ਜੇਲ ''ਚ ਕੈਦ ਕੀਤੀਆਂ ਯੂ. ਏ. ਈ. ''ਰਾਜਕੁਮਾਰੀਆਂ'', ਜਾਣੋ ਕਿਉਂ!

06/25/2017 1:28:47 PM

ਬੈਲਜੀਅਮ— ਬੈਲਜੀਅਮ ਦੀ ਇਕ ਅਦਾਲਤ ਨੇ ਸੰਯੁਕਤ ਅਰਬ ਅਮੀਰਾਤ ਦੀਆਂ 8 ਰਾਜਕੁਮਾਰੀਆਂ ਨੂੰ ਮਨੁੱਖੀ ਤਸਕਰੀ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ 15-15 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਨ੍ਹਾਂ ਰਾਜਕੁਮਾਰੀਆਂ 'ਤੇ 1,85,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਰਾਜਕੁਮਾਰੀਆਂ 'ਤੇ 20 ਨੌਕਰਾਣੀਆਂ ਨੂੰ ਗੁਲਾਮਾਂ ਵਾਂਗ ਰੱਖਣ ਦੇ ਦੋਸ਼ ਸਨ। ਇਹ ਨੌਕਰਾਣੀਆਂ ਉਨ੍ਹਾਂ ਦੇ ਨਾਲ 2008 ਵਿਚ ਬਰਸਲਜ਼ ਯਾਤਰਾਂ 'ਤੇ ਗਈਆਂ ਸਨ। ਹਾਲਾਂਕਿ ਅਦਾਲਤ ਨੇ ਅਣਮਨੁੱਖੀ ਵਿਵਹਾਰ ਦੇ ਗੰਭੀਰ ਦੋਸ਼ ਤੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਰਾਜਕੁਮਾਰੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਬਚਾਅ ਪੱਖ ਦੇ ਵਕੀਲ ਸਟੀਫੇਨ ਮੋਨੋਡ ਨੇ ਕਿਹਾ ਕਿ ਉਨ੍ਹਾਂ ਨੇ ਮੁਅੱਕਲਾਂ ਅੱਗੇ ਅਪੀਲ ਕਰਨ ਦਾ ਫੈਸਲਾ ਨਹੀਂ ਕੀਤਾ ਹੈ। ਫੈਸਲਾ ਸੁਣਾਏ ਜਾਣ ਸਮੇਂ ਸ਼ੇਖ ਹਾਮਦਾ ਅਲ ਨਾਹਯਾਨ ਅਤੇ ਉਨ੍ਹਾਂ ਦੀਆਂ ਸੱਤ ਬੇਟੀਆਂ ਅਦਾਲਤ ਵਿਚ ਹੀ ਮੌਜੂਦ ਸਨ। 
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਨੌਕਰਾਣੀ ਹੋਟਲ ਤੋਂ ਭੱਜ ਗਈ। ਰਾਜਕੁਮਾਰੀਆਂ ਨੇ ਹੋਟਲ ਵਿਚ ਇਕ ਪੂਰਾ ਲਗਜ਼ਰੀ ਫਲੋਰ ਕਿਰਾਏ 'ਤੇ ਲੈ ਰੱਖਿਆ ਸੀ। ਨੌਕਰਾਣੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ 24 ਘੰਟਿਆਂ ਤੱਕ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਫਰਸ਼ 'ਤੇ ਸੌਣਾ ਪੈਂਦਾ ਸੀ। ਉਨ੍ਹਾਂ ਨੂੰ ਹਫਤੇ ਵਿਚ ਇਕ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਬਚਿਆ ਹੋਇਆ ਖਾਣਾ ਖਾਣ ਨੂੰ ਮਜ਼ਬੂਰ ਕੀਤਾ ਜਾਂਦਾ ਸੀ। ਇਸ ਮਾਮਲੇ ਵਿਚ 9 ਸਾਲਾਂ ਬਾਅਦ ਫੈਸਲਾ ਆਇਆ ਹੈ। 
ਇਸ ਮਾਮਲੇ ਦੀ ਪੈਰਵੀ ਕਰਨ ਵਾਲੇ ਬੈਲਜੀਅਮ ਮਨੁੱਖੀ ਅਧਿਕਾਰ ਸਮੂਹ ਮਾਰੀਆ ਨੇ ਇਕ ਬਿਆਨ ਜਾਰੀ ਕਰਕੇ ਇਸ ਫੈਸਲੇ ਨੂੰ ਮਨੁੱਖੀ ਤਸਕਰੀ ਦੇ ਖਿਲਾਫ ਲੜਾਈ ਵਿਚ ਮਹੱਤਵਪੂਰਨ ਕਦਮ ਦੱਸਿਆ ਹੈ। ਸੁਣਵਾਈ ਦੌਰਾਨ ਮੌਜੂਦ ਰਹਿਣ ਵਾਲੇ ਅਪ੍ਰਵਾਸੀ ਮਜ਼ਦੂਰਾਂ 'ਤੇ ਹਿਊਮਨ ਰਾਈਟਸ ਵਾਚ ਦੇ ਮਾਹਰ ਨਿਕੋਲਸ ਮੈਗੀਹਨ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਇਹ ਪਾਬੰਦੀਸ਼ੁਦਾ ਹੈ ਪਰ ਘਰ ਵਿਚ ਨੌਕਰਾਣੀਆਂ ਨੂੰ ਦਾਸੀਆਂ ਬਣਾ ਕੇ ਰੱਖਣ ਦੀ ਪਰੰਪਰਾ ਅਜੇ ਵੀ ਖਾੜੀ ਦੇਸ਼ਾਂ ਵਿਚ ਮੌਜੂਦ ਹੈ।


Kulvinder Mahi

News Editor

Related News