ਰਾਜਸਥਾਨ ’ਚ ਭਾਜਪਾ ਦੀ ਹੈਟ੍ਰਿਕ ਜਾਂ ਕਾਂਗਰਸ ਦਾ ਖੁੱਲ੍ਹੇਗਾ ਖਾਤਾ?
Tuesday, Apr 16, 2024 - 05:55 PM (IST)
ਰਾਜਸਥਾਨ ’ਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦਿਲਚਸਪ ਮੋੜ ’ਤੇ ਆ ਗਈਆਂ ਹਨ। ਭਾਜਪਾ ਪੂਰੀ ਚੋਣ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ’ਤੇ ਲੜ ਰਹੀ ਹੈ। ਕਾਂਗਰਸ ਚੋਣ ਨੂੰ ਸਥਾਨਕ ਮੁੱਦਿਆਂ ਅਤੇ ਆਪਣੇ ਐਲਾਨਨਾਮੇ ਨੂੰ ਅੱਗੇ ਕਰ ਕੇ ਲੜ ਰਹੀ ਹੈ। ਚੋਣ ਇੰਨੀ ਰੋਮਾਂਚਕ ਹੈ ਕਿ ਭਾਜਪਾ ਨੂੰ 11 ਨਵੇਂ ਚਿਹਰੇ ਉਤਾਰਨੇ ਪਏ ਹਨ। (ਕੁੱਲ ਸੀਟਾਂ 25) ਕਾਂਗਰਸ ਨੂੰ ਪਹਿਲੀ ਵਾਰ ਤਿੰਨ ਸੀਟਾਂ ਗੱਠਜੋੜ ਦੇ ਸਾਥੀਆਂ ਦਰਮਿਆਨ ਵੰਡਣੀਆਂ ਪਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿਆਦਾ ਚੋਣ ਸਭਾਵਾਂ ਕਰਨੀਆਂ ਪੈ ਰਹੀਆਂ ਹਨ ਅਤੇ ਕਾਂਗਰਸ ਵਲੋਂ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਪ੍ਰਿਅੰਕਾ ਗਾਂਧੀ ਨੂੰ ਐਲਾਨਨਾਮਾ ਲੋਕਾਂ ਦਰਮਿਆਨ ਰੱਖਣ ਲਈ ਜੈਪੁਰ ਆਉਣਾ ਪੈ ਰਿਹਾ ਹੈ। ਕੁੱਲ ਮਿਲਾ ਕੇ ਕਿਹਾ ਜਾਣ ਲੱਗਾ ਹੈ ਕਿ ਲਗਾਤਾਰ ਤੀਜੀ ਵਾਰ ਭਾਜਪਾ ਪੂਰੀਆਂ 25 ਸੀਟਾਂ ਸ਼ਾਇਦ ਨਾ ਜਿੱਤ ਸਕੇ।
ਕਿਹਾ ਜਾਣ ਲੱਗਾ ਹੈ ਕਿ ਕਾਂਗਰਸ ਘੱਟ ਤੋਂ ਘੱਟ ਖਾਤਾ ਤਾਂ ਖੋਲ੍ਹਣ ’ਚ ਕਾਮਯਾਬ ਹੋਵੇਗੀ। ਕੁੱਝ ਜਾਣਕਾਰ ਤਾਂ ਰਾਜਸਥਾਨ ਨੂੰ ਵੀ ਮਹਾਰਾਸ਼ਟਰ, ਕਰਨਾਟਕ, ਬਿਹਾਰ, ਬੰਗਾਲ ਵਾਂਗ ਸਵਿੰਗ ਸਟੇਟ ’ਚ ਰੱਖਣ ਲੱਗ ਪਏ ਹਨ। ਬਿਨਾਂ ਲਹਿਰ, ਬਿਨਾਂ ਉਤਸ਼ਾਹ ਵਾਲੀ ਚੋਣ ਸੀਟ-ਟੂ-ਸੀਟ ’ਚ ਫਸਦੀ ਨਜ਼ਰ ਆ ਰਹੀ ਹੈ। ਅਜਿਹੀ ਚੋਣ ਹੈਰਾਨ ਕਰਦੀ ਰਹੀ ਹੈ ਅਤੇ ਇਸ ਵਾਰ ਵੀ ਵੋਟਰ ਹੈਰਾਨ ਕਰ ਸਕਦਾ ਹੈ। ਉਂਝ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਪਹਿਲੇ ਪੜਾਅ ਦੀ ਚੋਣ ਸਮੇਂ (19 ਅਪ੍ਰੈਲ ਨੂੰ) ਫੱਗਣ ਦੀ ਵੱਡੀ ਗਿਆਰ੍ਹਵੀਂ ਹੈ। ਇਸ ਕਾਰਨ ਧਾਰਮਿਕ ਪ੍ਰੋਗਰਾਮਾਂ ਦੇ ਚਲਦਿਆਂ ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪੜਾਅ ( 26 ਅਪ੍ਰੈਲ) ਦੇ ਦਿਨ ਵਗਦੀ ਲੂ ਦੇ ਦਰਮਿਆਨ ਚੋਣਾਂ ਹੋਣਗੀਆਂ ਜਿਸ ਨਾਲ ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਪੂਰੀ ਚੋਣ ਮੋਦੀ, ਮੌਸਮ, ਮਾਹੌਲ ਦਰਮਿਆਨ ਉਲਝ ਕੇ ਰਹਿ ਗਈ ਹੈ।
ਸੀ ਵੋਟਰ ਦਾ ਤਾਜ਼ਾ ਸਰਵੇ ਭਾਜਪਾ ਨੂੰ 55 ਅਤੇ ਕਾਂਗਰਸ ਨੂੰ 39 ਫੀਸਦੀ ਵੋਟ ਦੇ ਰਿਹਾ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਾਜਪਾ ਦੀ ਹੈਟ੍ਰਿਕ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਪਰ 2019 ਦੀਆਂ ਲੋਕ ਸਭਾ ਚੋਣਾਂ ਦੇ ਹਿਸਾਬ ਨਾਲ ਭਾਜਪਾ ਨੂੰ 4 ਫੀਸਦੀ ਵੋਟਾਂ ਘੱਟ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਪਿਛਲੀਆਂ ਚੋਣਾਂ ’ਚ ਭਾਜਪਾ ਨੂੰ 59 ਫੀਸਦੀ ਤੋਂ ਥੋੜ੍ਹੀਆਂ ਵੱਧ ਵੋਟਾਂ ਮਿਲੀਆਂ ਸਨ। ਉਥੇ ਹੀ ਕਾਂਗਰਸ ਨੂੰ ਪਿਛਲੀਆਂ ਚੋਣਾਂ ’ਚ 34 ਫੀਸਦੀ ਵੋਟ ਮਿਲੀ ਸੀ। ਇਸ ਵਾਰ 5 ਫੀਸਦੀ ਦਾ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੋਵਾਂ ਧਿਰਾਂ ਦਰਮਿਆਨ ਤਕੜਾ ਮੁਕਾਬਲਾ ਹੋ ਰਿਹਾ ਹੈ ਉਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ’ਚ ਫਰਕ ਘੱਟ ਹੋ ਸਕਦਾ ਹੈ। ਕਾਂਗਰਸ ਨੇ ਜੇ ਖਾਤਾ ਖੋਲ੍ਹਣਾ ਹੈ ਤਾਂ 40 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਨੀਆਂ ਹੀ ਪੈਣਗੀਆਂ। ਉਸ ਦਿਸ਼ਾ ’ਚ ਕਾਂਗਰਸ ਜਾਂਦੀ ਦਿਸ ਰਹੀ ਹੈ ਜੋ ਭਾਜਪਾ ਲਈ ਇਕ ਚਿੰਤਾ ਦਾ ਸਬੱਬ ਹੈ।
ਹਾਲਾਂਕਿ ਸਚਿਨ ਪਾਇਲਟ ਅੱਧੀਆਂ ਭਾਵ ਤਕਰੀਬਨ 12 ਸੀਟਾਂ ’ਤੇ ਸਖਤ ਟੱਕਰ ਦੱਸ ਰਹੇ ਹਨ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ 6-7 ਸੀਟਾਂ ’ਤੇ ਕਾਂਗਰਸ ਟੱਕਰ ਦਿੰਦੀ ਦਿਸ ਰਹੀ ਹੈ ਅਤੇ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਕਾਂਗਰਸ 3 ਤੋਂ 5 ਸੀਟਾਂ ਕੱਢ ਸਕਦੀ ਹੈ। ਓਧਰ ਭਾਜਪਾ 25 ਵਿਚੋਂ 19 ਸੀਟਾਂ ਨੂੰ ਪੱਕੀਆਂ ਮੰਨ ਕੇ ਚੱਲ ਰਹੀ ਹੈ ਅਤੇ 6 ’ਚ ਉਹ ਫਸੀ ਹੋਈ ਜ਼ਰੂਰ ਹੈ ਪਰ ਕਾਂਗਰਸ ਦੇ ਮੁਕਾਬਲੇ ਹਲਕੀ ਲੀਡ ਉਸ ਨੂੰ ਹਾਸਲ ਹੈ। ਅਜਿਹਾ ਭਾਜਪਾ ਸੂਤਰਾਂ ਦਾ ਦਾਅਵਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਸੀਟਾਂ ’ਤੇ ਖਾਸ ਫੋਕਸ ਕੀਤਾ ਜਾ ਰਿਹਾ ਹੈ। ਮੋਦੀ ਦੇ ਦੌਰੇ ਜਾਂ ਰੋਡ ਸ਼ੋਅ ਕਰਵਾਏ ਜਾ ਰਹੇ ਹਨ। ਕੁੱਲ ਮਿਲਾ ਕੇ ਦੋਵਾਂ ਪਾਰਟੀਆਂ ਦੇ ਦਾਅਵਿਆਂ ਨੂੰ ਗੌਰ ਨਾਲ ਦੇਖੀਏ ਤਾਂ ਵੀ ਕਾਂਗਰਸ ਦਾ ਖਾਤਾ ਖੁੱਲ੍ਹਣ ਦੀ ਮਜ਼ਬੂਤ ਸੰਭਾਵਨਾ ਦਿਖਾਈ ਦੇ ਰਹੀ ਹੈ।
1984 ਪਿੱਛੋਂ ਰਾਜਸਥਾਨ ’ਚ ਹੋਈਆਂ 10 ਲੋਕ ਸਭਾ ਚੋਣਾਂ ਨੂੰ ਦੇਖਿਆ ਜਾਵੇ ਤਾਂ ਲਹਿਰ ਦੇ ਸਮੇਂ ਵੋਟਰ ਪੂਰੀ ਤਰ੍ਹਾਂ ਕਿਸੇ ਇਕ ਪਾਰਟੀ ਨਾਲ ਗਿਆ ਹੈ ਪਰ ਬਿਨਾਂ ਲਹਿਰ ਦੀਆਂ ਚੋਣਾਂ ’ਚ ਸੀਟਾਂ ਅੱਧੀਆਂ-ਅੱਧੀਆਂ ਵੰਡੀਆਂ ਗਈਆਂ ਹਨ ਜਾਂ ਫਿਰ ਜਿਹੜੀ ਧਿਰ ਨੈਰੇਟਿਵ ਬਣਾਉਣ ’ਚ ਕਾਮਯਾਬ ਹੋਈ ਉਸ ਨੂੰ 80 ਫੀਸਦੀ ਤੱਕ (20 ਤੱਕ) ਸੀਟਾਂ ਮਿਲੀਆਂ। 1984 ਨੂੰ ਇੰਦਰਾ ਗਾਂਧੀ ਦੀ ਸ਼ਹਾਦਤ ਲਹਿਰ ’ਚ ਜਿੱਥੇ ਸਾਰੀਆਂ ਸੀਟਾਂ ਕਾਂਗਰਸ ਨੇ ਜਿੱਤੀਆਂ ਉਥੇ ਹੀ 1989 ਦੀ ਬੋਫੋਰਸ ਲਹਿਰ ’ਚ ਕਾਂਗਰਸ ਸਾਰੀਆਂ ਸੀਟਾਂ ਹਾਰ ਗਈ। 1996 ਦੀਆਂ ਚੋਣਾਂ ਬਿਨਾਂ ਲਹਿਰ ਦੇ ਸਨ ਤਦ ਭਾਜਪਾ ਨੂੰ 12 ਅਤੇ ਕਾਂਗਰਸ ਨੂੰ 13 ਸੀਟਾਂ ਮਿਲੀਆਂ।
1996 ਦੀਆਂ ਬਿਨਾਂ ਲਹਿਰ ਦੇ ਚੋਣਾਂ ’ਚ ਫਿਰ ਦੋਵਾਂ ਨੇ ਸੀਟਾਂ ਅੱਧੀਆਂ-ਅੱਧੀਆਂ ਵੰਡ ਲਈਆਂ। 1998 ’ਚ ਬਿਨਾਂ ਲਹਿਰ ਦੇ ਚੋਣਾਂ ’ਚ ਕਾਂਗਰਸ ਦੇ ਹੱਕ ’ਚ ਮਾਹੌਲ ਸੀ ਤਾਂ ਉਹ 18 ਸੀਟਾਂ ਜਿੱਤੀ। ਇਸੇ ਤਰ੍ਹਾਂ 1999 ’ਚ ਕਾਰਗਿਲ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ 16 ਸੀਟਾਂ ਜਿੱਤਣ ’ਚ ਕਾਮਯਾਬ ਹੋਈ ਅਤੇ ਕਾਂਗਰਸ ਨੂੰ 9 ’ਤੇ ਹੀ ਸਬਰ ਕਰਨਾ ਪਿਆ। 2004 ’ਚ ‘ਇੰਡੀਆ ਸ਼ਾਈਨਿੰਗ’ ਦੀ ਲਹਿਰ ’ਚ ਭਾਜਪਾ 21 ਸੀਟਾਂ ਜਿੱਤਣ ’ਚ ਕਾਮਯਾਬ ਰਹੀ ਤਾਂ 2009 ’ਚ ਮਨਮੋਹਨ ਸਿੰਘ ਸਰਕਾਰ ਦੀ ਆਰਥਿਕ ਲਹਿਰ ’ਤੇ ਸਵਾਰ ਹੋ ਕੇ ਕਾਂਗਰਸ 20 ਸੀਟਾਂ ਜਿੱਤੀ। 2014 ਅਤੇ 2019 ਦੀ ਮੋਦੀ ਲਹਿਰ ’ਚ ਕਾਂਗਰਸ ਦਾ ਸਫਾਇਆ ਹੋ ਗਿਆ। ਇਨ੍ਹਾਂ ਅੰਕੜਿਆਂ ਤੋਂ ਸਾਫ ਹੈ ਕਿ ਇਸ ਵਾਰ ਦੀ ਚੋਣ ਕਿਉਂਕਿ ਬਿਨਾਂ ਲਹਿਰ ਦੇ ਹੈ ਪਰ ਮੋਦੀ ਦੇ ਹੱਕ ’ਚ ਮਾਹੌਲ ਹੈ ਇਸ ਲਈ ਭਾਜਪਾ 80 ਫੀਸਦੀ (20) ਸੀਟਾਂ ਕੱਢਣ ਦੀ ਸਮਰੱਥਾ ਰੱਖਦੀ ਹੈ ਪਰ ਇਸ ਤੋਂ ਇਹ ਵੀ ਸਾਫ ਹੈ ਕਿ ਕਾਂਗਰਸ ਦਾ ਨਾ ਸਿਰਫ ਖਾਤਾ ਖੁੱਲ੍ਹ ਰਿਹਾ ਹੈ ਸਗੋਂ 5 ਸੀਟਾਂ ਤੱਕ ਕੱਢ ਰਹੀ ਹੈ ਪਰ ਜੇ ਕਿਤੇ ਕੋਈ ਅੰਡਰ ਕਰੰਟ ਹੈ ਤਾਂ ਨਤੀਜੇ ਕੁਝ ਵੀ ਹੋ ਸਕਦੇ ਹਨ। ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸੀ ਵੋਟਰ ਦਾ ਸਰਵੇ ਸਹੀ ਹੈ ਤਾਂ ਕਾਂਗਰਸ ਲਈ 16 ਫੀਸਦੀ ਦਾ ਫਰਕ ਮੇਟਣਾ ਲਗਭਗ ਅਸੰਭਵ ਹੈ।
ਹੁਣ ਜ਼ਰਾ ਸੀਟਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਸ਼ੇਖਾਵਾਟੀ ਦੀਆਂ ਤਿੰਨੋਂ ਸੀਟਾਂ ’ਤੇ ਜ਼ੋਰਦਾਰ ਮੁਕਾਬਲਾ ਹੈ। ਚੁਰੂ ’ਚ ਭਾਜਪਾ ਤੋਂ ਕਾਂਗਰਸ ’ਚ ਆਏ ਰਾਹੁਲ ਕਸਵਾ, ਝੁਨਝੁਨੂ ’ਚ ਕਾਂਗਰਸ ਦੇ ਬ੍ਰਿਜੇਂਦਰ ਓਲਾ ਅਤੇ ਸੀਕਰ ’ਚ ਕਾਂਗਰਸ ਦੇ ਨਾਲ ਮਿਲ ਕੇ ਚੋਣ ਲੜ ਰਹੇ ਸੀ.ਪੀ.ਐੱਮ. ਦੇ ਅਸਰਾਰਾਮ ਭਾਜਪਾ ਲਈ ਮੁਸੀਬਤ ਬਣੇ ਹੋਏ ਹਨ। ਭਾਜਪਾ ਨੂੰ ਚੁਰੂ ’ਚ ਮੋਦੀ ਦੀ ਮੀਟਿੰਗ ਰਖਵਾਉਣੀ ਪਈ ਹੈ। ਓਂਝ ਵੀ ਸ਼ੇਖਾਵਾਟੀ ’ਚ ਕਾਂਗਰਸ ਨੇ ਵਿਧਾਨ ਸਭਾ ’ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਤਦ ਉਸ ਨੂੰ 21 ’ਚੋਂ 16 ਸੀਟਾਂ ਮਿਲੀਆਂ ਸਨ। ਸ਼ੇਖਾਵਾਟੀ ਦੀਆਂ ਜੇ 3 ਸੀਟਾਂ ’ਤੇ ਕਾਂਗਰਸ ਦੀ ਮਜ਼ਬੂਤ ਦਾਅਵੇਦਾਰੀ ਹੈ ਤਾਂ ਮੇਵਾੜ ਦੀਆਂ ਪੰਜਾਂ ਸੀਟਾਂ ’ਤੇ ਭਾਜਪਾ ਦਾ ਝੰਡਾ ਝੁੱਲਦਾ ਦਿਸ ਰਿਹਾ ਹੈ। ਬਾਂਸਵਾੜਾ ਡੂੰਗਰਪੁਰ ਦੀ ਸੀਟ ’ਤੇ ਸਭ ਦੀ ਨਿਗਾਹ ਹੈ, ਜਿੱਥੇ ਕਾਂਗਰਸ ਤੋਂ ਭਾਜਪਾ ’ਚ ਗਏ ਮਹਿੰਦਰਜੀਤ ਸਿੰਘ ਮਾਲਵੀਆ ਮਜ਼ਬੂਤ ਦੱਸੇ ਜਾ ਰਹੇ ਹਨ। ਜਿੱਥੇ ਕਾਂਗਰਸ ਆਗੂਆਂ ਦੀ ਨਾਸਮਝੀ ਕਾਰਨ ਬਾਪ ਪਾਰਟੀ ਨਾਲ ਢੰਗ ਨਾਲ ਸਮਝੌਤਾ ਨਹੀਂ ਹੋ ਸਕਿਆ। ਭਾਜਪਾ ਨੇ ਰਾਜਸਮੰਦ ਸੀਟ ਜਿੱਤਣ ਲਈ ਪਰਿਵਾਰਵਾਦ ਨੂੰ ਗਲ ਨਾਲ ਲਾਇਆ ਹੈ। ਮੇਵਾੜ ਰਾਜਘਰਾਣੇ ਦੇ ਵਿਸ਼ਵਰਾਜ ਇਥੋਂ ਦੀ ਨਾਥਦੁਆਰਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਜਿੱਤੇ ਸਨ ਤਾਂ ਉਨ੍ਹਾਂ ਦੀ ਪਤਨੀ ਨੂੰ ਭਾਜਪਾ ਨੇ ਲੋਕ ਸਭਾ ਟਿਕਟ ਦੇ ਦਿੱਤੀ ਹੈ। ਭੀਲਵਾੜਾ ਅਤੇ ਉਦੈਪੁਰ ’ਚ ਭਾਜਪਾ ਬਿਹਤਰ ਸਥਿਤੀ ’ਚ ਹੈ। ਇਹੀ ਹਾਲ ਹਾੜੋਤੀ ਦੀਆਂ ਦੋਵਾਂ ਸੀਟਾਂ ਦਾ ਹੈ।
ਕਾਂਗਰਸ ਨੇ ਦੌਸਾ, ਸਵਾਈ ਮਾਧੋਪੁਰ ’ਚ ਭਾਜਪਾ ਨੂੰ ਸਖਤ ਟੱਕਰ ਦਿੱਤੀ ਹੋਈ ਹੈ। ਇਥੋਂ ਸਚਿਨ ਪਾਇਲਟ ਜੇ ਗੁਰਜਰ-ਮੀਣਾ ਗੱਠਜੋੜ ਬਣਾਉਣ ’ਚ ਕਾਮਯਾਬ ਰਹੇ ਤਾਂ ਭਾਜਪਾ ਖਤਰੇ ’ਚ ਪੈ ਸਕਦੀ ਹੈ। ਨਾਗੌਰ ’ਚ ਕਾਂਗਰਸ ਨਾਲ ਖੜ੍ਹੇ ਹਨੂੰਮਾਨ ਬੇਨੀਵਾਲ ਅਤੇ ਕਾਂਗਰਸ ਤੋਂ ਭਾਜਪਾ ’ਚ ਗਈ ਜੋਤੀ ਮਿਰਧਾ ਦਰਮਿਆਨ ਜ਼ਬਰਦਸਤ ਮੁਕਾਬਲਾ ਹੈ। ਪਿਛਲੀ ਚੋਣ ਬੇਨੀਵਾਲ ਭਾਜਪਾ ਦੀ ਮਦਦ ਨਾਲ ਜਿੱਤੇ ਸਨ। ਬਾੜਮੇਰ ਚੋਣ ’ਤੇ ਤਾਂ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਇਥੇ ਭਾਜਪਾ ਦਾ ਸਾਥ ਛੱਡ ਕੇ ਆਜ਼ਾਦ ਵਿਧਾਨ ਸਭਾ ਚੋਣ ਜਿੱਤੇ ਰਵਿੰਦਰ ਸਿੰਘ ਭਾਟੀ ਨੇ ਭਾਜਪਾ ਦੀ ਨੱਕ ’ਚ ਦਮ ਕਰ ਰੱਖਿਆ ਹੈ। ਕਿਹਾ ਜਾ ਰਿਹਾ ਹੈ ਕਿ ਜੇ ਉਹ ਰਾਜਪੂਤ ਵੋਟ ਹਾਸਲ ਕਰਨ ’ਚ ਕਾਮਯਾਬ ਰਹੇ ਤਾਂ ਕਾਂਗਰਸ ਸੀਟ ਕੱਢਣ ’ਚ ਕਾਮਯਾਬ ਹੋ ਸਕਦੀ ਹੈ। ਕੁਝ ਸੀਟਾਂ ਬਾਰੇ ਵਿਸਥਾਰ ’ਚ ਦੱਸਣ ਦਾ ਮਕਸਦ ਇਹੀ ਦੱਸਣਾ ਸੀ ਕਿ ਚੋਣ ਸੀਟ-ਟੂ-ਸੀਟ ਹੋ ਗਈ ਹੈ। ਕਿਤੇ ਜਾਤੀਗਤ ਸਮੀਕਰਨ ਕੰਮ ਕਰ ਰਹੇ ਤੇ ਕਿਤੇ ਅੰਦਰੂਨੀ ਧੋਖੇ ਦਾ ਅਸਰ ਦਿਸ ਰਿਹਾ ਹੈ। ਕਿਤੇ ਉਮੀਦਵਾਰਾਂ ਦਾ ਚਿਹਰਾ ਹਾਵੀ ਹੈ ਤੇ ਕਿਤੇ ਵੋਟ ਟਰਾਂਸਫਰ ਦੇ ਚੱਕਰ ’ਚ ਚੋਣ ਫਸੀ ਹੋਈ ਹੈ। ਇਨ੍ਹਾਂ ਸੀਟਾਂ ’ਤੇ ਮੋਦੀ ਦਾ ਜਾਦੂ ਕਿੰਨਾ ਚੱਲੇਗਾ, ਉਸ ਤੋਂ ਤੈਅ ਹੋਵੇਗਾ ਕਿ ਕਾਂਗਰਸ ਖਾਤਾ ਖੋਲ੍ਹ ਸਕੇਗੀ ਜਾਂ ਨਹੀਂ।
ਪਿਛਲੇ 25 ਸਾਲਾਂ ’ਚ ਅਜਿਹਾ ਪਹਿਲੀ ਵਾਰ ਹੈ ਜਦ ਵਸੰੁਧਰਾ ਰਾਜੇ ਕਿਤੇ ਦਿਖਾਈ ਨਹੀਂ ਦੇ ਰਹੇ ਹਨ। ਉਹ ਪੂਰੀ ਤਰ੍ਹਾਂ ਝਾਲਾਵਾੜ ਸੀਟ ’ਤੇ ਧਿਆਨ ਦੇ ਰਹੇ ਹਨ, ਜਿੱਥੋਂ ਉਨ੍ਹਾਂ ਦੇ ਬੇਟੇ ਦੁਸ਼ਿਅੰਤ ਸਿੰਘ ਚੋਣ ਲੜ ਰਹੇ ਹਨ। ਸੂਬੇ ’ਚ ਕਿਤੇ-ਕਿਤੇ ਰਾਜਪੂਤ ਸਮਾਜ ਭਾਜਪਾ ਦਾ ਵਿਰੋਧ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵਰਗ ਨੂੰ ਵਸੁੰਧਰਾ ਮਨਾ ਸਕਦੇ ਹਨ ਪਰ ਉਹ ਖਾਮੋਸ਼ ਹਨ। ਓਧਰ ਅਸ਼ੋਕ ਗਹਿਲੋਤ ਦਾ ਪੂਰਾ ਧਿਆਨ ਆਪਣੇ ਬੇਟੇ ਵੈਭਵ ਗਹਿਲੋਤ ਦੀ ਸਿਰੋਹੀ ਜਾਲੌਰ ਸੀਟ ’ਤੇ ਹੈ। ਅਜਿਹੇ ’ਚ ਸਚਿਨ ਪਾਇਲਟ ਨੂੰ ਪੂਰਾ ਸੂਬਾ ਸਿਆਸੀ ਮੈਦਾਨ ਵਜੋਂ ਮਿਲ ਗਿਆ ਹੈ। ਉਹ ਇਸ ਦਾ ਫਾਇਦਾ ਵੀ ਉਠਾ ਰਹੇ ਹਨ। ਘੱਟ ਤੋਂ ਘੱਟ 5 ਸੀਟਾਂ ’ਤੇ ਉਨ੍ਹਾਂ ਦੇ ਉਮੀਦਵਾਰ ਚੋਣ ਲੜ ਰਹੇ ਹਨ। ਪਾਇਲਟ ਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਦੀ ਸਥਿਤੀ ਪਿਛਲੀਆਂ 2 ਵਾਰ ਦੀਆਂ ਚੋਣਾਂ ਤੋਂ ਠੀਕ ਰਹੇਗੀ (ਭਾਵ ਘੱਟ ਤੋਂ ਘੱਟ ਖਾਤਾ ਤਾਂ ਖੁੱਲ੍ਹੇਗਾ)। ਖੈਰ! ਇਹ ਲੇਖ ਲਿਖੇ ਜਾਣ ਤੱਕ ਉਨ੍ਹਾਂ ਦਾ ਜਾਲੌਰ ਦਾ ਦੌਰਾ ਨਹੀਂ ਹੋ ਸਕਿਆ ਹੈ। ਪਾਇਲਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਵੈਭਵ ਲਈ ਇਥੇ ਪ੍ਰਚਾਰ ਕਰਨ ਸੌ ਫੀਸਦੀ ਜਾਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਸਿਰੋਹੀ ਜਾਲੌਰ ’ਚ ਦੂਜੇ ਪੜਾਅ ’ਚ ਚੋਣਾਂ ਹੋਣੀਆਂ ਹਨ, ਇਸ ਲਈ ਸਚਿਨ ਕੋਲ ਅਜੇ ਵਕਤ ਹੈ। ਕਾਂਗਰਸ ਪੂਰੀ ਚੋਣ ਵਿਧਾਨ ਸਭਾ ਸਟਾਈਲ ’ਚ ਲੜ ਰਹੀ ਹੈ ਅਤੇ ਇਸੇ ’ਚ ਉਸ ਕੋਲ ਮੌਕਾ ਹੈ। ਜੇ ਰਾਸ਼ਟਰੀ ਮੁੱਦਿਆਂ ’ਤੇ ਚੋਣ ਲੜੀ ਗਈ ਤਾਂ ਮੋਦੀ ਹੈਟ੍ਰਿਕ ਲਾਉਣ ’ਚ ਕਾਮਯਾਬ ਹੋ ਸਕਦੇ ਹਨ।