ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ, ਹਰ ਸਾਲ ਹੁੰਦੈ ਲੱਖਾਂ ਦਾ ਨੁਕਸਾਨ
Wednesday, Apr 03, 2024 - 01:52 PM (IST)
ਗੁਰਦਾਸਪੁਰ (ਵਿਨੋਦ)- ਕਣਕ ਹਾੜੀ ਦੀ ਮੁੱਖ ਫ਼ਸਲ ਹੈ, ਪਰ ਹਰ ਸਾਲ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਹਜ਼ਾਰਾਂ ਏਕੜ ਫਸਲ ਅੱਗ ਦੀ ਬਲੀ ਚੜ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੁੰਦਾ ਹੈ, ਪਰ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਕਣਕ ਦੀ ਕਟਾਈ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫਰ ਤੋਂ ਨਿਕਲੇ ਚਗਿਆੜਿਆ ਕਾਰਨ,ਮਜ਼ਦੂਰ ਦੁਆਰਾ ਸੁੱਟੀ ਸੁਲਗਦੀ ਬੀੜੀ ,ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫ਼ਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ । ਜਿਸ ਨਾਲ ਫ਼ਸਲ ਦੇ ਨੁਕਸਾਨ ਹੋਣ ਦੇ ਨਾਲ ਨਾਲ ਖੇਤੀ ਮਸ਼ੀਨਰੀ,ਪਸ਼ੂਆਂ ਅਤੇ ਮਨੁੱਖਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਜੇਕਰ ਹੇਠ ਲਿਖੀਆਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਸਮੇਂ, ਫਸਲ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।
ਕਿਵੇਂ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ ਅੱਗ ਤੋਂ
ਆਮ ਕਰਕੇ ਕਣਕ ਦੀ ਪੱਕੀ ਫ਼ਸਲ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਦੁਰਘਟਨਾਵਾਂ ਲਈ ਖੇਤਾਂ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਆਪਸ ਵਿਚ ਟਕਰਾਉਣ ਨਾਲ ਪੈਦਾ ਹੋਏ ਚੰਗਿਆੜਿਆਂ ਨੂੰ ਮੰਨਿਆ ਜਾਂਦਾ ਹੈ। ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਉੱਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਕਟਾਈ ਸਮੇਂ ਕੰਬਾਈਨ ਹਾਰਵੈਸਟਰ ਛੱਤਰੀ ਸਮੇਤ ਆਸਾਨੀ ਨਾਲ ਨਿਕਲ ਸਕੇ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਦੇ ਦੋ ਵਟਸਐਪ ਨੰ. 9646106835 / 9646106836 ਜਾਰੀ ਕੀਤੇ ਹਨ ਜਿਸ ਤੇ ਕੋਈ ਵੀ ਕਿਸਾਨ ਬਿਜਲੀ ਦੀਆਂ ਢਿੱਲੀਆਂ ਤਾਰਾਂ,ਟਰਾਂਸਫਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੰਭਾਵਨਾ ਵਾਲੇ ਸਥਾਨਾਂ ਦੀ ਫੋਟੋ ਪੂਰਾ ਪਤਾ ਅਤੇ ਜੀ.ਪੀ.ਐੱਸ. ਲੋਕੇਸ਼ਨ ਭੇਜ ਸਕਦਾ ਹੈ । ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਵਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਦਿੱਲੀ ਪੁੱਜੇ ਕਾਂਗਰਸੀ MP (ਵੀਡੀਓ)
ਕੰਬਾਈਨ ਹਾਰਵੈਸਟਰ ਨੂੰ ਚਲਾਉਣ ਤੋਂ ਪਹਿਲਾਂ ਚੈੱਕ ਕਰਵਾਉਣਾ ਜ਼ਰੂਰੀ
ਕੰਬਾਈਨ ਹਾਰਵੈਸਟਰ ਨੂੰ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਸਤਰੀ ਤੋਂ ਚੈੱਕ ਕਰਵਾ ਲਈ ਜਾਵੇ ਤਾਂ ਜੋ ਕੰਬਾਈਨ ਹਾਰਵੈਸਟਰ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੀਆਂ ਚੰਗਿਆਂੜੀਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਕੰਬਾਈਨ ਹਾਰਵੈਸਟਰ ਨੂੰ ਖੰਬਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣ ਤੋਂ ਬਚਾਇਆ ਜਾਣਾ ਚਾਹੀਦਾ ਹੈ।
ਟਰਾਂਸਫਾਰਮਰਾਂ ਦੇ ਆਲੇ ਦੁਆਲਿਓਂ ਇਕ ਮਰਲਾ ਕਣਕ ਦੀ ਕਟਾਈ ਜ਼ਰੂਰੀ
ਇਸ ਦੇ ਇਲਾਵਾ ਦੂਜਾ ਕੰਮ ਜੋ ਇਸ ਵੇਲੇ ਕਰਨ ਵਾਲਾ ਉਹ ਹੈ ਖੇਤਾਂ ਵਿਚ ਮੌਜੂਦ ਟਰਾਂਸਫਰਾਂ ਦੇ ਆਲੇ ਦੁਆਲਿਉਂ ਤਕਰੀਬਨ ਇਕ ਮਰਲੇ ਦੇ ਰਕਬੇ ਵਿਚੋਂ ਕਣਕ ਦੀ ਕਟਾਈ ਕਰਕੇ ਵੱਖਰੀ ਰੱਖਣੀ। ਆਮ ਦੇਖਿਆ ਗਿਆ ਹੈ ਕਿ ਇਨਾਂ ਦਿਨਾਂ ਦੌਰਾਨ ਟਰਾਂਸਫਰ / ਜੀਓ ਸਵਿੱਚ ਦੀ ਸਪਾਰਕਿੰਗ ਕਾਰਨ ਨਿਕਲੇ ਚੰਗਿਆਂੜਿਆਂ ਨਾਲ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਂਦੀ ਹੈ । ਇਸ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਵਕਤ ਕਣਕ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਟਰਾਂਸਫਾਰਮਰ ਦੇ ਆਲੇ ਦੁਆਲਿਉਂ ਤਕਰੀਬਨ ਇੱਕ ਮਰਲੇ ਰਕਬੇ ਵਿੱਚੋਂ ਕਣਕ ਦੀ ਕਟਾਈ ਹੱਥ ਨਾਲ ਕਰਕੇ ,ਵੱਖਰੀ ਸਾਂਭ ਲੈਣੀ ਚਾਹੀਦੀ ਹੈ। ਇਸ ਕੱਟੀ ਹੋਈ ਫਸਲ ਨੂੰ ਕੰਬਾਈਨ ਨਾਲ ਕਟਾਈ ਸਮੇਂ ਮਸ਼ੀਨ ਦੇ ਅੱਗੇ ਰੱਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕਿਸੇ ਵੀ ਟਰਾਂਸਫਰ ਤੋਂ ਨਿਕਲੇ ਚੰਗਿਆੜਿਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ,ਹੋ ਸਕੇ ਤਾਂ ਟਰਾਂਸਫਰ ਦਾ ਸਵਿੱਚ ਵੀ ਕੱਟਿਆ ਜਾ ਸਕਦਾ ਹੈ ਅਤੇ ਟਰਾਂਸਫਰ ਦੇ ਆਲੇ ਦੁਆਲਿਉਂ ਕਟਾਈ ਕੀਤੇ ਖੇਤ ਨੂੰ ਪਾਣੀ ਨਾਲ ਗਿੱਲਾ ਕਰ ਦੇਣਾ ਚਾਹੀਦਾ ਹੈ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਹੀਂ ਛੇੜਣਾ ਚਾਹੀਦਾ। ਕਣਕ ਦੀ ਫਸਲ ਨੇੜੇ ਕਿਸੇ ਵਿਅਕਤੀ ਨੂੰ ਸਿਗਰਟ ਜਾਂ ਬੀੜੀ ਨਾ ਪੀਣ ਦਿੱਤੀ ਜਾਵੇ। ਖੇਤਾਂ ਵਿਚ ਲੱਗੇ ਟਰਾਂਸਫਰਾਂ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਕਰਕੇ ਰੱਖਿਆ ਜਾਵੇ ਤਾਂ ਜੋ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ।
ਕਣਕ ਦੀ ਕਟਾਈ ਦਾ ਕੰਮ ਮੁਕੰਮਲ ਨਾ ਹੋਣ ’ਤੇ ਰੀਪਰ ਦੀ ਵਰਤੋਂ ਨਾ ਕਰੋ
ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਨਾਉਣ ਲਈ ਰੀਪਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਹਵਾ ਵਿਚ ਨਮੀ ਅਤੇ ਤਰੇਲ ਹੋਣ ਕਾਰਨ ਕਣਕ ਦੇ ਦਾਣਿਆਂ ਅਤੇ ਨਾੜ ਵਿਚ ਕੁਝ ਨਮੀਂ ਰਹਿ ਸਕਦੀ ਹੈ। ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਣਾਉਣ ਸਮੇਂ ਕਈ ਵਾਰ ਅੱਗ ਲੱਗ ਜਾਂਦੀ ਹੈ ਜਿਸ ਨਾਲ ਮਸ਼ੀਨਰੀ ਦੇ ਨਾਲ- ਨਾਲ ਕਣਕ ਦੇ ਨਾੜ ਅਤੇ ਕਣਕ ਦੀ ਫ਼ਸਲ ਨੂੰ ਵੀ ਅੱਗ ਲੱਗ ਜਾਂਦੀ ਹੈ । ਇਸ ਲਈ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਤਾਵਰਣ ਪ੍ਰਦੂਸ਼ਿਤ ਹੋਣ ਨਾਲ ਕਰੋਨਾ /ਸਾਹ/ਦਮਾਂ ਦੀ ਬਿਮਾਰੀ ਨਾਲ ਪ੍ਰਭਾਵਤ ਵਿਅਕਤੀਆਂ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - Kapil Sharma ਦੇ ਸ਼ੋਅ 'ਚ ਦਿਸਣਗੇ ਨਵਜੋਤ ਸਿੰਘ ਸਿੱਧੂ! ਅਗਲੇ ਐਪੀਸੋਡ ਦਾ ਪ੍ਰੋਮੋ ਹੋਇਆ ਵਾਇਰਲ
ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ’ਚ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ
ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਕੋਲ ਫਸਲਾਂ ਉੱਪਰ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਮੌਜੂਦ ਹਨ ਜਿੰਨਾਂ ਦੀਆਂ ਟੈਂਕੀਆਂ ਵਿੱਚ ਤਕਰੀਬਨ 1000 ਲਿਟਰ ਪਾਣੀ ਭਰਿਆ ਜਾ ਸਕਦਾ ਹੈ। ਇਨਾਂ ਸਪਰੇਅ ਪੰਪਾਂ ਦੀਆਂ ਟੈਂਕੀਆਂ ਨੂੰ ਕਣਕ ਦੀ ਫਸਲ ਦੇ ਪੱਕਣ ਤੋਂ ਲੈ ਕੇ ਤੂੜੀ ਬਣਾਉਣ ਤੱਕ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ ਤਾਂ ਜੋ ਜੇਕਰ ਕਿਤੇ ਕਣਕ ਦੀ ਫਸਲ ਜਾਂ ਨਾੜ ਨੂੰ ਕਿਸੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਇਸ ਜਮਾਂ ਕੀਤੇ ਪਾਣੀ ਦੀ ਵਰਤੋਂ ਤੁਰੰਤ ਕੀਤੀ ਜਾ ਸਕੇ ਅਤੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਕਈ ਵਾਰ ਦੂਰ ਦੁਰਾਡੇ ਖੇਤਾਂ ਵਿੱਚ ,ਅੱਗ ਬੁਝਾਊ ਗੱਡੀਆਂ ਸਮੇਂ ਸਿਰ ਨਹੀਂ ਪਹੁੰਚ ਸਕਦੀਆਂ ਜਿਸ ਕਾਰਨ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਹੈ ਅਜਿਹੇ ਹਾਲਾਤਾਂ ਵਿੱਚ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਕੰਮ ਆ ਸਕਦੇ ਹਨ। ਆਪਣੇ ਟਿਊਬਵੈਲ ਦੇ ਚੁਬੱਚਿਆਂ ਵਿੱਚ ਪਾਣੀ ਭਰ ਕੇ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਸੰਕਟਕਾਲੀਨ ਹਾਲਤ ਵਿੱਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਹਰੇਕ ਕਿਸਾਨ ਨੂੰ ਅੱਗ ਬਜਾਊ ਮਹਿਕਮੇ ਦਾ ਨੰਬਰ ਰੱਖਣਾ ਚਾਹੀਦਾ ਤਾਂ ਜੋ ਜ਼ਰੂਰਤ ਪੈਣ ਤੇ ਤੁਰੰਤ ਅੱਗ ਬਜਾਊ ਮਹਿਕਮੇ ਰਾਬਤਾ ਕਾਇਮ ਕੀਤਾ ਜਾ ਸਕੇ।
ਕਣਕ ਦੀ ਕਟਾਈ ਫਸਲ ਦੇ ਪੂਰੀ ਤਰ੍ਹਾਂ ਪੱਕਣ ’ਤੇ ਕੀਤੀ ਜਾਵੇ
ਕਣਕ ਦੀ ਕਟਾਈ ਫਸਲ ਦੇ ਪੂਰੀ ਤਰ੍ਹਾਂ ਪੱਕਣ ਤੇ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ,ਦਾਣਿਆਂ ਵਿੱਚ ਨਮੀ ਜ਼ਿਆਦਾ ਰਹਿਣ ਕਾਰਨ ਉਪਜ ਦੇ ਮਿਆਰੀਪਣ ਤੇ ਅਸਰ ਪੈਂਦਾ ਹੈ। ਜੇਕਰ ਦਾਣੇ ਦੰਦਾਂ ਨਾਲ ਦਬਾਉਣ ਤੇ ਕੜੱਕ ਕਰਕੇ ਟੁੱਟਣ ਤਾਂ ਸਮਝੋ ਨਮੀਂ ਦੀ ਮਾਤਰਾ ਪੂਰੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ,ਇਸ ਲਈ ਜ਼ਰੂਰੀ ਹੈ ਫਸਲ ਚੰਗੀ ਤਰਾਂ ਪੱਕਣ ਤੇ ਹੀ ਕੱਟੀ ਜਾਵੇ। ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸਾਮ 7 ਵਜੇ ਤੱਕ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8