ਤੇਜ਼ ਰਫ਼ਤਾਰ ਫਾਰਚਿਊਨਰ ਦਾ ਕਹਿਰ, ਦੋ ਘਰਾਂ ਵਿਚ ਵਿਛਾ ਦਿੱਤੇ ਸੱਥਰ
Tuesday, Apr 02, 2024 - 06:02 PM (IST)
ਖਰੜ (ਰਣਬੀਰ) : ਲਾਂਡਰਾਂ- ਚੂੰਨੀ ਰੋਡ ’ਤੇ ਪੈਂਦੇ ਪਿੰਡ ਸਵਾੜਾ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਕਤ ਦੋਵੇਂ ਨੌਜਵਾਨ ਆਪਣੇ ਘਰ ਤੋਂ ਕੰਮ ਲਈ ਨਿਕਲੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਅਕਬਰ ਅਲੀ (27) ਪੁੱਤਰ ਸਤਾਰ ਮੁਹੰਮਦ ਵਾਸੀ ਪਿੰਡ ਰਸੂਲਪੁਰ ਥਾਣਾ ਬਡਾਲੀ ਆਲਾ ਸਿੰਘ ਅਤੇ ਸੰਦੀਪ ਸਿੰਘ (21) ਪੁੱਤਰ ਰਤਨਪਾਲ ਸਿੰਘ ਪਿੰਡ ਬਡਾਲੀ ਆਲਾ ਸਿੰਘ ਵਜੋਂ ਹੋਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਬਰ ਅਲੀ ਦੋ ਬੱਚਿਆਂ ਦਾ ਪਿਤਾ ਸੀ। ਅਕਬਰ ਅਤੇ ਸੰਦੀਪ ਦੋਵੇਂ ਏ.ਸੀ. ਰਿਪੇਅਰ ਅਤੇ ਏ.ਸੀ ਲਗਾਉਣ ਦਾ ਕੰਮ ਕਰਦੇ ਸਨ। ਕੰਮ ਦੇ ਸਿਲਸਿਲੇ ਵਿਚ ਦੋਵੇਂ ਦੋਸਤ ਮੋਟਰਸਾਈਕਲ ’ਤੇ ਚੰਡੀਗੜ੍ਹ ਜਾ ਰਹੇ ਸਨ। ਮੋਟਰਸਾਈਕਲ ਨੂੰ ਅਕਬਰ ਚਲਾ ਰਿਹਾ ਸੀ ਜਦੋਂ ਕਿ ਸੰਦੀਪ ਸਿੰਘ ਉਸ ਦੇ ਪਿੱਛੇ ਬੈਠਾ ਸੀ, ਜਿਵੇਂ ਹੀ ਉਹ ਪਿੰਡ ਸਵਾੜਾ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਲਾਂਡਰਾਂ ਵਾਲੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਫਾਰਚਿਊਨਰ ਗੱਡੀ (ਐੱਚ.ਆਰ-20 ਏ.ਜੀ-1832) ਦੇ ਚਾਲਕ ਨੇ ਉਕਤ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਤੇ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।
ਗੱਡੀ ਸਵਾਰ ਉਨ੍ਹਾਂ ਨੌਜਵਾਨਾਂ ਦੇ ਕੋਲ ਆਇਆ ਪਰ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਹ ਆਪਣੀ ਕਾਰ ਮੌਕੇ ਉੱਤੇ ਹੀ ਛੱਡ ਕੇ ਫਰਾਰ ਹੋ ਗਿਆ। ਜ਼ਖ਼ਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼ -6 ਮੋਹਾਲੀ ਲਿਜਾਇਆ ਗਿਆ ਪਰ ਉੱਥੇ ਹਾਜ਼ਰ ਡਾਕਟਰਾਂ ਵਲੋਂ ਨੌਜਵਾਨ ਅਕਬਰ ਅਲੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਸੰਦੀਪ ਸਿੰਘ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਸੰਦੀਪ ਸਿੰਘ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਜਾਤ ਚੌਕੀ ਪੁਲਸ ਵਲੋਂ ਗੱਡੀ ਚਾਲਕ ਜਿਸ ਦੀ ਪਛਾਣ ਗੁਰਦੀਪ ਸਿੰਘ ਵਾਸੀ ਧਰਮਕੋਟ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ, ਖ਼ਿਲਾਫ਼ ਮ੍ਰਿਤਕ ਅਕਬਰ ਅਲੀ ਦੇ ਭਰਾ ਅਨਵਰ ਅਲੀ ਦੇ ਬਿਆਨਾਂ ’ਤੇ ਧਾਰਾ 279, 427, 304 ਏ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਕਰਵਾਉਣ ਪਿੱਛੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।