ਸ਼ਰਾਬ ਦੀਆਂ ਨਾਜਾਇਜ਼ 110 ਪੇਟੀਆਂ ਤੇ ਬੋਲੈਰੋ ਗੱਡੀ ਫੜੀ

08/18/2017 6:55:11 AM

ਬੇਗੋਵਾਲ, (ਰਜਿੰਦਰ)- ਥਾਣਾ ਬੇਗੋਵਾਲ ਦੀ ਪੁਲਸ ਨੇ ਠੇਕੇ 'ਤੇ ਵਿਕਣ ਵਾਲੀ ਸ਼ਰਾਬ ਦੀਆਂ ਨਾਜਾਇਜ਼ 110 ਪੇਟੀਆਂ ਤੇ ਬੋਲੈਰੋ ਗੱਡੀ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਸੰਬੰਧੀ ਬੇਗੋਵਾਲ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ ਨੇ ਦੱਸਿਆ ਕਿ ਥਾਣਾ ਬੇਗੋਵਾਲ ਦੇ ਏ. ਐੱਸ. ਆਈ. ਪਰਮਿੰਦਰ ਸਿੰਘ, ਹੌਲਦਾਰ ਬੇਅੰਤ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਤੇ ਪੁਲਸ ਪਾਰਟੀ ਬੀਤੀ ਰਾਤ ਨਾਈਟ ਗਸ਼ਤ ਕਰਦੇ ਹੋਏ ਪਿੰਡ ਨਡਾਲੀ ਤੋਂ ਬੱਸੀ ਹੁੰਦੇ ਹੋਏ ਪਿੰਡ ਜੈਦ ਵਿਖੇ ਪੁੱਜੇ ਤਾਂ ਪਿੰਡ ਦੀ ਬਾਹਰਲੀ ਫਿਰਨੀ ਤੋਂ ਜਾਂਦੀ ਗਲੀ 'ਚੋਂ ਸ਼ਰਾਬ ਦੀ ਸਮੈਲ ਆਈ। ਮੌਕੇ 'ਤੇ ਪੁਲਸ ਪਾਰਟੀ ਨੇ ਗੱਡੀ ਰੋਕ ਕੇ ਗਲੀ ਵਿਚ ਖੜ੍ਹੀ ਇਕ ਬੋਲੈਰੋ ਓਪਨ ਗੱਡੀ, ਜਿਸ ਨੂੰ ਤਰਪਾਲ ਨਾਲ ਢੱਕਿਆ ਹੋਇਆ ਸੀ, ਨੂੰ ਚੈਕ ਕੀਤਾ ਤਾਂ ਗੱਡੀ ਵਿਚ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਲੱਦੀਆਂ ਹੋਈਆਂ ਮਿਲੀਆਂ। ਮੌਕੇ 'ਤੇ ਅੱਧੀ ਰਾਤ ਦਾ ਸਮਾਂ ਹੋਣ ਕਰਕੇ ਕਿਸੇ ਵੀ ਪ੍ਰਾਈਵੇਟ ਗਵਾਹ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਿਆ। ਜਦੋਂ ਬਲੈਰੋ ਟਂੈਪਰ ਗੱਡੀ ਵਿਚੋਂ ਸ਼ਰਾਬ ਦੀਆਂ ਪੇਟੀਆਂ ਉਤਾਰ ਕੇ ਚੈਕ ਕੀਤੀਆਂ ਗਈਆਂ ਤਾਂ ਕੈਸ਼ ਸ਼ਰਾਬ ਦੀਆਂ 88 ਪੇਟੀਆਂ, ਓ. ਸੀ. ਬਲਿਊ ਦੀਆਂ 8 ਪੇਟੀਆਂ, ਮੈਕਡਾਵਲ ਦੀਆਂ 5 ਪੇਟੀਆਂ ਅਤੇ ਇੰਪੀਰੀਅਲ  ਸ਼ਰਾਬ ਦੀਆਂ 9 ਪੇਟੀਆਂ ਬਰਾਮਦ ਹੋਈਆਂ। 
ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਗੱਡੀ ਵਿਚ ਕਾਗਜ਼ਾਤ ਵੀ ਨਹੀਂ ਸਨ, ਜਿਸ ਕਰਕੇ ਗੱਡੀ ਦੇ ਮਾਲਕ ਬਾਰੇ ਵੀ ਪਤਾ ਨਹੀਂ ਲੱਗ ਸਕਿਆ। ਇਸ ਲਈ ਮੌਕੇ 'ਤੇ ਪੁਲਸ ਪਾਰਟੀ ਨੇ ਸ਼ਰਾਬ ਅਤੇ ਬੋਲੈਰੋ ਓਪਨ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ। ਐੱਸ. ਐੱਚ. ਓ. ਨੇ ਕਿਹਾ ਕਿ ਰਾਤ ਦੇ ਸਮੇਂ ਪੁਲਸ ਦੀ ਗੱਡੀ ਦਾ ਹੂਟਰ ਸੁਣ ਕੇ ਗੱਡੀ ਵਿਚ ਸਵਾਰ ਵਿਅਕਤੀ ਗੱਡੀ ਛੱਡ ਕੇ ਦੌੜ ਗਏ ਸਨ ਅਤੇ ਬੋਲੈਰੋ ਗੱਡੀ ਵਿਚ 110 ਪੇਟੀਆਂ ਸ਼ਰਾਬ ਬਿਨਾਂ ਪਰਮਿਟ, ਬਿਨਾਂ ਲਾਇਸੰਸ ਰੱਖ ਕੇ ਐਕਸਾਈਜ਼ ਐਕਟ ਦੀ ਉਲੰਘਣਾ ਕੀਤੀ ਗਈ ਹੈ। ਜਿਸ ਕਰਕੇ ਇਸ ਸੰਬੰਧ ਵਿਚ ਥਾਣਾ ਬੇਗੋਵਾਲ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।  


Related News