ਹੈਰੋਇਨ ਅਤੇ ਸ਼ਰਾਬ ਸਮੇਤ 3 ਕਾਬੂ, ਇਕ ਫਰਾਰ

Thursday, Mar 28, 2024 - 05:28 PM (IST)

ਹੈਰੋਇਨ ਅਤੇ ਸ਼ਰਾਬ ਸਮੇਤ 3 ਕਾਬੂ, ਇਕ ਫਰਾਰ

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਅਣਪਛਾਤਾ ਸ਼ਰਾਬ ਸਮੱਗਲਰ ਪੁਲਸ ਦੇ ਕਾਬੂ ਨਹੀਂ ਆ ਸਕਿਆ। ਮਿਲੀ ਜਾਣਕਾਰੀ ਅਨੁਸਾਰ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਪੁਲ ਸੂਆ ਪਿੰਡ ਢੁੱਡੀਕੇ ਦੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਗੁਰਪਾਲ ਸਿੰਘ ਉਰਫ ਗੁੱਜਰ ਸਿੰਘ ਨਿਵਾਸੀ ਪਿੰਡ ਮਾਣੂੰਕੇ ਨੂੰ ਕਾਬੂ ਕਰ ਕੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਸੇ ਤਰ੍ਹਾਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਜੀਤ ਸਿੰਘ ਗੁਪਤ ਸੂਚਨਾ ਦੇ ਆਧਾਰ ’ਤੇ ਪ੍ਰਮੋਦ ਕੁਮਾਰ ਨਿਵਾਸੀ ਮੋਗਾ ਨੂੰ ਕਾਬੂ ਕਰ ਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਧਰਮਕੋਟ ਦੇ ਹੌਲਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਸ਼ੱਕ ਦੇ ਆਧਾਰ ’ਤੇ ਮਹਿਲਾ ਪੁਲਸ ਕਰਮਚਾਰੀ ਨੇ ਗੁਰਪ੍ਰੀਤ ਕੌਰ ਨਿਵਾਸੀ ਪਿੰਡ ਠੂਠਗੜ੍ਹ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਿਸ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ, ਜਿਸ ਨੂੰ ਬਾਅਦ ਵਿਚ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਸਹਾਇਕ ਥਾਣੇਦਾਰ ਮਨਪ੍ਰੀਤ ਸਿੰਘ ਪੁਲਸ ਚੌਂਕੀ ਕਮਾਲਕੇ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ਵਿਚ ਅਜੇ ਕੁਮਾਰ ਐਕਸਾਈਜ਼ ਇੰਸਪੈਕਟਰ ਧਰਮਕੋਟ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਪਿੰਡ ਚੱਕ ਭੋਰੇ ਤੋਂ ਗੱਟੀ ਜੱਆ ਜੋ ਸਤਲੁਜ ਦਰਿਆ ਨਾਲ ਲੱਗਦੇ ਹਨ, ਦੇ ਨੇੜੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਗਸ਼ਤ ਦੌਰਾਨ ਜਦ ਕਈ ਜਗ੍ਹਾ ਚੈਕਿੰਗ ਕੀਤੀ ਤਾਂ 15 ਹਜ਼ਾਰ ਲਿਟਰ ਲਾਹਣ ਦੇ ਇਲਾਵਾ 290 ਬੋਤਲਾਂ ਨਾਜਾਇਜ਼ ਸ਼ਰਾਬ ਜੋ ਪਲਾਸਟਿਕ ਦੀ ਤਿਰਪਾਲ ਵਿਚ ਭਰੀ ਹੋਈ ਸੀ ਅਤੇ ਉਸ ਨੂੰ ਖੱਡੇ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ, ਜਿਸ ’ਤੇ ਅਸੀਂ ਪੁਲਸ ਪਾਰਟੀ ਸਮੇਤ ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕਰ ਕੇ ਅਣਪਛਾਤੇ ਸਮੱਗਲਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।


author

Gurminder Singh

Content Editor

Related News