ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ ਸਮੇਤ ਹੋਰ ਇਤਰਾਜ਼ਯੋਗ ਸਮਾਨ ਬਰਾਮਦ

Monday, Apr 01, 2024 - 03:09 PM (IST)

ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ ਸਮੇਤ ਹੋਰ ਇਤਰਾਜ਼ਯੋਗ ਸਮਾਨ ਬਰਾਮਦ

ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 6 ਮੋਬਾਇਲ ਫੋਨ, 1 ਅਡਾਪਟਰ, 1 ਡਾਟਾ ਕੇਬਲ ਬਰਾਮਦ ਹੋਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਦੋ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 3211 ਰਾਹੀਂ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 31 ਮਾਰਚ 2024 ਨੂੰ ਕਰੀਬ ਸਾਢੇ 9 ਪੀਐੱਮ ’ਤੇ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਗੁਪਤ ਸੂਚਨਾ ਦੇ ਆਧਾਰ ਤੇ ਬਲਾਕ ਨੰਬਰ 3 ਦੀ ਬੈਰਕ ਨੰਬਰ 1 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਹਵਾਲਾਤੀ ਸੰਦੀਪ ਸਿੰਘ ਉਰਫ ਪੰਮਾ ਉਰਫ ਸੋਨੂੰ ਪੁੱਰਤ ਅਜੀਤ ਸਿੰਘ ਵਾਸੀ ਪਿੰਡ ਮਾਛਾ ਕਲਾਰੀਓ ਉਰਫ ਤਾਰੇ ਵਾਲਾ ਕੋਲੋਂ 1 ਮੋਬਾਇਲ ਫੋਨ ਨੋਕੀਆ ਕੀਪੈਡ ਸਮੇਤ ਬੈਟਰੀ ਤੇ ਸਿੰਮ ਕਾਰਡ ਏਅਰਟੈਲ ਬਰਾਮਦ ਹੋਇਆ।

ਹਵਾਲਾਤੀ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਲਖਵੀਰ ਸਿੰਘ ਵਾਸੀ ਜੰਡ ਪੀਰ ਕਾਲੌਨੀ ਮਕਾਨ ਨੰਬਰ 8 ਗਲੀ ਨੰਬਰ 4 ਬੈਕਸਾਈਡ ਸੂਗਰ ਮਿੱਲ ਛੇਹਰਟਾ ਥਾਣਾ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ 1 ਮੋਬਾਇਲ ਫੋਨ ਰੀਅਲਮੀ ਸਮੇਤ ਸਿੰਮ ਕਾਰਡ ਜੀਓ ਬਰਾਮਦ ਹੋਇਆ। ਇਸ ਤੋਂ ਬਾਅਦ ਬੈਰਕ ਅੰਦਰ ਬਣੇ ਬਾਥਰੂਮ ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ 4 ਟੱਚ ਸਕਰੀਨ ਮੋਬਾਇਲ ਫੋਨ, 1 ਅਡਾਪਟਰ ਅਤੇ 1 ਡਾਟਾ ਕੇਬਲ ਬਰਾਮਦ ਹੋਈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News