ਪੁਰਾਣਾ ਸ਼ਾਲਾ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਕਾਰ ''ਚੋਂ 35 ਪੇਟੀਆਂ ਸ਼ਰਾਬ ਦੀਆਂ ਕੀਤੀਆਂ ਬਰਾਮਦ
Wednesday, Apr 10, 2024 - 05:22 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਹਾਈਟੈਕ ਨਾਕਾ ਦਾਊਵਾਲ ਵਿਖੇ ਪੁਰਾਣਾ ਸ਼ਾਲਾ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਨਾਕੇਬੰਦੀ ਕਰਕੇ ਇਕ ਕਾਰ ਵਿਚੋਂ 35 ਪੇਟੀਆਂ ਸ਼ਰਾਬ ਦੀਆਂ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੋਕ ਸਭਾ ਚੋਣਾਂ ਦੇ ਚੱਲਦੇ ਆਬਕਾਰੀ ਵਿਭਾਗ ਅਤੇ ਪੁਲਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਆਬਕਾਰੀ ਵਿਭਾਗ ਵੱਲੋਂ ਪੁਲਸ ਦੀ ਸਹਾਇਤਾ ਨਾਲ ਗੁਪਤ ਸੂਚਨਾ ਦੇ ਆਧਾਰ 'ਤੇ ਸਵਿਫਟ ਕਾਰ ਨੂੰ ਰੋਕ ਕੇ ਉਸ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ 35 ਪੇਟੀਆਂ (ਕੁੱਲ 420 ਬੋਤਲਾਂ) ਬਰਾਮਦ ਕੀਤੀਆਂ ਗਈਆਂ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਬੋਤਲਾਂ ਤੇ ਜਾਅਲੀ ਲੋਗੋ ਲਗਾਏ ਗਏ ਸਨ ਅਤੇ ਟਰੈਕ ਹੋਲੋਗਰਾਮ ਵੀ ਹਟਾ ਦਿੱਤੇ ਗਏ ਸਨ। ਦੂਜੇ ਪਾਸੇ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਸ਼ਰਾਬ ਟਾਂਡਾ ਜ਼ਿਲ੍ਹੇ ਹੁਸ਼ਿਆਰਪੁਰ ਦੇ ਇਕ ਸ਼ਰਾਬ ਕਾਰੋਬਾਰੀਆਂ ਵੱਲੋਂ ਸ਼ਮਸ਼ੇਰ ਸਿੰਘ ਨਾਮ ਦੇ ਸ਼ਰਾਬ ਤਸਕਰ ਰਾਹੀ ਗੈਰ ਕਾਨੂੰਨੀ ਤੌਰ 'ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਨਜਾਇਜ਼ ਤੌਰ 'ਤੇ ਵੇਚਣ ਲਈ ਭੇਜੀ ਜਾ ਰਹੀ ਸੀ।
ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਆਬਕਾਰੀ ਅਫਸਰ ਹੇਮੰਤ ਸ਼ਰਮਾ ਦੀ ਦੇਖ-ਰੇਖ ਹੇਠ ਇਕ ਗੁਪਤ ਸੂਚਨਾ ਮਿਲਣ 'ਤੇ ਉਨ੍ਹਾਂ ਵੱਲੋਂ ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ, ਆਬਕਾਰੀ ਪੁਲਸ ਅਤੇ ਹਰਪਾਲ ਸਿੰਘ ਐੱਸ.ਐੱਚ.ਓ ਪੁਰਾਣਾ ਸ਼ਾਲਾ ਦੇ ਨਾਲ ਦਾਉਵਾਲ ਵਿਖੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਸਵਿਫਟ ਕਾਰ ਨੂੰ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਪੰਜਾਬ ਕਲੱਬ ਵਿਸਕੀ (ਪੰਜਾਬ ਵਿਚ ਵਿਕਰੀ ਲਈ) ਦੀਆਂ 420 ਬੋਤਲਾਂ (35 ਪੇਟੀਆਂ) ਬਰਾਮਦ ਕੀਤੀਆਂ ਗਈਆਂ ਹਨ ਅਤੇ ਮਾਮਲੇ ਵਿਚ ਦੋ ਦੋਸ਼ੀ ਸ਼ਮਸ਼ੇਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵਾਹਲਾ, ਥਾਣਾ ਦੋਰਾਂਗਲਾ ਅਤੇ ਸੁਖਦੇਵ ਰਾਜ ਪੁੱਤਰ ਦਲਬੀਰ ਚੰਦ ਵਾਸੀ ਈਸੇਪੁਰ ਥਾਣਾ ਬਹਿਰਾਮਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਠੇਕੇਦਾਰ ਮਨਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਉੜਮੁੜ ਟਾਂਡਾ ਜ਼ਿਲਾ ਹੁਸ਼ਿਆਰਪੁਰ, ਬਲਵਿੰਦਰ ਸਿੰਘ ਠੇਕੇਦਾਰ ਵਾਸੀ ਟਾਂਡਾ ,ਕੁਲਦੀਪ ਸਿੰਘ ਭਾਈਵਾਲ ਵਾਸੀ ਟਾਂਡਾ, ਅਜੀਤ ਪਾਲ ਲਵਲੀ ਭਾਈਵਾਲ ਵਾਸੀ ਟਾਂਡਾ ਜ਼ਿਲਾ ਹੁਸ਼ਿਆਰਪੁਰ ਵਿਰੁੱਧ ਵੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਨ੍ਹਾਂ ਸਾਰਿਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।