਰੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਕੇਜਰੀਵਾਲ ਦੀ ਗ੍ਰਿਫ਼ਤਾਰੀ ਹੋਈ, ਮੁੱਖ ਮੰਤਰੀ ਮਾਨ ਦੇ ਘਰ ਰੱਜ ਕੇ ਖੁਸ਼ੀਆਂ ਮਨਾਈਆਂ ਗਈਆਂ ਅਤੇ ਸਾਰੇ ਸਿਰਫ ਮਗਰਮੱਛ ਦੇ ਹੰਝੂ ਰਹੋ ਰਹੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੱਕ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਬੰਦ, ਜਾਰੀ ਹੋ ਗਏ ਸਖ਼ਤ ਹੁਕਮ

ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਪੂਰੇ ਪੰਜਾਬ ਨੂੰ ਬੇਵਕੂਫ਼ ਬਣਾਇਆ ਗਿਆ ਹੈ। ਬੀਤੇ ਦਿਨ 'ਆਪ' ਵਿਧਾਇਕਾਂ ਵਲੋਂ ਭਾਜਪਾ 'ਤੇ ਪੈਸਿਆਂ ਦੀ ਆਫ਼ਰ ਕਰਨ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਨ੍ਹਾਂ 'ਤੇ 5-5 ਹਜ਼ਾਰ ਰੁਪਏ ਦੇ ਮੁਕੱਦਮੇ ਦਰਜ ਹਨ, ਉਨ੍ਹਾਂ ਨੂੰ ਕੋਈ 25 ਕਰੋੜ ਰੁਪਿਆ ਆਫ਼ਰ ਕਿਉਂ ਕਰੇਗਾ। ਜਿਹੜਾ ਬੰਦਾ 25 ਹਜ਼ਾਰ 'ਚ ਮਿਲਦਾ ਹੋਵੇ, ਉਸ ਲਈ ਕੋਈ 25 ਕਰੋੜ ਰੁਪਿਆ ਕਿਉਂ ਖ਼ਰਚੇਗਾ।

ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਗਾਹ ਕਰਦਿਆਂ ਗੁੰਡਾਗਰਦੀ 'ਤੇ ਨਕੇਲ ਕੱਸਣ ਲਈ ਕਿਹਾ। ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਦੇ ਜਿਹੜੇ ਵਿਧਾਇਕਾਂ ਵਲੋਂ ਪਾਰਟੀ 'ਤੇ ਇਲਜ਼ਾਮ ਲਾਏ ਗਏ ਹਨ, ਉਨ੍ਹਾਂ ਦੀ ਸ਼ਿਕਾਇਤ ਉਹ ਚੋਣ ਕਮਿਸ਼ਨ ਨੂੰ ਕਰਨਗੇ ਤਾਂ ਜੋ ਇਸ ਮਾਮਲੇ ਦੀ ਜਾਂਚ ਹੋ ਸਕੇ। ਸੁਨੀਲ ਜਾਖੜ ਨੇ ਕਿਹਾ ਕਿ ਉਹ ਆਪਣੀ ਪਾਰਟੀ ਸਮੇਤ ਪੰਜਾਬ ਦੇ ਮੁੱਦੇ ਰਲ-ਮਿਲ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਨਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News