ਪੁਲਸ ਵੱਲੋਂ ਰਾਜਸਥਾਨੀਆਂ ਦੀਆਂ ਝੁੱਗੀਆਂ ’ਚ ਛਾਪੇਮਾਰੀ, 36 ਪੇਟੀਆਂ ਸ਼ਰਾਬ ਸਮੇਤ ਔਰਤ ਗ੍ਰਿਫ਼ਤਾਰ
Friday, Apr 05, 2024 - 02:31 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ/ਰਾਜਬੀਰ)-ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਬੱਸ ਅੱਡੇ ਦੇ ਨਜ਼ਦੀਕ ਰਾਜਸਥਾਨੀ ਦੀਆਂ ਝੁੱਗੀਆਂ ’ਚ ਛਾਪੇਮਾਰੀ ਕਰਕੇ 36 ਦੇਸੀ ਸ਼ਰਾਬ ਦੀਆਂ ਪੇਟੀਆਂ, ਜੋ ਪੰਜਾਬ ਵਿਚ ਵਿਕਣਯੋਗ ਹੈ, ਬਰਾਮਦ ਕੀਤੀਆਂ ਗਈਆਂ ਹਨ।
ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਉਨ੍ਹਾਂ ਦੀ ਪੁਲਸ ਪਾਰਟੀ ਸਭ ਇੰਸਪੈਕਟਰ ਬਲਵੀਰ ਚੰਦ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਪਤਾਲਪੁਰੀ ਚੌਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੌਜੂਦ ਸੀ ਤਾਂ ਵਕਤ ਕਰੀਬ 5.15 ਵਜੇ ਦਾ ਹੋਵੇਗਾ ਕਿ ਮੁੱਖਬਰ ਖ਼ਾਸ ਨੇ ਬਲਵੀਰ ਚੰਦ ਨੂੰ ਇਤਲਾਹ ਦਿੱਤੀ ਕਿ ਭਾਗੋ ਪਤਨੀ ਸਵ. ਰਾਜੂ ਅਤੇ ਉਰਮਾ ਪਤਨੀ ਸਵ. ਮੁਣਸ਼ੀ ਰਾਮ ਵਾਸੀਆਨ ਰਾਜਸਥਾਨੀ ਝੁੱਗੀਆਂ ਜਿਊਵਾਲ ਨੇਡ਼ੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਨੇ ਸਸਤੇ ਰੇਟਾਂ ’ਚ ਭਾਰੀ ਮਾਤਰਾ ਵਿਚ ਸ਼ਰਾਬ ਠੇਕਾ ਦੇਸੀ ਖਰੀਦ ਕੇ ਅੱਗੇ ਮਹਿੰਗੇ ਭਾਅ ’ਚ ਵੇਚਣ ਲਈ ਲਿਆ ਕੇ ਆਪਣੀਆਂ ਝੁਗੀਆਂ ’ਚ ਲੁਕਾ ਕੇ ਰੱਖੀ ਹੋਈ ਹੈ।
ਇਹ ਵੀ ਪੜ੍ਹੋ: ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’
ਜੇਕਰ ਹੁਣੇ ਹੀ ਇਨ੍ਹਾਂ ਦੀਆਂ ਝੁੱਗੀਆਂ ’ਚ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ’ਚ ਸ਼ਰਾਬ ਠੇਕਾ ਦੇਸੀ ਬਰਾਮਦ ਹੋ ਸਕਦੀ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਰਾਜਸਥਾਨੀਆਂ ਦੀਆਂ ਝੁੱਗੀਆਂ ’ਚ ਜਾ ਕੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਪਾਰਟੀ ਨੂੰ ਦੇਖ ਕੇ ਭਾਗੋ ਪਤਨੀ ਰਾਜੂ ਮੌਕੇ ਤੋਂ ਫਰਾਰ ਹੋ ਗਈ ਜਦਕਿ ਪੁਲਸ ਵੱਲੋਂ ਉਰਮਾ ਨੂੰ ਕਾਬੂ ਕਰ ਲਿਆ ਗਿਆ। ਪੁਲਸ ਵੱਲੋਂ ਛਾਪੇਮਾਰੀ ਦੌਰਾਨ ਸਰਾਬ ਦੀਆਂ 180 ਮਿਲੀਲੀਟਰ ਦੀਆਂ 129 ਬੋਤਲਾਂ, 375 ਮਿਲੀਲੀਟਰ ਦੀਆਂ 210 ਬੋਤਲਾਂ, 750 ਮਿਲੀਲੀਟਰ ਦੀਆਂ 285 ਬੋਤਲਾਂ ਬਰਾਮਦ ਹੋਈਆਂ ਜੋ ਕਿ 315720 ਮਿਲੀ ਲੀਟਰ ਸ਼ਰਾਬ ਬਣਦੀ ਹੈ। ਪੁਲਸ ਪਾਰਟੀ ਵੱਲੋਂ ਭਾਗੋ ਪਤਨੀ ਸਵ. ਰਾਜੂ ਅਤੇ ਉਰਮਾ ਪਤਨੀ ਸਵ. ਮੁਨਸ਼ੀ ਰਾਮ ਵਾਸੀਆਨ ਰਾਜਸਥਾਨੀ ਝੁੱਗੀਆਂ ਜਿਊਵਾਲ ਖ਼ਿਲਾਫ਼ ਐਕਸਾਈਜ ਐਕਟ 61/1/14 ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਐੱਸ. ਐੱਚ. ਓ . ਜਤਿਨ ਕਪੂਰ ਨੇ ਦੱਸਿਆ ਕਿ ਪੁਲਸ ਵੱਲੋਂ ਉਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਫਰਾਰ ਹੋਈ ਭਾਗੋ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨੀ ਝੁੱਗੀਆਂ ’ਚ ਪਹਿਲਾਂ ਵੀ ਔਰਤਾਂ ਵੱਲੋਂ ਵੱਡੇ ਪੱਧਰ ’ਤੇ ਨਾਜਾਇਜ਼ ਸਰਾਬ ਵੇਚੀ ਜਾਂਦੀ ਹੈ। ਪੁਲਸ ਵੱਲੋਂ ਕਈ ਵਾਰ ਇਨ੍ਹਾਂ ਤੋਂ ਸ਼ਰਾਬ ਬਰਾਮਦ ਕਰ ਕੇ ਐਕਸਾਈਜ ਐਕਟ ਅਧੀਨ ਮਾਮਲੇ ਦਰਜ ਕੀਤੇ ਹਨ, ਪਰ ਇਨ੍ਹਾਂ ਵੱਲੋਂ ਸ਼ਰਾਬ ਵੇਚਣ ਦਾ ਧੰਦਾ ਛੱਡਿਆ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ:‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ