ਅਰਵਿੰਦ ਖੰਨਾ ਸੰਗਰੂਰ ਤੋਂ ਹੋ ਸਕਦੇ ਹਨ ਭਾਜਪਾ ਦੇ ਉਮੀਦਵਾਰ

Friday, Apr 19, 2024 - 06:25 PM (IST)

ਅਰਵਿੰਦ ਖੰਨਾ ਸੰਗਰੂਰ ਤੋਂ ਹੋ ਸਕਦੇ ਹਨ ਭਾਜਪਾ ਦੇ ਉਮੀਦਵਾਰ

ਬਰਨਾਲਾ (ਵਿਵੇਕ ਸਿੰਧਵਾਨੀ) : ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਲਗਭਗ ਸਾਰੀਆਂ ਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਇਸ ਦੌੜ ਵਿਚ ਸਿਰਫ਼ ਭਾਜਪਾ ਹੀ ਪੱਛੜ ਗਈ ਹੈ। ਹੁਣ ਭਾਜਪਾ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਅਰਵਿੰਦ ਖੰਨਾ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਵਰਣਨਯੋਗ ਹੈ ਕਿ ਅਰਵਿੰਦ ਖੰਨਾ ਇਸ ਤੋਂ ਪਹਿਲਾਂ ਵੀ ਇਕ ਵਾਰ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜ ਚੁੱਕੇ ਹਨ, ਜਿਸ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਤੋਂ ਬਹੁਤ ਘੱਟ ਵੋਟਾਂ ਨਾਲ ਹਾਰ ਗਏ ਸਨ। ਪਤਾ ਲੱਗਾ ਹੈ ਕਿ ਇਸ ਵਾਰ ਭਾਜਪਾ ਸੰਗਰੂਰ ਸੀਟ ਤੋਂ ਹਿੰਦੂ ਉਮੀਦਵਾਰ ਨੂੰ ਲੈ ਕੇ ਜੂਆ ਖੇਡਣ ਦੇ ਮੂਡ ਵਿਚ ਹੈ, ਜਿਸ ਦੇ ਮੱਦੇਨਜ਼ਰ ਭਾਜਪਾ ਵੱਲੋਂ ਅਰਵਿੰਦ ਖੰਨਾ ਨੂੰ ਇੱਥੋਂ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਬਾਕੀ ਸਾਰੀਆਂ ਪਾਰਟੀਆਂ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸਿੱਖ ਚਿਹਰੇ ਨੂੰ ਮੈਦਾਨ ਵਿਚ ਉਤਾਰਿਆ ਹੈ, ਜੇਕਰ ਅਰਵਿੰਦ ਖੰਨਾ ਨੂੰ ਭਾਜਪਾ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਇੱਕੋ ਇੱਕ ਹਿੰਦੂ ਚਿਹਰਾ ਹੋਵੇਗਾ। 

ਰਾਮ ਮੰਦਰ ਨੂੰ ਲੈ ਕੇ ਸ਼ਹਿਰਾਂ ਵਿਚ ਭਾਜਪਾ ਦਾ ਗ੍ਰਾਫ ਪਹਿਲਾਂ ਹੀ ਬਹੁਤ ਉੱਚਾ ਹੈ ਅਤੇ ਜੇਕਰ ਕੋਈ ਹਿੰਦੂ ਚਿਹਰਾ ਅੱਗੇ ਰੱਖਿਆ ਜਾਵੇ ਤਾਂ ਸਮੀਕਰਨ ਬਦਲ ਸਕਦੇ ਹਨ। ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਲਈ ਅਰਵਿੰਦ ਖੰਨਾ ਕੋਈ ਨਵਾਂ ਚਿਹਰਾ ਨਹੀਂ ਹਨ, ਉਹ ਪਹਿਲਾਂ ਵੀ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਅਰਵਿੰਦ ਖੰਨਾ ਇਕ ਵਾਰ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਅਤੇ ਦੂਜੀ ਵਾਰ ਧੂਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਧੂਰੀ ਤੋਂ ਵਿਧਾਇਕ ਹੁੰਦਿਆਂ ਅਰਵਿੰਦ ਖੰਨਾ ਨੇ ਆਪਣੀਆਂ ਪੇਸ਼ੇਵਰ ਮਜਬੂਰੀਆਂ ਦੇ ਮੱਦੇਨਜ਼ਰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਕੁਝ ਸਮਾਂ ਸਰਗਰਮ ਸਿਆਸਤ ਤੋਂ ਦੂਰ ਰਹੇ। ਖੰਨਾ ਪਿਛਲੇ ਕੁਝ ਸਮੇਂ ਤੋਂ ਮੁੜ ਸਿਆਸਤ ਵਿੱਚ ਸਰਗਰਮ ਹੋ ਗਏ ਹਨ ਅਤੇ ਪਿਛਲੇ ਡੇਢ ਸਾਲ ਤੋਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਸਰਗਰਮ ਸਨ।

ਪਹਿਲਾਂ ਸਿਆਸੀ ਖੇਤਰ ਵਿਚ ਇਹ ਕਿਆਸ ਲਾਏ ਜਾ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟਾਂ ਦੀ ਵੰਡ ਦੌਰਾਨ ਢੀਂਡਸਾ ਗਰੁੱਪ ਨੂੰ ਨਜ਼ਰ-ਅੰਦਾਜ਼ ਕਰਨ ਕਾਰਨ ਪਰਮਿੰਦਰ ਢੀਂਡਸਾ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਸੰਗਰੂਰ ਸੀਟ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ ਪਰ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਨੇ ਅਰਵਿੰਦ ਖੰਨਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।


author

Gurminder Singh

Content Editor

Related News