ਗੁਰਦੁਆਰੇ ''ਚੋਂ 3.50 ਲੱਖ ਦੀ ਨਕਦੀ, 4 ਤੋਲੇ ਸੋਨੇ ਦੇ ਗਹਿਣੇ, 2 ਮੋਬਾਇਲ ਫੋਨ ਚੋਰੀ

02/10/2016 1:27:22 PM

ਮੁੱਲਾਂਪੁਰ ਦਾਖਾ (ਸੰਜੀਵ)— ਸਥਾਨਕ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ''ਚ ਆਪਣੇ ਲੜਕੇ ਦੇ ਆਨੰਦ ਕਾਰਜ ਦੀ ਰਸਮ ਅਦਾ ਕਰਨ ਲਈ ਆਈ ਲਾੜੇ ਦੀ ਮਾਂ ਦਾ ਪਰਸ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ।
ਥਾਣਾ ਦਾਖਾ ਵਿਖੇ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਖੁੱਡੀਆਂ ਗੁਲਾਬ ਸਿੰਘ ਜ਼ਿਲਾ ਮੁਕਤਸਰ ਨੇ ਦੱਸਿਆ ਕਿ 30 ਜਨਵਰੀ ਨੂੰ ਉਹ ਆਪਣੇ ਲੜਕੇ ਦੀ ਬਰਾਤ ਲੈ ਕੇ ਕਿੰਗਜ ਵਿਲਾ ਪੈਲੇਸ ਵਿਚ ਆਈ ਸੀ ਅਤੇ ਜਦੋਂ ਉਹ ਆਪਣੇ ਪਰਿਵਾਰ ਨਾਲ ਲਾੜੇ ਅਤੇ ਲਾੜੀ ਦੇ ਆਨੰਦ ਕਾਰਜ ਲਈ ਗੁਰਦੁਆਰਾ ਸਿੰਘ ਸਭਾ ਮੁੱਲਾਂਪੁਰ ਦਾਖਾ ਵਿਚ ਆਏ ਤਾਂ ਗੁਰਦੁਆਰਾ ਸਾਹਿਬ ਵਿਚ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਪਰਸ ਚੋਰੀ ਕਰ ਲਿਆ, ਜਿਸ ਵਿਚ 3,50,000 ਰੁਪਏ ਦੀ ਨਕਦੀ, 4 ਤੋਲੇ ਸੋਨੇ ਦੇ ਗਹਿਣੇ, 2 ਮੋਬਾਇਲ ਫੋਨ ਸਨ।
ਸੁਰਜੀਤ ਕੌਰ ਨੇ ਸ਼ੱਕ ਪ੍ਰਗਟ ਕੀਤਾ, ਉਸ ਦਾ ਪਰਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਸੇਵਾਦਾਰ ਅਤੇ ਤਿੰਨ ਕੀਰਤਨ ਕਰਨ ਵਾਲੇ ਵਿਅਕਤੀਆਂ ਨੇ ਹੀ ਚੋਰੀ ਕੀਤਾ ਹੈ ਕਿਉਂਕਿ ਉਕਤ ਵਿਅਕਤੀਆਂ ਨੂੰ ਪਤਾ ਸੀ ਕਿ ਜਿਸ ਸਮੇਂ ਆਨੰਦ ਕਾਰਜ ਦੀ ਰਸਮ ਹੋ ਰਹੀ ਸੀ, ਉਸ ਸਮੇਂ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ ਬੰਦ ਸਨ ਅਤੇ ਇਸ ਘਟਨਾ ਤੋਂ ਬਾਅਦ ਕੈਮਰੇ ਚਾਲੂ ਕੀਤੇ ਗਏ ਸਨ। ਜਦੋਂ ਇਸ ਸਬੰਧੀ ਥਾਣਾ ਦਾਖਾ ਪੁਲਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News