ਵਿਭਚਾਰ ਤਲਾਕ ਦਾ ਆਧਾਰ ਹੋ ਸਕਦੈ, ਬੱਚੇ ਦੀ ਕਸਟੱਡੀ ਦੇਣ ਦਾ ਨਹੀਂ : ਹਾਈ ਕੋਰਟ
Saturday, Apr 20, 2024 - 02:22 PM (IST)
ਮੁੰਬਈ, (ਭਾਸ਼ਾ)- ਬੰਬੇ ਹਾਈ ਕੋਰਟ ਨੇ 9 ਸਾਲਾ ਇਕ ਕੁੜੀ ਦੀ ਕਸਟੱਡੀ ਉਸਦੀ ਮਾਂ ਨੂੰ ਦਿੰਦੇ ਹੋਏ ਕਿਹਾ ਕਿ ਵਿਭਚਾਰ ਤਲਾਕ ਦਾ ਆਧਾਰ ਹੋ ਸਕਦਾ ਹੈ ਪਰ ਬੱਚੇ ਦੀ ਕਸਟੱਡੀ ਦੇਣ ਦਾ ਨਹੀਂ। ਜਸਟਿਸ ਰਾਜੇਸ਼ ਪਾਟਿਲ ਦੇ ਸਿੰਗਲ ਬੈਂਚ ਨੇ 12 ਅਪ੍ਰੈਲ ਨੂੰ ਇਕ ਸਾਬਕਾ ਵਿਧਾਇਕ ਦੇ ਪੁੱਤਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਫਰਵਰੀ 2023 ਵਿਚ ਇਕ ਪਰਿਵਾਰਕ ਅਦਾਲਤ ਵੱਲੋਂ ਪਾਸ ਇਕ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ।
ਇਸ ਹੁਕਮ ਵਿਚ ਪਟੀਸ਼ਨਰ ਦੀ ਧੀ ਦੀ ਕਸਟੱਡੀ ਵੱਖ ਰਹਿ ਰਹੀ ਉਸ ਦੀ ਪਤਨੀ ਨੂੰ ਦਿੱਤੀ ਗਈ ਸੀ। ਇਸ ਮਰਦ ਅਤੇ ਔਰਤ ਦਾ ਵਿਆਹ 2010 ਵਿਚ ਹੋਇਆ ਸੀ ਅਤੇ 2015 ਵਿਚ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਸੀ। ਪਟੀਸ਼ਨਰ ਦੀ ਵਕੀਲ ਇੰਦਰਾ ਜੈਸਿੰਘ ਨੇ ਅਦਾਲਤ ਨੂੰ ਕਿਹਾ ਕਿ ਔਰਤ ਦੇ ਕਈ ਲੋਕਾਂ ਨਾਲ ਪ੍ਰੇਮ ਸਬੰਧ ਹਨ, ਇਸ ਲਈ ਬੱਚੀ ਦੀ ਕਸਟੱਡੀ ਉਸ ਨੂੰ ਸੌਂਪਣਾ ਉਚਿਤ ਨਹੀਂ ਹੋਵੇਗਾ। ਜਸਟਿਸ ਪਾਟਿਲ ਨੇ ਕਿਹਾ ਕਿ ਬੱਚੇ ਦੀ ਹਿਰਾਸਤ ਦੇ ਕੇਸ ਦਾ ਫੈਸਲਾ ਕਰਦੇ ਸਮੇਂ ਵਿਭਚਾਰ ਦੇ ਦੋਸ਼ਾਂ ਦਾ ਕੋਈ ਅਸਰ ਨਹੀਂ ਹੋਵੇਗਾ। ਅਦਾਲਤ ਨੇ ਕਿਹਾ ਕਿ ਇਕ ਚੰਗੀ ਪਤਨੀ ਨਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਕ ਚੰਗੀ ਮਾਂ ਵੀ ਨਹੀਂ ਹੈ।