ਮਲਾਲਾ ਯੁਸੂਫਜ਼ਈ ਦਾ ਆਕਸਫੋਰਡ ਵਿਚ ਹੋਇਆ ਦਾਖਲਾ

08/17/2017 5:07:54 PM

ਲੰਡਨ— ਪਾਕਿਸਤਾਨ ਦੀ ਨੋਬੇਲ ਜੇਤੂ ਮਲਾਲਾ ਯੁਸੂਫਜਈ ਨੂੰ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਹੈ। 20 ਸਾਲ ਦੀ ਮਲਾਲਾ ਨੇ ਟਵਿਟਰ ਉੱਤੇ ਇਹ ਜਾਣਕਾਰੀ ਦਿੱਤੀ। ਟਵਿਟਰ ਉੱਤੇ ਮਲਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ, ਆਕਸਫੋਰਡ ਜਾਣ ਲਈ ਬੇਹੱਦ ਉਤਸ਼ਾਹਿਤ ਹਾਂ। ਇਸਦੇ ਨਾਲ ਹੀ ਮਲਾਲਾ ਨੇ ਉਸ ਸੁਨੇਹੇ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਕੋਰਸ (ਪੀਪੀਈ) ਵਿੱਚ ਦਾਖਲੇ ਦੀ ਮਨਜ਼ੂਰੀ ਹੈ।  ਬ੍ਰਿਟੇਨ ਵਿਚ ਸੈਕੰਡਰੀ ਸਕੂਲਾਂ ਦੇ ਅਖੀਰ ਵਿੱਚ ਹੋਣ ਵਾਲੀ ਪਰੀਖਿਆ ਦੇ ਨਤੀਜੀਆਂ ਦਾ ਐਲਾਨ ਹੋਣ ਦੇ ਇੱਕ ਦਿਨ ਬਾਅਦ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ।  ਯੁਸੂਫਜਈ ਨੇ ਆਪਣੇ ਸਕੂਲ ਦੇ ਨਤੀਜੀਆਂ ਨੂੰ ਤਾਂ ਨਹੀਂ ਵਿਖਾਇਆ ਪਰ ਇੰਨਾ ਜ਼ਰੂਰ ਲਿਖਿਆ ਹੈ, ਸਾਰੇ ਏ ਲੇਵਲ ਦੇ ਵਿਦਿਆਰਥੀਆਂ ਲਈ ਬਹੁਤ ਅੱਛਾ, ਸਭ ਤੋਂ ਔਖਾ ਸਾਲ। ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ। ਮਲਾਲਾ ਯੁਸੂਫਜਈ ਉਦੋਂ ਸਿਰਫ਼ 15 ਸਾਲ ਦੀ ਸੀ, ਜਦੋਂ ਤਾਲਿਬਾਨ ਦੇ ਇੱਕ ਬੰਦੂਕਧਾਰੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਸਵਾਤ ਘਾਟੀ ਵਿੱਚ ਉਸ ਵੇਲੇ ਮਲਾਲਾ ਆਪਣੇ ਸਕੂਲ ਦੀ ਪਰੀਖਿਆ ਦੇ ਕੇ ਪਿੰਡ ਵਾਪਸ ਜਾ ਰਹੀ ਸੀ। ਮਲਾਲਾ ਨੇ ਪਾਕਿਸਤਾਨ ਦੀਆਂ ਲੜਕੀਆਂ ਨੂੰ ਪੜਾਈ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਹਮਲੇ ਦੇ ਤੁਰੰਤ ਬਾਅਦ ਉਸ ਨੂੰ ਇਲਾਜ ਲਈ ਬਰਮਿੰਘਮ ਲਿਜਾਇਆ ਗਿਆ ਅਤੇ ਉਦੋਂ ਤੋਂ ਉਹ ਆਪਣੇ ਪੂਰੇ ਪਰਵਾਰ ਸਣੇ ਬਰਮਿੰਘਮ ਵਿੱਚ ਹੀ ਰਹਿ ਰਹੀ ਹੈ।ਇੱਥੋਂ ਉਸ ਦੀ ਪੜਾਈ ਅਤੇ ਲੜਕੀਆਂ ਦੀ ਸਿੱਖਿਆ ਨੂੰ ਬੜਾਵਾ ਦੇਣ ਦਾ ਅਭਿਆਨ ਚੱਲ ਰਿਹਾ ਹੈ।ਮਲਾਲਾ ਯੁਸੂਫਜਈ ਨੂੰ 2014 ਵਿੱਚ ਭਾਰਤ ਦੇ ਕੈਲਾਸ਼ ਸਤਿਆਰਥੀ ਦੇ ਨਾਲ ਸਾਂਝੇ ਤੌਰ ਤੇ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਉਸ ਵੇਲੇ ਮਲਾਲਾ ਦੀ ਉਮਰ ਸਿਰਫ਼ 17 ਸਾਲ ਸੀ ਅਤੇ ਉਹ ਨੋਬੇਲ ਸ਼ਾਂਤੀ ਇਨਾਮ ਪਾਉਣ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਘੱਟ ਉਮਰ ਦੀ ਜੇਤੂ ਹੈ। 
ਕੈਲਾਸ਼ ਸਤਿਆਰਥੀ ਭਾਰਤ ਵਿੱਚ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਦੇ ਹਨ। ਮਲਾਲਾ ਯੁਸੂਫਜਈ ਨੇ ਇਸ ਸਾਲ ਜੁਲਾਈ ਵਿੱਚ ਆਪਣੀ ਸਕੂਲੀ ਪੜਾਈ ਖਤਮ ਕਰਨ ਤੋਂ ਬਾਅਦ ਟਵਿਟਰ ਉੱਤੇ ਆਪਣਾ ਅਕਾਉਂਟ ਬਣਾਇਆ ਸੀ ਅਤੇ ਇਸ ਅਨੁਭਵ ਨੂੰ ਕੌੜਾ ਮਿੱਠਾ ਦੱਸਿਆ ਸੀ। ਯੁਸੂਫਜਈ ਨੇ ਲਿਖਿਆ ਸੀ, ਮੈਂ ਜਾਣਦੀ ਹਾਂ ਕਿ ਦੁਨੀਆ ਭਰ ਵਿੱਚ ਕਰੋੜਾਂ ਲੜਕੀਆਂ ਸਕੂਲਾਂ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਆਪਣੀ ਪੜਾਈ ਪੂਰੀ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ। ਹਾਲਾਂਕਿ ਉਸ ਨੇ ਇਹ ਵੀ ਲਿਖਿਆ ਹੈ ਕਿ ਉਹ ਆਪਣੇ ਭਵਿੱਖ ਨੂੰ ਲੈ ਕੇ ਉਤਸ਼ਾਹਿਤ ਹੈ ਅਤੇ ਇਸਦੇ ਨਾਲ ਹੀ ਉਸ ਨੇ ਲੜਕੀਆਂ ਲਈ ਲੜਨ ਦਾ ਵਚਨ ਵੀ ਕੀਤਾ ਹੈ। ਪੀਪੀਈ ਕੋਰਸ ਆਕਸਫੋਰਡ ਦਾ ਇੱਕ ਬੇਹੱਦ ਸਨਮਾਨਿਤ ਕੋਰਸ ਹੈ, ਜਿਸਦੇ ਨਾਲ ਬ੍ਰਿਟੇਨ ਦੇ ਕਈ ਰਾਜਨੇਤਾ ਅਤੇ ਦੁਨੀਆ ਦੇ ਨੇਤਾ ਨਿਕਲੇ ਹਨ। 


Related News