CM ਮਾਨ ਨੇ ਅਸਮਾਨ ਵਿਚ ਵੀ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਚਾਰ, ਲਗਾਈ ਇਹ ਜੁਗਤ

Friday, Apr 19, 2024 - 12:15 PM (IST)

ਚੰਡੀਗੜ੍ਹ (ਰਮਨਜੀਤ ਸਿੰਘ): ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਰਕਾਰ ਦੇ ਕੰਮਕਾਜ ਬਾਰੇ ਫੀਡਬੈਕ ਲੈਣ ਅਤੇ ਲੋਕਾਂ ਨਾਲ ਗੱਲਬਾਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਸਰਕਾਰ ਦੇ ਕੰਮਕਾਜ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ? ਇਸ ਦੇ ਲਈ ਹਰ ਵਿਆਕਤੀ ਤੋਂ ਸੁਝਾਅ ਵੀ ਲੈਂਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਲਈ ਹਰ ਜਗ੍ਹਾਂ ਪ੍ਰਚਾਰ ਦਾ ਮੌਕਾ ਵੀ ਨਹੀਂ ਛੱਡਦੇ, ਭਾਵੇਂ ਉਹ ਆਸਮਾਨ ਵਿਚ 30-40 ਹਜ਼ਾਰ ਫੁਟ ਉਚਾਈ ’ਤੇ ਉਡਦਾ ਜਹਾਜ ਹੀ ਕਿਉਂ ਨਾ ਹੋਵੇ। ਕੁਝ ਅਜਿਹਾ ਹੀ ਹੋਇਆ ਬੀਤੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਜਰਾਤ ਦੇ ਭਰੁਚ ਲੋਕਸਭਾ ਖੇਤਰ ਵਿਚ ਚੋਣ ਪ੍ਰਚਾਰ ਕਰਕੇ ਪਰਤ ਰਹੇ ਸਨ। ਡੇਢ ਘੰਟੇ ਦੀ ਇਸ ਉਡਾਣ ਵਿਚ ਨਾ ਸਿਰਫ਼ ਲਗਭਗ ਸਾਰੇ ਯਾਤਰੀਆਂ ਨੇ ਮੁੱਖ ਮੰਤਰੀ ਨਾਲ ਆਪਣੀਆਂ ਤਸਵੀਰਾਂ ਕਰਵਾਈਆਂ, ਸਗੋਂ ਮੁੱਖ ਮੰਤਰੀ ਨੇ ਲਗਭਗ ਹਰ ਯਾਤਰੀ ਨਾਲ ਉਨ੍ਹਾਂ ਦੀ ਸੀਟ ’ਤੇ ਪਹੁੰਚਕੇ ਗੱਲਬਾਤ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਕੁਲਤਾਰ ਸੰਧਵਾਂ ਤੇ ਲਾਲਜੀਤ ਭੁੱਲਰ ਸਮੇਤ 25 'ਆਪ' ਆਗੂਆਂ ਬਾਰੇ ਅਦਾਲਤ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰਾ ਮਾਮਲਾ

ਹੋਇਆ ਇਹ ਕਿ ਗੁਜਰਾਤ ਦੇ ਭਰੁਚ ਇਲਾਕੇ ਵਿਚ ਪ੍ਰਚਾਰ ਤੋਂ ਬਾਅਦ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਅਹਿਮਦਾਬਾਦ ਤੋਂ ਲਗਭਗ 10 ਵਜੇਂ ਇੰਡੀਗੋ ਦੀ ਚੰਡੀਗੜ੍ਹ ਦੇ ਲਈ ਫਲਾਈਟ 6ਈ-6505 ਲਈ। ਟੇਕਆਫ਼ ਦੇ ਦੌਰਾਨ ਹੀ ਪਾਈਲਟ ਵੱਲੋਂ ਫਲਾਈਟ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੌਜੂਦ ਹੋਣ ਸਬੰਧੀ ਅਨਾਊਂਸਮੈਂਟ ਕੀਤੀ ਗਈ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਕੁਝ ਯਾਤਰੀ ਮੁੱਖਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਣ ਦੇ ਲਈ ਉਨ੍ਹਾਂ ਦੀ ਸੀਟ ’ਤੇ ਪਹੁੰਚੇ ਅਤੇ ਸੀ.ਐੱਮ. ਨੇ ਵੀ ਪੂਰੇ ਗਰਮਜ਼ੋਸ਼ੀ ਨਾਲ ਉਨ੍ਹਾਂ ਨਾਲ ਮੁਲਾਕਾਤ ਕੀਤੀ, ਪਰ ਜਹਾਜ ਦੇ ਸਟਾਫ਼ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਖੱੜ੍ਹੇ ਹੋ ਕੇ ਸਾਰਿਆਂ ਨੂੰ ਆਪਣੀ ਸੀਟ ’ਤੇ ਬੈਠੇ ਰਹਿਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਹਰੇਕ ਯਾਤਰੀ ਨਾਲ ਖ਼ੁਦ ਆ ਕੇ ਮਿਲਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਜਹਾਜ਼ ਵਿਚ ਬੈਠੇ 250 ਦੇ ਕਰੀਬ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੰਜਾਬ ਸਰਕਾਰ ਦੇ ਕੰਮਕਾਜ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਫੀਡਬੈਕ ਲਿਆ।

ਇਸ ਦੌਰਾਨ ਬੰਗਾ ਦੀ ਵਸਨੀਕ ਇੱਕ ਐੱਨ.ਆਰ.ਆਈ ਔਰਤ ਨੇ ਮੁੱਖ ਮੰਤਰੀ ਨੂੰ ਸਰਕਾਰੀ ਕੰਮਾਂ ਵਿਚ ਐੱਨ.ਆਰ.ਆਈਜ਼ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਸੁਖਾਲਾ ਕਰਨ ਦੀ ਬੇਨਤੀ ਕੀਤੀ। ਉਕਤ ਔਰਤ ਨੇ ਕਿਹਾ ਕਿ ਐੱਨ.ਆਰ.ਆਈਜ਼. ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਅਤੇ ਸਰਕਾਰ ਵੱਲੋਂ ਪੰਜਾਬ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲੇ ਜ਼ਰੂਰ ਸਾਰਥਕ ਸਾਬਤ ਹੋਣਗੇ।

ਇਕ ਨੌਜਵਾਨ ਯਾਤਰੀ ਨੇ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਪਰ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਿਆਂ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੂੰ ਪਾਸੇ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਉਕਤ ਨੌਜਵਾਨ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਹਰ ਕਿਸੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਹ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੋਵਾਂ ਵਿਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਹੈ।

ਇਸ ਤੋਂ ਬਾਅਦ ਮਾਪਿਆਂ ਦੀ ਮਰਜ਼ੀ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਫੀਸ ਦੇ ਸਰਕਾਰੀ ਸਕੂਲ ਜਾਂ ਫੀਸ ਭਰ ਕੇ ਪ੍ਰਾਈਵੇਟ ਸਕੂਲ ਵਿਚ ਭੇਜਣ। ਅਜਿਹਾ ਨਾ ਹੋਵੇ ਕਿ ਜੇਕਰ ਕਿਸੇ ਬੱਚੇ ਦੇ ਮਾਪੇ ਸਕੂਲ ਦੀਆਂ ਮਹਿੰਗੀਆਂ ਫੀਸਾਂ ਅਦਾ ਕਰਨ ਦੇ ਸਮਰੱਥ ਨਹੀਂ ਹਨ, ਤਾਂ ਉਸ ਬੱਚੇ ਨੂੰ ਉੱਚ ਪੱਧਰੀ ਸਿੱਖਿਆ ਨਾ ਮਿਲੇ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਵਿਰੋਧ ਮਗਰੋਂ ਜਾਣੋ ਕੀ ਕੁਝ ਬੋਲੇ ਹੰਸ ਰਾਜ ਹੰਸ (ਵੀਡੀਓ)

ਇਸ ਦੇ ਨਾਲ ਹੀ ਪੰਜਾਬ ਦੇ ਇਕ ਸਨਅਤਕਾਰ ਨੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਸਰਕਾਰ ਦੇ ਇਰਾਦੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਸਿਆਸੀ ਪੱਧਰ ’ਤੇ ਬਣਾਈਆਂ ਜਾ ਰਹੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਇਸੇ ਨੀਅਤ ਨਾਲ ਲਾਗੂ ਕੀਤਾ ਜਾਵੇ ਤਾਂ ਹਰ ਹਾਲ ਪੰਜਾਬ ਤਰੱਕੀ ਕਰੇਗਾ।

ਉਨ੍ਹਾਂ ਸੁਝਾਅ ਦਿੱਤਾ ਕਿ ਸਥਾਨਕ ਪੱਧਰ ’ਤੇ ਵੀ ਰਾਜਨੀਤਿਕ ਲੋਕਾਂ ਨੂੰ ਸਰਕਾਰੀ ਪ੍ਰਣਾਲੀ ਦੇ ਕੰਮਕਾਜ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਆਖਦੇ ਰਹਿਣਾ ਚਾਹੀਦਾ ਹੈ। ਯਾਤਰੀਆਂ ਨੂੰ ਮਿਲਣ ਦਾ ਇਹ ਸਿਲਸਿਲਾ ਲਗਭਗ ਚੰਡੀਗੜ੍ਹ ਪਹੁੰਚਣ ਤੱਕ ਜਾਰੀ ਰਿਹਾ ਕਿਉਂਕਿ ਹਰ ਯਾਤਰੀ ਫਲਾਈਟ ਵਿਚ ਮੁੱਖ ਮੰਤਰੀ ਨਾਲ ਫੋਟੋ ਖਿਚਵਾਉਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News