ਐਕਟਿਵਾ ਸਵਾਰ ਜੋੜਾ ਭੁੱਕੀ ਦੀ ਸਪਲਾਈ ਕਰਨ ਜਾ ਰਿਹਾ ਕਾਬੂ

04/17/2024 12:53:04 PM

ਲੁਧਿਆਣਾ (ਜ.ਬ.) : ਹੈਬੋਵਾਲ ਇਲਾਕੇ ’ਚ ਐਕਟਿਵਾ ’ਤੇ ਸਵਾਰ ਹੋ ਕੇ ਚੂਰਾ-ਪੋਸਤ ਦੀ ਸਪਲਾਈ ਕਰਨ ਜਾ ਰਹੇ ਜੋੜੇ ਨੂੰ ਹੈਬੋਵਾਲ ਦੀ ਪੁਲਸ ਨੇ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ 3 ਕਿਲੋ ਭੁੱਕੀ (ਚੂਰਾ ਪੋਸਤ) ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਲਾਦੀਆਂ ਖੁਰਦ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ਼ ਜੱਗਾ ਤੇ ਉਸ ਦੀ ਪਤਨੀ ਪ੍ਰਭਜੋਤ ਕੌਰ ਉਰਫ਼ ਜੋਤ ਦੇ ਰੂਪ ’ਚ ਹੋਈ ਹੈ। ਦੋਸ਼ੀਆਂ ਨੂੰ ਕੋਰਟ ’ਚ ਪੇਸ਼ ਕਰ ਜੁਡੀਸ਼ੀਅਲ ਰਿਮਾਂਡ ’ਤੇ ਲਿਆ ਗਿਆ ਹੈ।

ਸਬ -ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬਲੋਕੀ ਰੋਡ ’ਤੇ ਟੀ-ਪੁਆਇੰਟ ’ਤੇ ਗਸ਼ਤ ਦੌਰਾਨ ਚੈਕਿੰਗ ਕਰ ਰਹੀ ਸੀ। ਗਸ਼ਤ ਦੌਰਾਨ ਟੀਮ ਥੋੜ੍ਹੀ ਦੂਰੀ ’ਤੇ ਪਹੁੰਚੀ ਤਾਂ ਉਕਤ ਜੋੜਾ ਐਕਟਿਵਾ ’ਤੇ ਸਵਾਰ ਉਨ੍ਹਾਂ ਵੱਲ ਆ ਰਿਹਾ ਸੀ ਪਰ ਪੁਲਸ ਨੂੰ ਦੇਖ ਕੇ ਐਕਟਿਵਾ ਚਾਲਕ ਨੇ ਐਕਟਿਵਾ ਮੋੜਨ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ’ਤੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਮੁਲਜ਼ਮਾਂ ਤੋਂ ਭੁੱਕੀ ਬਰਾਮਦ ਹੋਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਆਲੇ-ਦੁਆਲੇ ਦੇ ਇਲਾਕਿਆਂ ’ਚ ਭੁੱਕੀ ਸਪਲਾਈ ਕਰਦੇ ਹਨ। ਪੁਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਇਲਾਕੇ ਤੋਂ ਭੁੱਕੀ ਲੈ ਕੇ ਆਉਂਦੇ ਸਨ।
 


Babita

Content Editor

Related News