10 ਕਿਲੋ ਭੁੱਕੀ ਚੂਰਾ-ਪੋਸਤ ਬਰਾਮਦ ਕਾਰ ਸਮੇਤ 2 ਕਾਬੂ

10/19/2017 3:16:17 AM

ਦੋਰਾਹਾ(ਵਿਨਾਇਕ)- ਦੋਰਾਹਾ ਪੁਲਸ ਵੱਲੋਂ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕਰਕੇ 10 ਕਿਲੋ ਭੁੱਕੀ ਚੂਰਾ-ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਰਾਹਾ ਪੁਲਸ ਨੇ ਕਥਿਤ ਦੋਸ਼ੀਆਂ ਪਰਮਜੀਤ ਸਿੰਘ ਉਰਫ ਬਿੱਟੂ ਪੁੱਤਰ ਅਨੂਪ ਸਿੰਘ ਵਾਸੀ  ਪਿੰਡ ਸੰਗਰਾਹੂਰ ਥਾਣਾ ਸਾਦਕ ਜ਼ਿਲਾ ਫਰੀਦਕੋਟ ਹਾਲ ਵਾਸੀ ਪੰਜਾਬੀ ਬਾਗ, ਟਿੱਬਾ ਰੋਡ, ਲੁਧਿਆਣਾ ਅਤੇ ਸੰਤੋਸ਼ ਪਟੇਲ ਪੁੱਤਰ ਉਦੇਸ਼ ਪਟੇਲ ਵਾਸੀ ਪਿੰਡ ਲਸ਼ਮੀਪੁਰ, ਥਾਣਾ ਤੁਰਕਪੇਟੀ, ਜ਼ਿਲਾ ਖੁਸ਼ੀਨਗਰ (ਉਤਰਪ੍ਰਦੇਸ਼) ਹਾਲ ਵਾਸੀ ਪੰਜਾਬੀ ਬਾਗ, ਟਿੱਬਾ ਰੋਡ, ਲੁਧਿਆਣਾ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੋਰਾਹਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਨੇ ਦੱਸਿਆ ਕਿ  ਏ. ਐੱਸ. ਆਈ. ਜਗਤਾਰ ਸਿੰਘ, ਏ. ਐੱਸ. ਆਈ. ਸੁਰਜੀਤ ਸਿੰਘ, ਏ. ਐੱਸ. ਆਈ. ਤੇਜਾ ਸਿੰਘ, ਹੌਲਦਾਰ ਚਰਨਜੀਤ ਸਿੰਘ, ਪੀ. ਐੱਚ. ਜੀ. ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਬਾਅਦ ਦੁਪਹਿਰ 2 ਵਜੇ ਕਰੀਬ ਪੁਰਾਣਾ ਟੋਲ ਟੈਕਸ ਬੈਰੀਅਰ ਦੋਰਾਹਾ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਦੋਰਾਹਾ ਸਾਈਡ ਵੱਲੋਂ ਆਈ ਇਕ ਚਿੱਟੇ ਰੰਗ ਦੀ ਕਾਰ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ  ਕਾਰ ਦੀ ਡਿੱਗੀ ਵਿਚੋਂ 10 ਕਿਲੋ ਭੁੱਕੀ ਚੂਰਾ-ਪੋਸਤ ਬਰਾਮਦ ਹੋਇਆ। ਇਸ ਭੁੱਕੀ ਚੂਰਾ-ਪੋਸਤ ਨੂੰ ਫਰਦ ਰਾਹੀਂ ਕਬਜ਼ਾ ਪੁਲਸ ਵਿਚ ਲੈ ਕੇ ਕਥਿਤ ਦੋਸ਼ੀਆਂ ਪਰਮਜੀਤ ਸਿੰਘ ਉਰਫ ਬਿੱਟੂ ਤੇ ਸੰਤੋਸ਼ ਪਟੇਲ ਉਕਤ ਦੇ ਖਿਲਾਫ ਮੁਕੱਦਮਾ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ ਹੈ। ਇੰਸਪੈਕਟਰ ਮਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਭੁੱਕੀ ਚੂਰਾ-ਪੋਸਤ ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਖੇਤਰ ਵਿਚ ਮਹਿੰਗੇ ਭਾਅ ਵਿਚ ਵੇਚਣੀ ਸੀ। ਜਿਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ।


Related News