ਭਾਰਤੀ ਚੋਣਾਂ ’ਚ ‘AI’ ਦਾ ਦਾਖਲਾ ਅਤੇ ਇਸ ਦੇ ਖ਼ਤਰੇ

Monday, Apr 08, 2024 - 04:44 AM (IST)

ਭਾਰਤੀ ਚੋਣਾਂ ’ਚ ‘AI’ ਦਾ ਦਾਖਲਾ ਅਤੇ ਇਸ ਦੇ ਖ਼ਤਰੇ

ਇਨ੍ਹੀਂ ਦਿਨੀਂ ਭਾਰਤ ’ਚ ਚੋਣਾਂ ਦਾ ਰੌਲਾ ਹੈ ਅਤੇ ਖ਼ਬਰਾਂ ਦੇ ਅਨੁਸਾਰ ਕਈ ਡੀਪਫੇਕ ਕੰਟੈਂਟ ਅਤੇ ਫੇਕ ਨਿਊਜ਼ ਆਉਣ ਦੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਵੱਲੋਂ ਬਣਾਏ ਗਏ ਵੱਖ-ਵੱਖ ਸਿਆਸਤਦਾਨਾਂ ਦੇ ਅਸਲੀ ਅਤੇ ਬਨਾਉਟੀ ਡੀਪਫੇਕ ਵੀ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ਹੀ ਇਕ ਡੀਪਫੇਕ ਵੀਡੀਓ ’ਚ ਸਵ. ਐੱਮ. ਕਰੁਣਾਨਿਧੀ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਦਿਖਾਈ ਦੇ ਰਹੇ ਹਨ ਜਦਕਿ ਉਨ੍ਹਾਂ ਦੇ ਪੁੱਤਰ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਉਨ੍ਹਾਂ ਨੂੰ ਨਿਹਾਰ ਰਹੇ ਹਨ।

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੇਨਈ ’ਚ ਇਕ ਰੈਲੀ ਨੂੰ ਸੰਬੋਧਿਤ ਕਰਨ ਦਾ ਤਮਿਲ ‘ਡਬ’ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਨੇਤਾਵਾਂ ਸ਼ਿਵਰਾਜ ਸਿੰਘ ਚੌਹਾਨ ਅਤੇ ਕਮਲਨਾਥ ਦੀਆਂ ਵੀਡੀਓਜ਼ ਵੀ ਛੇੜਛਾੜ ਕਰ ਕੇ ਉਨ੍ਹਾਂ ਨਾਲ ਜੋੜੀਆਂ ਗਈਆਂ ਟਿੱਪਣੀਆਂ ਦੇ ਨਾਲ ਦੇਖਣ ’ਚ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਇਕ ਫੇਕ ਵੀਡੀਓ ਕੇਜਰੀਵਾਲ ਦੀ ਵੀ ਦੇਖਣ ’ਚ ਆ ਰਹੀ ਹੈ ਜੋ ਕਿ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਦੇ ਬਾਅਦ ਦੀ ਹੈ।

ਚਾਰ ਸਾਲ ਪਹਿਲਾਂ, ਜਦੋਂ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਇਕ ਵੀਡੀਓ ਸੰਦੇਸ਼ ਦਾ ਘੱਟ ਰੈਜ਼ੋਲਿਊਸ਼ਨ ਵਾਲਾ ਹਰਿਆਣਵੀ ਡਬ ਜਾਰੀ ਕੀਤਾ ਸੀ, ਦੇ ਬਾਅਦ ਤੋਂ ਏ.ਆਈ. ਰਾਹੀਂ ਚੋਣ ਪ੍ਰਚਾਰ ਲਈ ਬਣਾਏ ਗਏ ਸਿੰਥੈਟਿਕ ਚਿੱਤਰ ਅਤੇ ਵੀਡੀਓ ਬਣਾਉਣਾ ਕਾਫੀ ਸਸਤਾ ਅਤੇ ਬਿਹਤਰ ਹੋ ਜਾਣ ਦੇ ਕਾਰਨ ਚੋਣ ਪ੍ਰਚਾਰ ’ਚ ਏ.ਆਈ. ਅਤੇ ਡੀਪਫੇਕ ਨੂੰ ਲੈ ਕੇ ਚਿੰਤਾ ਕਾਫੀ ਵਧ ਗਈ ਹੈ।

ਸਸਤੇ ਮੋਬਾਈਲ ਡਾਟਾ ਅਤੇ ਭਾਰਤ ’ਚ ਸਮਾਰਟਫੋਨ ਦੀ ਸਭ ਤੋਂ ਵੱਧ ਪਹੁੰਚ ਦੇ ਨਾਲ-ਨਾਲ ਇਹ ਚਿੰਤਾ ਪੈਦਾ ਹੋ ਗਈ ਹੈ ਕਿ ਵ੍ਹਟਸਐਪ ਵਰਗੇ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਹੋਣ ਵਾਲੇ ਅਸਲੀ ਵਰਗੇ ਮਹੱਤਵਪੂਰਨ ਡੀਪਫੇਕ ਵੋਟਰਾਂ ਅਤੇ ਉਮੀਦਵਾਰਾਂ ਨੂੰ ਭਰਮਾ ਕੇ ਉਨ੍ਹਾਂ ਦੇ ਦਰਮਿਆਨ ਦੁਸ਼ਮਣੀ ਪੈਦਾ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਇਸ ਹੱਦ ਤਕ ਭਰੋਸਾ ਦਿਵਾ ਸਕਦੇ ਹਨ ਕਿ ਉਨ੍ਹਾਂ ਦੀ ਵੋਟ ਵਿਅਰਥ ਹੋ ਸਕਦੀ ਹੈ।

ਇਸੇ ਕਾਰਨ ਹਾਲ ਹੀ ’ਚ ਆਈ.ਟੀ. ਮੰਤਰਾਲਾ ਨੇ ਏ.ਆਈ. ਕੰਪਨੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤੀ ਖਪਤਕਾਰਾਂ ਨੂੰ ਅੰਡਰ ਟੈਸਟਿੰਗ ਜਾਂ ਬੇਭਰੋਸੇ ਵਾਲੇ ਏ.ਆਈ. ਸਿਸਟਮ ਪੇਸ਼ ਕਰਨ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ ਅਤੇ ਉਸ ਸਮੱਗਰੀ ਬਾਰੇ ਸਪੱਸ਼ਟ ਤੌਰ ’ਤੇ ਦੱਸਣਾ ਹੋਵੇਗਾ ਕਿ ਫਲਾਣੀ ਸਮੱਗਰੀ ਗੈਰ-ਭਰੋਸੇਯੋਗ ਹੈ। ਉਨ੍ਹਾਂ ਨੂੰ ਭਾਰਤੀ ਕਾਨੂੰਨ ਦੇ ਅਧੀਨ ਨਾਜਾਇਜ਼ ਮੰਨੀ ਜਾਣ ਵਾਲੀ ਜਾਂ ਕੋਈ ਅਜਿਹੀ ਸਮੱਗਰੀ ਵੀ ਪੇਸ਼ ਨਹੀਂ ਕਰਨੀ ਹੋਵੇਗੀ ਜਿਸ ਨਾਲ ਚੋਣ ਪ੍ਰਕਿਰਿਆ ਦੀ ਅਖੰਡਤਾ ਖਤਰੇ ’ਚ ਪੈ ਸਕਦੀ ਹੋਵੇ।

ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਹਾਲ ਹੀ ’ਚ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਇਕ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਚੀਨ ਇਸ ਸਾਲ ਉੱਤਰ ਕੋਰੀਆ ਦੀ ਭਾਈਵਾਲੀ ਦੇ ਨਾਲ ਆਪਣੇ ਸਾਈਬਰ ਸਮੂਹਾਂ ਰਾਹੀਂ ਏ.ਆਈ. ਨਾਲ ਤਿਆਰ ਕੀਤੇ ਕੰਟੈਂਟ ਦੀ ਵਰਤੋਂ ਕਰ ਕੇ ਭਾਰਤ, ਦੱਖਣ ਕੋਰੀਆ ਅਤੇ ਅਮਰੀਕਾ ’ਚ ਹੋਣ ਵਾਲੀਆਂ ਚੋਣਾਂ ’ਚ ਹੇਰ-ਫੇਰ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲਾਂ ਤਾਈਵਾਨ ’ਚ ਉਹ ਅਜਿਹਾ ਪ੍ਰੀਖਣ ਕਰ ਚੁੱਕਾ ਹੈ।

ਜਨਵਰੀ ’ਚ ਚੀਨ ਨੇ ਤਾਈਵਾਨ ਦੇ ਰਾਸ਼ਟਰਪਤੀ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕਿਸੇ ਦੂਜੇ ਦੇਸ਼ ਵੱਲੋਂ ਸਮਰਥਿਤ ਇਕਾਈ ਵੱਲੋਂ ਵਿਦੇਸ਼ੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਏ.ਆਈ. ਕੰਟੈਂਟ ਦੀ ਵਰਤੋਂ ਦੀ ਪਹਿਲੀ ਉਦਾਹਰਣ ਹੈ। ‘ਸਟੋਰਮ 1376’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਬੀਜਿੰਗ ਸਮਰਥਿਤ ਗਰੁੱਪ ਤਾਈਵਾਨੀ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਨੂੰ ਬਦਨਾਮ ਕਰਨ ਲਈ ਏ.ਆਈ. ਰਾਹੀਂ ਤਿਆਰ ਕੀਤੇ ਗਏ ਮੀਮਸ ਅਤੇ ਆਡੀਓ ਕੰਟੈਂਟ ਦਾ ਪ੍ਰਸਾਰ ਕਰ ਰਿਹਾ ਸੀ। ‘ਮਾਈਕ੍ਰੋਸਾਫਟ’ ਨੂੰ ਖਦਸ਼ਾ ਹੈ ਕਿ ਚੀਨ ਇਨ੍ਹਾਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਏ.ਆਈ. ਜੈਨਰੇਟਿਡ ਕੰਟੈਂਟ ਬਣਾ ਕੇ ਇੰਟਰਨੈੱਟ ’ਤੇ ਫੈਲਾਏਗਾ ਜੋ ਆਉਣ ਵਾਲੇ ਸਮੇਂ ’ਚ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ।

ਇਥੇ ਵਰਣਨਯੋਗ ਹੈ ਕਿ ਸ਼ੁਰੂ-ਸ਼ੁਰੂ ’ਚ ਜਦੋਂ ਵੀ ਵਿਸ਼ਵ ’ਚ ਕੋਈ ਨਵੀਂ ਤਕਨੀਕ ਆਉਂਦੀ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਇਹ ਤਾਂ ਟਿਕੇਗੀ ਨਹੀਂ, ਜਿਸ ਤਰ੍ਹਾਂ ਵਿਕੀਪੀਡੀਆ ਜਾਂ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਦੇ ਵਿਸ਼ੇ ’ਚ ਕਿਹਾ ਗਿਆ ਸੀ ਪਰ ਉਹ ਅੱਜ ਵੀ ਕਾਇਮ ਹਨ। ਇਹੀ ਗੱਲ ਏ.ਆਈ. ’ਤੇ ਵੀ ਲਾਗੂ ਹੁੰਦੀ ਹੈ। ਇਹ ਇਕ ਬੜੀ ਚੰਗੀ ਤਕਨੀਕ ਹੈ ਪਰ ਅਜੇ ਤਕ ਮੁਕੰਮਲ ਤੌਰ ’ਤੇ ਵਿਕਸਿਤ ਨਹੀਂ ਹੋਈ ਹੈ, ਇਸ ਲਈ ਮੁਕੰਮਲ ਵਿਕਸਿਤ ਨਾ ਹੋਣ ਦੇ ਬਾਵਜੂਦ ਇਸ ਦੇ ਬਾਰੇ ’ਚ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਦੇ ਅਧੀਨ ਕੀ ਕੀਤਾ ਜਾ ਸਕਦਾ ਹੈ ਤੇ ਕੀ ਨਹੀਂ ਅਤੇ ਇਸ ਦੀ ਦੁਰਵਰਤੋਂ ਰੋਕਣ ਲਈ ਵੀ ਕੋਈ ਮਸ਼ੀਨਰੀ ਅਜੇ ਤਕ ਨਹੀਂ ਬਣਾਈ ਗਈ ਹੈ ਜਿਵੇਂ ਕਿ ਟੈਸਲਾ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਈਲੋਨ ਮਸਕ ਨੇ ਕਿਹਾ ਹੈ ਕਿ ਇਹ ਤਕਨੀਕ ਤਾਂ ਮਨੁੱਖਤਾ ਨੂੰ ਤਬਾਹ ਕਰ ਦੇਵੇਗੀ।

ਜੇਕਰ ਅਸੀਂ ਇੰਨੇ ਨਾਂਹਪੱਖੀ ਢੰਗ ਨਾਲ ਨਾ ਵੀ ਸੋਚੀਏ ਤਾਂ ਇੰਨਾ ਤਾਂ ਸੋਚ ਹੀ ਸਕਦੇ ਹਾਂ ਕਿ ਜੇਕਰ ਇਸ ’ਤੇ ਰੋਕ ਨਾ ਲੱਗੀ ਜਾਂ ਇਸ ਦੇ ਸਬੰਧ ’ਚ ਕੋਈ ਸਿਧਾਂਤ ਨਾ ਬਣਾਏ ਗਏ ਤਾਂ ਇਹ ਸਾਰਿਆਂ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਇਸ ਨੂੰ ਇਸੇ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਅੱਜ ਤਕ ਅਮਰੀਕੀ ਚੋਣਾਂ ’ਚ ਜੋ ਗੜਬੜ ਚੀਨ ਵੱਲੋਂ ਕੀਤੀ ਗਈ, ਉਸ ਦਾ ਅੱਜ ਤਕ ਖੁਲਾਸਾ ਨਹੀਂ ਹੋ ਸਕਿਆ ਪਰ ਗੜਬੜ ਤਾਂ ਹੋਈ ਸੀ। ਪਿਛਲੇ ਇਕ ਸਾਲ ਦੇ ਦੌਰਾਨ ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਵੀ ਏ.ਆਈ. ਰਾਹੀਂ ਵਿਰੋਧੀ ਪਾਰਟੀ ਦੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਥੋਂ ਤਕ ਕਿ ਜਿਸ ’ਤੇ ਉਨ੍ਹਾਂ ਨੂੰ ਖੰਡਨ ਜਾਰੀ ਕਰਨੇ ਪਏ ਸਨ।

ਇਕ ਚਿੰਤਾ ਦੀ ਗੱਲ ਇਹ ਵੀ ਹੈ ਕਿ ਅੱਜ ਕਈ ਸਿੰਥੈਟਿਕ ਮੀਡੀਆ ਕ੍ਰਿਏਟਰ ਕਾਇਮ ਹੋ ਗਏ ਹਨ ਜੋ ਬਾਕਾਇਦਾ ਸਟਾਫ ਰੱਖ ਕੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਪ੍ਰਾਜੈਕਟਾ ’ਤੇ ਕੰਮ ਕਰ ਰਹੇ ਹਨ। ਅਜਿਹੇ ’ਚ ਕੋਈ ਵੀ ਲੈਪਟਾਪ ’ਤੇ ‘ਭਰੋਸੇਯੋਗ’ ਡੀਪਫੇਕ ਬਣਾ ਸਕਦਾ ਹੈ।

-ਵਿਜੇ ਕੁਮਾਰ


author

Harpreet SIngh

Content Editor

Related News